ਅੰਦੋਲਨ ’ਚ ਗਿਆਨ ਦਾ ਪ੍ਰਵਾਹ, ਕਿਤੇ ਚੱਲ ਰਹੀ ਲਾਇਬ੍ਰੇਰੀ ਤਾਂ ਕਿਤੇ ਬੱਚਿਆਂ ਨੂੰ ਪੜ੍ਹਾ ਰਹੇ ਵਾਲੰਟੀਅਰ

Wednesday, Jan 06, 2021 - 10:23 AM (IST)

ਅੰਦੋਲਨ ’ਚ ਗਿਆਨ ਦਾ ਪ੍ਰਵਾਹ, ਕਿਤੇ ਚੱਲ ਰਹੀ ਲਾਇਬ੍ਰੇਰੀ ਤਾਂ ਕਿਤੇ ਬੱਚਿਆਂ ਨੂੰ ਪੜ੍ਹਾ ਰਹੇ ਵਾਲੰਟੀਅਰ

ਸਿੰਘੂ ਬਾਰਡਰ (ਰਮਨਜੀਤ) : ਕੇਂਦਰ ਸਰਕਾਰ ਵਲੋਂ 2020 ਵਿਚ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਕਰੀਬ 40 ਦਿਨਾਂ ਤੋਂ ਮੋਰਚੇ ਲਾ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਨਾ ਸਿਰਫ ਇਨ੍ਹਾਂ ਖੇਤੀ ਕਾਨੂੰਨਾਂ ਦੀ ਖਿਲਾਫਤ ਕਰ ਰਹੇ ਹਨ, ਸਗੋਂ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਪ੍ਰਦਰਸ਼ਨ ਦੇ ਨਾਲ-ਨਾਲ ਇੱਕ ਵੱਖਰੀ ਧਾਰਾ ਦਾ ਪ੍ਰਵਾਹ ਵੀ ਚੱਲ ਰਿਹਾ ਹੈ। ਇਹ ਹੈ ਗਿਆਨ ਦਾ ਪ੍ਰਵਾਹ।

ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਸਭ ਤੋਂ ਜ਼ਿਆਦਾ ਕਰੀਬ 60,000 ਬੱਚਿਆਂ ਦਾ ਜਨਮ ਭਾਰਤ ’ਚ ਹੋਇਆ : UNICEF

ਕਿਸਾਨ ਅੰਦੋਲਨ ਵਿਚ ਸ਼ਾਮਲ ਬਜ਼ੁਰਗ ਅਤੇ ਨੌਜਵਾਨ ਧਰਨਾ ਸਥਾਨ ’ਤੇ ਹੀ ਸਥਾਪਿਤ ਕੀਤੀਆਂ ਗਈਆਂ ਛੋਟੀਆਂ-ਛੋਟੀਆ ਲਾਇਬ੍ਰੇਰੀਆਂ ਤੋਂ ਲੈ ਕੇ ਕਿਤਾਬਾਂ ਪੜ੍ਹਕੇ ਆਪਣਾ ਖਾਲੀ ਸਮਾਂ ਬਤੀਤ ਕਰ ਰਹੇ ਹਨ, ਉਥੇ ਹੀ ਕੁਝ ਵਾਲੰਟੀਅਰਾਂ ਨੇ ਮਿਲ ਕੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਤੋਂ ਧਰਨਾ ਸਥਾਨ ’ਤੇ ਖਾਣ- ਪੀਣ ਦੇ ਲਾਲਚ ਵਿਚ ਪਹੁੰਚਣ ਵਾਲੇ ਜ਼ਰੂਰਤਮੰਦ ਅਤੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਪ੍ਰਦਰਸ਼ਨ ਵਿਚ ਪਹੁੰਚੇ ਹੋਏ ਜ਼ਿਆਦਾਤਰ ਕਿਸਾਨਾਂ ਨੂੰ ਇਸ ਤੋਂ ਪਹਿਲਾਂ ਟਵਿੱਟਰ ਬਾਰੇ ਜਾਣਕਾਰੀ ਨਹੀਂ ਸੀ ਪਰ ਕਿਸਾਨ ਪ੍ਰਦਰਸ਼ਨ ਲਈ ਸ਼ੁਰੂ ਕੀਤੀ ਗਏ ‘ਟਰੈਕਟਰ ਟੂ ਟਵਿੱਟਰ’ ਕੰਪੇਨ ਨੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਟਵੀਟ ਕਰਨਾ ਵੀ ਸਿਖਾ ਦਿੱਤਾ ਹੈ।

PunjabKesari

‘ਗਿਆਨ ਵਧਾਉਣ ਦੇ ਨਾਲ-ਨਾਲ ਸਿਰ ਦੀ ਮਾਲਿਸ਼ ਵੀ’

ਪੰਜਾਬ ਦੇ ਮਾਝਾ ਇਲਾਕੇ ਨਾਲ ਜੁੜੇ ਨੌਜਵਾਨਾਂ ਵਲੋਂ ਅੰਦੋਲਨ ਵਿਚ ਥੱਕੇ ਕਿਸਾਨਾਂ ਦੀ ਮਾਲਿਸ਼ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਕੇ ਅਸੀਂ ਸਭ ਦੀ ਮਾਂ ਮਤਲਬ ਜ਼ਮੀਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਾਰੇ ਵੱਡੇ, ਉਨ੍ਹਾਂ ਦੇ ਮਾਂ-ਬਾਪ ਵਾਂਗ ਹਨ ਅਤੇ ਉਨ੍ਹਾਂ ਦੇ ਥੱਕੇ ਸਰੀਰ ਨੂੰ ਤਰੋਤਾਜ਼ਾ ਕਰਨ ਲਈ ਹੀ ਮਾਲਿਸ਼ ਦੀ ਇਹ ਸੇਵਾ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਸਭ ਤੋਂ ਜ਼ਿਆਦਾ ਕਰੀਬ 60,000 ਬੱਚਿਆਂ ਦਾ ਜਨਮ ਭਾਰਤ ’ਚ ਹੋਇਆ : UNICEF

‘ਕੇ. ਐੱਫ. ਸੀ. ਮਤਲਬ ਕਿਸਾਨ ਫੂਡ ਕਾਰਨਰ’

ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਦੇ ਧਰਨਾ ਸਥਾਨ ’ਤੇ ਹੀ ਸਥਿਤ ਕੇ. ਐੱਫ. ਸੀ. ਨੂੰ ਕਿਸਾਨਾਂ ਨੇ ਆਪਣਾ ਬੈਨਰ ਲਾ ਕੇ ਕਿਸਾਨ ਫੂਡ ਕਾਰਨਰ ਬਣਾ ਦਿੱਤਾ ਹੈ।

PunjabKesari

‘ਪੰਜਾਬ ਦੇ ਅਧਿਆਪਕ ਪੜ੍ਹਾ ਰਹੇ ਗਰੀਬ ਬੱਚਿਆਂ ਨੂੰ’

ਕਹਿੰਦੇ ਹਨ ਕਿ ਇਕ ਵਾਰ ਜੋ ਅਧਿਆਪਕ ਬਣ ਜਾਵੇ, ਫਿਰ ਉਹ ਸਾਰੀ ਉਮਰ ਅਧਿਆਪਕ ਹੀ ਰਹਿੰਦਾ ਹੈ। ਭਾਵੇਂ ਹੀ ਉਹ ਕੋਈ ਹੋਰ ਕੰਮ ਕਿਉਂ ਨਾ ਕਰ ਰਿਹਾ ਹੋਵੇ। ਕਿਸਾਨ ਅੰਦੋਲਨ ਵਿਚ ਇਸ ਨੂੰ ਵੇਖਿਆ ਜਾ ਸਕਦਾ ਹੈ। ਪੰਜਾਬ ਦੇ ਅਨੇਕਾਂ ਅਧਿਆਪਕ ਯੂਨੀਅਨਾਂ ਦੇ ਨੁਮਾਇੰਦੇ ਅੰਦੋਲਨ ਵਿਚ ਸ਼ਾਮਲ ਤਾ ਐਕਟੀਵਿਸਟ ਦੇ ਤੌਰ ’ਤੇ ਹੋਏ ਪਰ ਆਪਣਾ ਅਧਿਆਪਕ ਧਰਮ ਨਹੀਂ ਭੁੱਲੇ। ਇੱਥੇ ਵੀ ਉਨ੍ਹਾਂ ਨੇ ਵਿੱਦਿਆ ਦੀ ਅਲਖ ਜਗਾ ਦਿੱਤੀ ਹੈ। ਅੰਦੋਲਨ ਵਿਚ ਹਿੱਸਾ ਲੈਣ ਆਏ ਅਧਿਆਪਕਾਂ ਨੇ ਇੱਥੇ ਬਕਾਇਦਾ ਸਕੂਲ ਸ਼ੁਰੂ ਕਰ ਦਿੱਤਾ ਹੈ ਅਤੇ ਆਸ-ਪਾਸ ਦੇ ਸਕੂਲ ਨਾ ਜਾਣ ਵਾਲੇ ਗਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਵਿਚ ਲੱਗੇ ਹਨ। ਰਘਬੀਰ ਸਿੰਘ ਭਵਾਨੀਗੜ੍ਹ ਹ ਮੁਤਾਬਕ ਉਹ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਆਪਣੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਾਥੀਆਂ ਨਾਲ ਕਿਸਾਨ ਅੰਦੋਲਨ ਵਿਚ ਪਹੁੰਚੇ ਹਨ। ਇੱਥੇ ਆ ਕੇ ਉਨ੍ਹਾਂ ਨੇ ਵੇਖਿਆ ਕਿ ਆਸਪਾਸ ਦੇ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਦੀ ਸੇਵਾ ਦੀ ਲੋੜ ਹੈ। ਰਘਬੀਰ ਨੇ ਕਿਹਾ ਕਿ ਅਸੀਂ ਆਪਸੀ ਸਲਾਹ-ਮਸ਼ਵਰਾ ਕਰ ਕੇ ਇਨ੍ਹਾਂ ਬੱਚਿਆਂ ਲਈ ਇੱਥੇ ਗਿਆਨ ਦੀ ਲੋਅ ਬਾਲਣ ਦਾ ਫ਼ੈਸਲਾ ਲਿਆ। ਉਨ੍ਹਾਂ ਮੁਤਾਬਕ ਗਰੀਬੀ ਜੇਕਰ ਹਨ੍ਹੇਰਾ ਹੈ ਤਾਂ ਅਨਪੜ੍ਹਤਾ ਅੰਨ੍ਹਾਪਨ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਸਭ ਤੋਂ ਜ਼ਿਆਦਾ ਕਰੀਬ 60,000 ਬੱਚਿਆਂ ਦਾ ਜਨਮ ਭਾਰਤ ’ਚ ਹੋਇਆ : UNICEF

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਗਰੀਬੀ ਦਾ ਹਨ੍ਹੇਰਾ ਤਾਂ ਨਹੀਂ ਖਤਮ ਕਰ ਸਕਦੇ ਪਰ ਅਨਪੜ੍ਹਤਾ ਦਾ ਹਨ੍ਹੇਰਾ ਤਾਂ ਦੂਰ ਕਰ ਹੀ ਸਕਦੇ ਹਾਂ। ਅਸੀਂ ਇੱਥੇ ਸ਼ਿਫਟਾਂ ਵਿਚ ਬੱਚਿਆਂ ਲਈ ਸਕੂਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅਧਿਆਪਕਾਂ ਦਾ ਇੱਕ ਗਰੁੱਪ ਵਾਪਸ ਜਾਵੇਗਾ ਤਾਂ ਦੂਜਾ ਗਰੁੱਪ ਆ ਕੇ ਉਨ੍ਹਾਂ ਦੀ ਥਾਂ ਲੈ ਲਵੇਗਾ। ਰਘਬੀਰ ਨੇ ਦੱਸਿਆ ਕਿ ਕੁਝ ਸਮਾਜਸੇਵੀ ਲੋਕਾਂ ਵਲੋਂ ਧਰਨਾ ਸਥਾਨ ’ਤੇ ਹੀ ਕੇ. ਐੱਫ. ਸੀ. ਸੈਂਟਰ ਕੋਲ ਇਹ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉੱਥੇ ਆਸ-ਪਾਸ ਦੇ ਝੁੱਗੀ-ਝੌਂਪੜੀਆਂ ਵਾਲੇ ਬੱਚਿਆਂ ਨੂੰ ਛੋਟੇ-ਛੋਟੇ ਗਰੁੱਪ ਬਣਾ ਕੇ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਕੇਵਲ ਕਾਇਦੇ ਹੀ ਨਹੀਂ ਪੜ੍ਹਾਏ ਜਾ ਰਹੇ, ਸਗੋਂ ਉੱਠਣ- ਬੈਠਣ, ਖਾਣ-ਪੀਣ ਅਤੇ ਗੱਲ ਕਰਨ ਦੇ ਤੌਰ-ਤਰੀਕੇ ਵੀ ਸਿਖਾਏ ਜਾ ਰਹੇ ਹਨ। ਸਰਕਾਰੀ ਅਧਿਆਪਕ ਪ੍ਰੇਮ ਸਿੰਘ ਨੇ ਕਿਹਾ ਕਿ ਭਾਂਵੇਂ ਹੀ ਕੁਝ ਦਿਨਾਂ ਵਿਚ ਇਹ ਅੰਦੋਲਨ ਖਤਮ ਹੋ ਜਾਵੇਗਾ ਪਰ ਸਿੱਖਿਆ ਦੀ ਜੋ ਲੋਅ ਅਸੀਂ ਇਨ੍ਹਾਂ ਬੱਚਿਆਂ ਦੇ ਮਨ ਵਿਚ ਬਾਲ ਕੇ ਜਾਵਾਂਗੇ, ਉਹ ਹਮੇਸ਼ਾ ਬਲਦੀ ਰਹੇਗੀ।

‘ਧਰਨੇ ’ਤੇ ਹੀ ਚੱਲ ਰਹੀਆਂ ਹਨ ਲਾਇਬ੍ਰੇਰੀਆਂ’

ਕਿਸਾਨ ਮੋਰਚੇ ਨੂੰ ਲੰਬਾ ਜਾਂਦਾ ਵੇਖ ਵੱਖ -ਵੱਖ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਪ੍ਰਦਰਸ਼ਨ ਦੌਰਾਨ ਹੀ ਲੋਕਾਂ ਦੀ ਗਿਆਨ ਦੀ ਭੁੱਖ ਮਿਟਾਉਣ ਬਾਰੇ ਵੀ ਸੋਚਿਆ ਅਤੇ ਵੱਖ-ਵੱਖ ਥਾਂਵਾਂ ’ਤੇ ਆਪਣੀ ਸਮਰੱਥਾ ਮੁਤਾਬਕ ਕਿਤਾਬਾਂ ਦਾ ਇੰਤਜ਼ਾਮ ਕਰ ਕੇ ਲਾਇਬ੍ਰੇਰੀਆਂ ਸਥਾਪਿਤ ਕਰ ਦਿੱਤੀਆਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਨਾਲ-ਨਾਲ ਰਾਈਜ਼ ਟੂ ਹੈਲਪ, ਸਿੱਖ ਸਿਆਸਤ ਅਤੇ ਕੁਝ ਨੌਜਵਾਨਾਂ ਵਲੋਂ ਪ੍ਰਦਰਸ਼ਨ ਵਾਲੀ ਥਾਂ ’ਤੇ ਹੀ ਬਣਾਈ ਗਈ ਸਾਂਝੀ ਸੱਥ ਵਿਚ ਵੀ ਕਿਤਾਬਾਂ ਦੀ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਕੀਤਾ ਸਲਾਮ

ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਗੁਰਿੰਦਰ ਆਜ਼ਾਦ ਨੇ ਕਿਹਾ ਕਿ ਕਿਸਾਨ ਅੰਦੋਲਨ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਸਗੋਂ ਇਹ ਸਮਾਜਿਕ ਅੰਦੋਲਨ ਦਾ ਰੂਪ ਲੈ ਚੁੱਕਿਆ ਹੈ। ਸਾਡੇ ਸਾਥੀਆਂ ਨੇ ਵੀ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣ ਬਾਰੇ ਸੋਚਿਆ ਅਤੇ ਫਿਰ ਤੈਅ ਕੀਤਾ ਕਿ ਕਿਉਂ ਨਾ ਖਾਲੀ ਸਮੇਂ ਨੂੰ ਇਸਤੇਮਾਲ ਕਰਨ ਦਾ ਮੌਕਾ ਦਿੱਤਾ ਜਾਵੇ। ਇਹੀ ਸੋਚ ਕੇ ਅਸੀਂ ਆਪਣੀ-ਆਪਣੀ ਪਸੰਦ ਦੀਆਂ ਕਿਤਾਬਾਂ ਨੂੰ ਇਕੱਠਾ ਕੀਤਾ ਅਤੇ ਧਰਨਾ ਸਥਾਨ ’ਤੇ ਆ ਪਹੁੰਚੇ। ਗੁਰਿੰਦਰ ਆਜ਼ਾਦ ਨੇ ਕਿਹਾ ਕਿ ਧਰਨੇ ਵਿਚ ਸ਼ਾਮਲ ਨਾ ਸਿਰਫ ਬਜ਼ੁਰਗ ਕਿਸਾਨ, ਸਗੋਂ ਨੌਜਵਾਨ ਵੀ ਕਿਤਾਬਾਂ ਵਿਚ ਦਿਲਚਸਪੀ ਲੈ ਰਹੇ ਹਨ।

PunjabKesari

‘ਨਿੱਜੀ ਕਿਤਾਬਾਂ ਨੂੰ ਲੈ ਕੇ ਧਰਨਾ ਸਥਾਨ ’ਤੇ ਲਾਇਬ੍ਰੇਰੀ ਸਥਾਪਿਤ ਕਰ ਦਿੱਤੀ’

ਸਿੰਘੂ ਬਾਰਡਰ ’ਤੇ ਹੀ ਚੱਲ ਰਹੇ ਜੰਗੀ ਕਿਤਾਬ ਘਰ ਬਾਰੇ ਪਤਾ ਕਰਨ ’ਤੇ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹੈ ਰਾਈਜ਼ ਟੂ ਹੈਲਪ, ਜਿਸ ਜ਼ਰੀਏ ਉਹ ਸਮਾਜਿਕ ਕੰਮਾਂ ਵਿਚ ਆਪਣਾ ਯੋਗਦਾਨ ਦਿੰਦੇ ਰਹਿੰਦੇ ਹਨ। ਕਿਸਾਨਾਂ ਨੂੰ ਜਦੋਂ ਦਿੱਲੀ ਜਾਣ ਤੋਂ ਸਰਹੱਦਾਂ ’ਤੇ ਰੋਕ ਲਿਆ ਗਿਆ ਅਤੇ ਕਿਸਾਨ ਸੰਗਠਨਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਇੱਥੇ ਡੇਰਾ ਲਾਉਣਗੇ ਤਾਂ ਉਨ੍ਹਾਂ ਨੂੰ ਵੀ ਲੱਗਾ ਕਿ ਇਸ ਪ੍ਰਦਰਸ਼ਨ ਵਿਚ ਦਿੱਲੀ ਬਾਰਡਰ ’ਤੇ ਵੀ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਤੋਂ ਪੀ.ਐੱਚ.ਡੀ. ਕਰ ਰਹੇ ਆਪਣੇ ਸਾਥੀ ਕਿਰਨਪ੍ਰੀਤ ਸਿੰਘ ਨਾਲ ਗੱਲ ਕੀਤੀ ਅਤੇ ਆਪਣੀਆਂ ਨਿੱਜੀ ਕਿਤਾਬਾਂ ਨੂੰ ਲੈ ਕੇ ਧਰਨਾ ਸਥਾਨ ’ਤੇ ਲਾਇਬ੍ਰੇਰੀ ਸਥਾਪਿਤ ਕਰ ਦਿੱਤੀ। ਜਸਬੀਰ ਸਿੰਘ ਨੇ ਕਿਹਾ ਕਿ 2 ਨਵੰਬਰ ਤੋਂ ਸਥਾਪਿਤ ਕੀਤੀ ਗਈ ਉਨ੍ਹਾਂ ਦੀ ਲਾਇਬ੍ਰੇਰੀ ਤੋਂ ਸੈਂਕੜੇ ਕਿਸਾਨ ਕਿਤਾਬਾਂ ਜਾਰੀ ਕਰਵਾ ਚੁੱਕੇ ਹਨ। ਜਸਬੀਰ ਮੁਤਾਬਕ ਹਾਲਾਂਕਿ ਉਨ੍ਹਾਂ ਨੇ ਉਥੇ ਹੀ ਬੈਠ ਕੇ ਪੜ੍ਹਨ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ, ਫਿਰ ਵੀ ਕਿਸਾਨ ਆਪਣੀਆਂ ਟਰਾਲੀਆਂ ਵਿਚ ਹੀ ਕਿਤਾਬਾਂ ਲਿਜਾ ਕੇ ਪੜ੍ਹਨਾ ਪਸੰਦ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਤਾਬ ਇੱਕ ਹਫ਼ਤੇ ਲਈ ਜਾਰੀ ਕਰਦੇ ਹਨ, ਤਾਂ ਕਿ ਸਾਰਿਆਂ ਨੂੰ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਸਕੇ। ਉਥੇ ਹੀ, ਧਰਨੇ ਵਾਲੀ ਥਾਂ ’ਤੇ ਹੀ ਪਟਿਆਲਾ ਨਾਲ ਜੁੜੇ ਨੌਜਵਾਨਾਂ ਵਲੋਂ ਸਥਾਪਿਤ ਕੀਤੀ ਗਈ ਸਾਂਝੀ ਸੱਥ ’ਤੇ ਵੀ ਕਿਤਾਬਾਂ, ਅਖਬਾਰ ਅਤੇ ਰਸਾਲੇ ਪੜ੍ਹਨ ਦੀ ਸਹੂਲਤ ਦਿੱਤੀ ਗਈ ਹੈ। ਕਿਤਾਬਾਂ ਦੇ ਨਾਲ-ਨਾਲ ਸਾਂਝੀ ਸੱਥ ’ਤੇ ਪ੍ਰਦਰਸ਼ਨ ਨਾਲ ਜੁੜੇ ਸਾਂਝੇ ਮੁੱਦਿਆਂ ’ਤੇ ਚਰਚਾ ਵੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਹੱਲ ’ਤੇ ਵੀ।

ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਇਸ ਵਿਗਿਆਪਨ ’ਚ ਆਵੇਗੀ ਨਜ਼ਰ, ਵੇਖੋ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News