ਸਿਮਰਨਜੀਤ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ਦੀ ਗ੍ਰੈਜੂਏਟ ਹਲਕੇ ਦੀ ਸੈਨੇਟ ਚੋਣ ’ਚ ਸ਼ਾਨਦਾਰ ਜਿੱਤ ਕੀਤੀ ਦਰਜ
Monday, Oct 25, 2021 - 09:56 PM (IST)
ਚੰਡੀਗੜ੍ਹ (ਬਿਊਰੋ)-ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ’ਚ ਗ੍ਰੈਜੂਏਟ ਹਲਕੇ ਦੀ ਸੈਨੇਟ ਚੋਣ ’ਚ ਸ਼ਾਨਦਾਰ ਜਿੱਤ ਦਰਜ ਕੀਤੀ। ਉਹ 2902 ਵੋਟਾਂ ਲੈ ਕੇ ਕੋਟਾ ਕਲੀਅਰ ਕਰ ਕੇ ਜਿੱਤ ਹਾਸਲ ਕਰਨ ਵਾਲੇ ਦੂਜੇ ਉਮੀਦਵਾਰ ਹਨ। ਜ਼ਿਕਰਯੋਗ ਹੈ ਕਿ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (ਐੱਸ. ਓ. ਆਈ.) ਦੇ ਸਰਪ੍ਰਸਤ ਭੀਮ ਵੜੈਚ ਦੀ ਸਿਮਰਨਜੀਤ ਸਿੰਘ ਢਿੱਲੋਂ ਦੀ ਜਿੱਤ ’ਚ ਅਹਿਮ ਭੂਮਿਕਾ ਰਹੀ। ਇਸ ਦੌਰਾਨ ਭੀਮ ਵੜੈਚ ਨੇ ਢਿੱਲੋਂ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਤੇ ਢਿੱਲੋਂ ਨੇ ਵੀ ਉਨ੍ਹਾਂ ਵੱਲੋਂ ਕੀਤੇ ਸਹਿਯੋਗ ਲਈ ਧੰਨਵਾਦ ਕੀਤਾ।
ਦੱਸ ਦੇਈਏ ਕਿ ਸਿਮਰਨਜੀਤ ਢਿੱਲੋਂ ਨੇ ਆਪਣਾ ਸਿਆਸੀ ਕਰੀਅਰ 2008 ’ਚ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ ਤੇ ਉਹ 2010 ਤੱਕ ਪੀ ਯੂ. ਐੱਸ. ਯੂ. ਦੇ ਪ੍ਰਧਾਨ ਰਹੇ। ਬਾਅਦ ’ਚ ਉਹ 2015 ’ਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ. ਓ. ਆਈ. (ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ) ’ਚ ਸ਼ਾਮਲ ਹੋ ਗਏ ਅਤੇ ਸੋਈ ਲਈ ਹੁਣ ਤਕ ਦੇ ਵੱਡੇ ਰਿਕਾਰਡ ਨਾਲ ਸ਼ਾਨਦਾਰ 1565 ਵੋਟਾਂ ਨਾਲ ਜਿੱਤ ’ਚ ਪਾਰਟੀ ਪ੍ਰਧਾਨ ਵਜੋਂ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣਗੇ ਅੰਮ੍ਰਿਤ ਸੰਚਾਰ ਸਮਾਗਮ : ਬੀਬੀ ਜਗੀਰ ਕੌਰ
ਉਹ ਐੱਸ. ਓ. ਆਈ. ’ਚ ਪ੍ਰਮੁੱਖ ਅਹੁਦਿਆਂ ’ਤੇ ਰਹੇ। ਉਹ ਐੱਸ. ਓ. ਆਈ. ਦੇ ਰਾਸ਼ਟਰੀ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਰਹੇ। ਨੌਜਵਾਨਾਂ ਲਈ ਉਨ੍ਹਾਂ ਦੇ ਸਮਰਪਣ ਕਾਰਨ ਉਨ੍ਹਾਂ ਨੂੰ ਡਾਇਰੈਕਟਰ, ਯੂਥ ਡਿਵੈੱਲਪਮੈਂਟ ਕਾਰਪੋਰੇਸ਼ਨ ਬੋਰਡ ਪੰਜਾਬ ਸਰਕਾਰ ਦਾ ਅਹੁਦਾ ਮਿਲਿਆ। ਉਹ 20 ਸਾਲ ਬਾਅਦ ਪੰਜਾਬ ਯੂਨੀਵਰਸਿਟੀ ਸੈਨੇਟ ’ਚ ਦਾਖਲ ਹੋਣ ਵਾਲੇ ਯੂਨੀਵਰਸਿਟੀ ਦੇ ਇਕਲੌਤੇ ਵਿਦਿਆਰਥੀ ਆਗੂ ਹਨ। ਉਨ੍ਹਾਂ ਨੇ ਹਾਲ ਹੀ ’ਚ ਜਿੱਤ ਦਾ ਸਵਾਦ ਚਖਿਆ, ਜਦੋਂ ਉਨ੍ਹਾਂ ਦੀ ਮਾਂ ਨੇ ਵਾਰਡ ਨੰਬਰ 15, ਮੋਹਾਲੀ ਤੋਂ ਨਗਰ ਨਿਗਮ ਚੋਣ ਜਿੱਤੀ। ਸੈਨੇਟ ਚੋਣਾਂ ’ਚ ਉਨ੍ਹਾਂ ਦੀ ਜਿੱਤ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਸੀ ਅਤੇ ਇਸ ਨਾਲ ਵਿਦਿਆਰਥੀ ਯੂਨੀਅਨਾਂ ਬਹੁਤ ਖੁਸ਼ ਹਨ।