ਖੁਸ਼ੀਆਂ ’ਚ ਪਏ ਮੌਤ ਦੇ ਵੈਣ, ਭਰਾ ਨੂੰ ਰੱਖੜੀ ਬੰਨ੍ਹ ਕੇ ਆ ਰਹੀ ਭੈਣ ਤੇ ਪਤੀ ਦੀ ਹਾਦਸੇ ’ਚ ਮੌਤ

Friday, Aug 12, 2022 - 06:40 PM (IST)

ਬਟਾਲਾ (ਸਾਹਿਲ) : ਭਰਾ ਨੂੰ ਰੱਖੜੀ ਬੰਨ੍ਹ ਕੇ ਪਰਤ ਰਹੀ ਭੈਣ ਅਤੇ ਉਸਦੇ ਪਤੀ ਦੀ ਦਰਦਨਾਕ ਹਾਦਸੇ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ ਜਦਕਿ 2 ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਬੀਤੇ ਕੱਲ ਗੁਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਹਰਚੋਵਾਲ ਆਪਣੇ ਪਤੀ ਸਤਨਾਮ ਸਿੰਘ ਅਤੇ ਦੋ ਬੱਚਿਆਂ ਪਰਨੀਤ ਕੌਰ (7) ਅਤੇ ਗੁਰਮੀਤ ਸਿੰਘ (4) ਨਾਲ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਪਿੰਡ ਭੈਣੀ ਖੁਰਦ ਵਿਖੇ ਗਈ ਸੀ। ਇਸ ਦੌਰਾਨ ਜਦੋਂ ਇਹ ਸਾਰੇ ਜਣੇ ਅੱਜ ਆਪਣੀ ਸਵਿਫਟ ਕਾਰ ਨੰ ਐੱਚ.ਆਰ.10.ਐੱਲ.6669 ’ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਆ ਰਹੇ ਸਨ ਤਾਂ ਜਦੋਂ ਇਹ ਆਪਣੇ ਘਰ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਪਹੁੰਚੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਜਾ ਟਕਰਾਈ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਮਿਲੀ ਬੱਚੀ ਦੀ ਲਾਸ਼, CCTV ’ਚ ਨਜ਼ਰ ਆਈ ਸ਼ੱਕੀ ਜਨਾਨੀ ਨੇ ਉਡਾਏ ਹੋਸ਼

ਇਹ ਵੀ ਪਤਾ ਲੱਗਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਹੀ ਉੱਡ ਗਏ ਅਤੇ ਦੋਵੇਂ ਮੀਆਂ-ਬੀਵੀ ਦੀ ਮੌਕੇ ’ਤੇ ਹੀ ਦਰਦਨਾਕ ਢੰਗ ਨਾਲ ਮੌਤ ਹੋ ਗਈ। ਜਦਕਿ ਕਾਰ ਵਿਚ ਸਵਾਰ ਦੋਵੇਂ ਬੱਚਿਆਂ ਨੂੰ ਆਸ ਪਾਸ ਦੇ ਲੋਕਾਂ ਨੇ ਬਾਹਰ ਕੱਢਿਆ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਕਤ ਦੋਵਾਂ ਬੱਚਿਆਂ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਪਟਿਆਲਾ ਦੇ ਡੀ. ਐੱਸ. ਪੀ. ’ਤੇ ਜਬਰ-ਜ਼ਿਨਾਹ ਦਾ ਦੋਸ਼, ਪੀੜਤਾ ਦੇ ਖੁਲਾਸਿਆਂ ਨੇ ਉਡਾਏ ਹੋਸ਼

ਹਾਦਸੇ ਦੀ ਸੂਚਨਾ ਮਿਲਣ ’ਤੇ ਤੁਰੰਤ ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਏ.ਐੱਸ.ਆਈ ਵਿਜੈ ਕੁਮਾਰ ਅਤੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਇਸ ਸਬੰਧੀ ਪੁਲਸ ਨੇ 174 ਸੀ. ਆਰ.ਪੀ.ਸੀ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਰੱਖੜੀ ਬਨਵਾਉਣ ਜਾ ਰਹੇ ਇਕਲੌਤੇ ਭਰਾ ਦੀ ਹਾਦਸੇ ’ਚ ਮੌਤ, ਵੀਰ ਦੀ ਉਡੀਕ ਕਰਦੀ ਰਹਿ ਗਈ ਭੈਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News