ਪੰਜਾਬ ਵਿਚ SIR ਦਾ ਸ਼ਡਿਊਲ ਜਾਰੀ
Thursday, May 14, 2026 - 06:52 PM (IST)
ਚੰਡੀਗੜ੍ਹ: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਹੋਣ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ’ਚ SIR ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੰਜਾਬ ਦੀ ਮੁੱਖ ਚੋਣ ਅਫ਼ਸਰ ਅਨੰਦਿਤਾ ਮਿਸ਼ਰਾ ਨੇ ਸੂਬੇ ਵਿਚ SIR ਪ੍ਰਕਿਰਿਆ ਦਾ ਪੂਰਾ ਸ਼ਡਿਊਲ ਸਾਂਝਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ’ਚ 15 ਜੂਨ ਤੋਂ 24 ਜੂਨ ਤੱਕ ਐੱਸ ਆਈ ਆਰ ਲਈ ਵਿਸ਼ੇਸ਼ ਟਰੇਨਿੰਗ ਦਾ ਪ੍ਰੋਗਰਾਮ ਚੱਲੇਗਾ ਅਤੇ 25 ਜੂਨ ਤੋਂ ਬੂਥ ਲੈਵਲ ਅਫ਼ਸਰਾਂ ਵੱਲੋਂ ਘਰੋਂ ਘਰ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋਵੇਗਾ ਜੋ ਕਿ 24 ਜੁਲਾਈ ਤੱਕ ਚੱਲੇਗਾ। ਉਸ ਮਗਰੋਂ ਇਤਰਾਜ਼ ਦਾ ਨਿਪਟਾਰਾ 31 ਜੁਲਾਈ ਤੋਂ 28 ਜੁਲਾਈ ਦਰਮਿਆਨ ਹੋਵੇਗਾ ਅਤੇ ਆਖ਼ਰੀ ਪ੍ਰਕਾਸ਼ਨਾਂ ਪਹਿਲੀ ਅਕਤੂਬਰ ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ 2 ਕਰੋੜ 14 ਲੱਖ 57 ਹਜ਼ਾਰ ਵੋਟਰ ਰਜਿਸਟਰਡ ਹਨ। ਕੱਲ੍ਹ ਸਾਰੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਹਰ ਬੂਥ ਲਈ ਆਪਣਾ ਇਕ ਏਜੰਟ ਨਿਯੁਕਤ ਕਰ ਕੇ ਚੋਣ ਕਮਿਸ਼ਨ ਨੂੰ ਉਨ੍ਹਾਂ ਦੀ ਸੂਚੀ ਦੇਣ, ਤਾਂ ਜੋ SIR ਦਾ ਕੰਮ ਪਾਰਦਰਸ਼ੀ ਢੰਗ ਨਾਲ ਹੋਵੇ।
SIR ਦਾ ਮੰਤਵ ਹੈ ਕਿ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਤੋਂ ਬਾਹਰ ਨਾ ਰਹੇ ਤੇ ਕੋਈ ਵੀ ਅਯੋਗ ਵਿਅਕਤੀ ਵੋਟਰ ਸੂਚੀ ਵਿਚ ਸ਼ਾਮਲ ਨਾ ਰਹੇ।
