ਮਾਮੂਲੀ ਬਰਸਾਤ ਨਾਲ ਹੀ ਨਰਕ ਦਾ ਰੂਪ ਧਾਰਨ ਕਰ ਲੈਂਦੀ ਹੈ ਸ਼ਹਿਰ ਦੀ ਸਬਜ਼ੀ ਮੰਡੀ

Wednesday, Jun 13, 2018 - 01:38 AM (IST)

ਮਾਮੂਲੀ ਬਰਸਾਤ ਨਾਲ ਹੀ ਨਰਕ ਦਾ ਰੂਪ ਧਾਰਨ ਕਰ ਲੈਂਦੀ ਹੈ ਸ਼ਹਿਰ ਦੀ ਸਬਜ਼ੀ ਮੰਡੀ

ਗੁਰਦਾਸਪੁਰ,   (ਵਿਨੋਦ)–  ਲਗਭਗ 2 ਕਰੋਡ਼ ਹਰ ਸਾਲ ਮਾਰਕੀਟ ਫੀਸ ਅਦਾ ਕਰਨ ਵਾਲੀ ਗੁਰਦਾਸਪੁਰ ਦੀ ਸਬਜ਼ੀ ਮੰਡੀ ’ਚ ਆਡ਼੍ਹਤੀ ਅਤੇ ਹੋਰ ਲੋਕ ਨਰਕ ਭਰਿਅਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਇੰਨੀ ਜ਼ਿਆਦਾ ਆਵਾਜਾਈ ਹੋਣ ਦੇ ਬਾਵਜੂਦ ਇਸ ਸਬਜ਼ੀ ਮੰਡੀ ਦੇ ਵਿਕਾਸ, ਸੁਧਾਰ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਗੁਰਦਾਸਪੁਰ ’ਚ ਕੋਈ ਦਿਲਚਸਪੀ ਦਿਖਾਈ ਨਹੀਂ ਦਿੰਦੀ। 
 ਕੀ ਹਾਲਤ ਹੈ ਸਬਜ਼ੀ ਮੰਡੀ ਗੁਰਦਾਸਪੁਰ ਦੀ
 8 ਏਕਡ਼ ’ਚ ਫੈਲੀ ਇਸ ਸਬਜ਼ੀ ਮੰਡੀ ’ਚ ਲਗਭਗ 35 ਆਡ਼੍ਹਤੀ ਹਨ ਅਤੇ ਰੋਜ਼ ਲਗਭਗ 3000 ਵਪਾਰੀ ਅਤੇ ਆਮ ਲੋਕ ਇਸ ਮੰਡੀ ’ਚ ਆਉਂਦੇ ਹਨ। ਜਦੋਂ ਹਲਕੀ ਜਿਹੀ ਬਰਸਾਤ ਵੀ ਹੁੰਦੀ ਹੈ ਤਾਂ ਇਹ ਸਬਜ਼ੀ ਮੰਡੀ ਨਰਕ ਦਾ ਰੂਪ ਧਾਰਨ  ਕਰ ਲੈਂਦੀ ਹੈ। ਬੀਤੀ ਰਾਤ ਇਲਾਕੇ ਵਿਚ ਹੋਈ ਬਰਸਾਤ ਦਾ ਅਸਰ ਇਸ  ਮੰਡੀ ਵਿਚ ਅੱਜ ਸਵੇਰੇ ਵੇਖਣ ਨੂੰ ਮਿਲਿਆ ਅਤੇ ਹਰ ਥਾਂ ਚਿੱਕੜ ਹੀ ਚਿੱਕੜ  ਸੀ। ਮੰਡੀ ’ਚ ਆਏ ਲੋਕ ਪੈਂਟ ਅਤੇ ਪਜਾਮਾ ਆਦਿ ਫੋਲਡ ਕੀਤੇ ਦਿਖਾਈ ਦਿੱਤੇ।  ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 
 ਕੀ ਸਥਿਤੀ ਹੈ  ਮੰਡੀ ਦੀਆਂ ਸਡ਼ਕਾਂ ਦੀ
  ਇਸ ਮੰਡੀ ਦੀ ਇਕ ਵੀ ਸਡ਼ਕ ਸਹੀ ਨਹੀਂ ਸੀ, ਸਾਰੀਆਂ ਸਡ਼ਕਾਂ ਟੁੱਟੀਅਾਂ ਹੋਈਅਾਂ ਸਨ ਅਤੇ ਜ਼ਿਆਦਾਤਰ ਸਡ਼ਕਾਂ ’ਤੇ ਪਾਣੀ ਖਡ਼੍ਹਾ ਸੀ, ਜਿਸ ਦਾ ਮੁੱਖ ਕਾਰਨ ਸਬਜ਼ੀ ਮੰਡੀ ਤੋਂ ਪਾਣੀ ਦਾ ਨਿਕਾਸ ਨਾ ਹੋਣਾ ਸੀ।  ਲੋਕਾਂ ਅਨੁਸਾਰ ਸਡ਼ਕਾਂ ਦੀ ਮੁਰੰਮਤ ਦੀ ਗੱਲ ਸਾਬਕਾ ਸਰਕਾਰ ਸਮੇਂ ਵੀ ਕੀਤੀ ਜਾਂਦੀ ਸੀ ਅਤੇ ਮੌਜੂਦਾ ਸਰਕਾਰ ਵਿਚ ਵੀ ਇਹ ਵਾਅਦਾ ਕੀਤਾ ਜਾ ਰਿਹਾ ਹੈ।
 ਕੀ ਸਥਿਤੀ ਹੈ ਬਾਥਰੂਮਾਂ ਦੀ
 ਇਸ ਸਬਜ਼ੀ ਮੰਡੀ ’ਚ ਲੋਕਾਂ ਦੀ ਸਹੂਲਤ ਲਈ ਬਾਥਰੂਮ ਜ਼ਰੂਰ ਬਣਾਏ ਗਏ ਹਨ ਪਰ ਇਨ੍ਹਾਂ ਬਾਥਰੂਮ ਦਾ ਪ੍ਰਯੋਗ ਕਰਨ ਵਾਲਾ ਬੇਹੋਸ਼ੀ ਦੀ ਹਾਲਤ ’ਚ ਹੀ ਬਾਹਰ ਆਉਂਦਾ ਹੈ। ਸਾਰੀਆਂ ਸੀਟਾਂ ਟੁੱਟ ਚੁੱਕੀਅਾਂ ਹਨ ਅਤੇ ਸਫਾਈ ਨਾਂ ਦੀ ਕੋਈ ਚੀਜ਼ ਇਥੇ ਦਿਖਾਈ ਨਹੀਂ ਦਿੰਦੀ। ਲੋਕਾਂ ਅਨੁਸਾਰ ਇਥੇ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ।
 ਕੀ ਕਹਿੰਦੇ ਹਨ ਮੰਡੀ ਦੇ ਸਾਬਕਾ ਪ੍ਰਧਾਨ ਰਵੀ ਮਹਾਜਨ
  ਮੰਡੀ ਦੇ ਸਾਬਕਾ ਪ੍ਰਧਾਨ ਰਵੀ ਮਹਾਜਨ ਅਨੁਸਾਰ ਸਮੇਂ-ਸਮੇਂ ’ਤੇ ਜਗ ਬਾਣੀ ਸਾਡੀ ਆਵਾਜ਼ ਬੁਲੰਦ ਕਰਦੀ ਆਈ ਹੈ ਪਰ ਪਤਾ ਨਹੀਂ ਕਿਉਂ ਜ਼ਿਲਾ ਪ੍ਰਸ਼ਾਸਨ ਇਸ ਸਬਜ਼ੀ ਮੰਡੀ ਦੀ ਹਾਲਤ ਵੱਲ ਧਿਅਾਨ ਨਹੀਂ ਦੇ ਰਿਹਾ। 
ਕੀ ਕਹਿੰਦੇ ਹਨ ਸਬਜ਼ੀ ਮੰਡੀ ਆਡ਼੍ਹਤੀਅਾ ਐਸੋ. ਦੇ ਪ੍ਰਧਾਨ ਨਰੇਸ਼ ਡਿੰਪਾ
 ਇਸ ਸਬੰਧੀ ਜਦੋਂ ਸਬਜ਼ੀ ਮੰਡੀ ਦੇ ਮੌਜੂਦਾ ਪ੍ਰਧਾਨ ਨਰੇਸ਼ ਡਿੰਪਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਸਕੱਤਰ ਕੁਲਵਿੰਦਰ ਸੈਣੀ ਨਾਲ ਇਸ ਸਬੰਧੀ ਕੁਝ ਦਿਨ ਪਹਿਲਾਂ ਹੀ ਗੱਲ ਹੋਈ ਹੈ। ਸਬਜ਼ੀ ਮੰਡੀ ਦੀਆਂ ਸਡ਼ਕਾਂ ਆਦਿ ਦੇ ਨਿਰਮਾਣ ਸੰਬੰਧੀ ਜਲਦੀ ਹੀ ਟੈਂਡਰ ਲਾਏ  ਜਾ ਰਹੇ ਹਨ, ਜਿਸ ਨਾਲ ਸੁਧਾਰ ਹੋਵੇਗਾ।


Related News