ਕੰਗਨਾ ਦੇ ਬਿਆਨ ਨੇ ਸੁਆਣੀਆਂ 'ਚ ਵਧਾਇਆ ਰੋਹ, ਸਿਮਰਨ ਗਿੱਲ ਸਣੇ ਕਈ ਬੀਬੀਆਂ ਨੇ ਪਾਈ ਝਾੜ
Wednesday, Dec 02, 2020 - 01:58 PM (IST)
ਜਲੰਧਰ (ਸੁਮਿਤ ਖੰਨਾ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪੰਜਾਬੀਆਂ ਨਾਲ ਪੰਗਾ ਲੈ ਕੇ ਕਸੂਤੀ ਘਿਰ ਗਈ ਹੈ। ਉਸ ਦੇ 100 ਰੁਪਏ ਵਾਲੇ ਦਿੱਤੇ ਬਿਆਨ 'ਤੇ ਹੁਣ ਵਿਵਾਦ ਛਿੜ ਚੁੱਕਾ ਹੈ। ਇਸ ਮਾਮਲੇ 'ਚ ਕਿਸਾਨੀ ਧਰਨੇ 'ਤੇ ਆਈਆਂ ਬੀਬੀਆਂ ਨੇ ਕੰਗਨਾ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਸਿਮਰਨ ਗਿੱਲ ਦਾ ਕੰਗਨਾ 'ਤੇ ਬਿਆਨ
ਕੰਗਨਾ ਰਣੌਤ ਨੂੰ ਲੰਬੇ ਹੱਥੀਂ ਲੈਂਦਿਆਂ ਵਕੀਲ ਸਿਮਰਨ ਗਿੱਲ ਨੇ ਕਿਹਾ, 'ਕੰਗਨਾ ਜਿਸ ਤਰ੍ਹਾਂ ਦੀ ਆਪ ਹੈ, ਉਸ ਨੂੰ ਉਸੇ ਤਰ੍ਹਾਂ ਦੇ ਬਾਕੀ ਲੱਗਦੇ ਹਨ। ਕੰਗਨਾ ਨੇ ਸਾਡੀ ਬਜ਼ੁਰਗ ਬੇਬੇ 'ਤੇ ਟਵੀਟ ਕਰਕੇ ਆਪਣੀ ਅਸਲੀਅਤ ਬਿਆਨ ਕੀਤੀ ਹੈ। ਉਹ ਮੋਦੀ ਵਰਗੇ ਨੇਤਾਵਾਂ ਦੇ ਹੱਕ 'ਚ ਟਵੀਟ ਕਰਦੀ ਹੈ, ਜਿਸ ਤੋਂ ਉਸ ਨੂੰ ਫਾਇਦਾ ਹੁੰਦਾ ਹੈ। ਕੰਗਨਾ ਵਰਗੇ ਕਈ ਅਨੇਕਾਂ ਸਿਤਾਰੇ ਹਨ, ਜਿਹੜੇ ਪੈਸੇ ਲੈ ਕੇ ਟਵੀਟ ਕਰਦੇ ਹਨ। ਇਸ ਨੂੰ ਅਜਿਹਾ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦਾ ਟਵੀਟ ਕਰਕੇ ਬੱਚ ਜਾਵੇਗੀ। ਉਹਨੂੰ ਲੱਗਦਾ ਹੈ ਸਾਡੇ ਭਰਾ ਅਜਿਹੇ ਟਵੀਟ ਵੇਖ ਕੇ ਬੀਬੀਆਂ ਨੂੰ ਧਰਨੇ 'ਤੇ ਨਾਲ ਲੈ ਜਾਣ ਤੋਂ ਮਨਾ ਕਰਨਗੇ ਕਿ ਸਾਡੀਆਾਂ ਬੀਬੀਆਂ ਨੂੰ ਲੋਕੀ ਅਜਿਹੀਆਂ ਗੱਲਾਂ ਕਰ ਰਹੇ ਹਨ।'
ਬਜ਼ੁਰਗ ਬੀਬੀਆਂ ਨੇ ਕੰਗਨਾ ਨੂੰ ਦਿੱਤਾ ਮੂੰਹ ਤੋੜ ਜਵਾਬ
ਇਸ ਤੋਂ ਇਲਾਵਾ ਇਕ ਬੇਬੇ ਨੇ ਕਿਹਾ, 'ਜਿਸ ਮਹਿੰਦਰ ਕੌਰ 'ਤੇ ਕੰਗਨਾ ਨੇ ਟਵੀਟ ਕੀਤਾ ਹੈ, ਉਨ੍ਹਾਂ ਨੇ ਉਸ ਨੂੰ ਬਹੁਤ ਵਧੀਆ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ 600 ਰੁਪਏ 'ਤੇ ਨਰਮਾ ਚੁੱਗਦੀ ਹਾਂ, ਤੈਨੂੰ ਮੈਂ 700 ਦਿਆਂਗੀ ਤੂੰ ਆ ਕੇ ਦਿਹਾੜੀ ਕਰ।' ਇਕ ਹੋਰ ਬੀਬੀ ਨੇ ਕਿਹਾ 'ਮੈਂ ਤੈਨੂੰ 1000 ਰੁਪਏ ਦਿਆਂਗੀ, ਤੂੰ ਸਾਡੇ ਨਾਲ ਕੰਮ ਕਰ। ਸਾਡੇ ਕਿਸਾਨ ਭਰਾਵਾਂ ਤੇ ਪੁੱਤਰਾਂ ਦੇ ਕੰਮ ਕਰ।' ਇਸ ਤੋਂ ਇਲਾਵਾ ਇਕ ਹੋਰ ਬੀਬੀ ਨੇ ਕਿਹਾ 'ਅਸੀਂ ਜਿਮੀਦਾਰ ਬੰਦੇ ਹਾਂ, ਤੂੰ ਸਾਡੇ ਟੱਬਰ ਦੀਆਂ ਰੋਟੀਆਂ ਪਕਾ, ਸਾਡਾ ਕੰਮ ਕਰ ਤੈਨੂੰ ਮੈਂ 10,000 ਦਿਆਂਗੀ।'
ਸੋਸ਼ਲ ਮੀਡੀਆ ਤੋਂ ਗ਼ਾਇਬ ਹੋਈ ਕੰਗਨਾ
ਦੱਸ ਦਈਏ ਕਿ ਕੰਗਨਾ ਨੂੰ ਆਮ ਲੋਕਾਂ ਤੋਂ ਲੈ ਕੇ ਪੰਜਾਬ ਦੇ ਕਲਾਕਾਰਾਂ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ। ਪਾਲੀਵੁੱਡ ਅਦਾਕਾਰਾਂ ਤੇ ਕਲਾਕਾਰਾਂ ਨੇ ਕੰਗਨਾ ਖ਼ਿਲਾਫ਼ ਕਈ ਪੋਸਟਾਂ ਪਾਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਅਕਸਰ ਟ੍ਰੋਲਰਾਂ ਨੂੰ ਮੂੰਹਤੋੜ ਜਵਾਬ ਦੇਣ ਵਾਲੀ ਕੰਗਨਾ ਹੁਣ ਸੋਸ਼ਲ ਮੀਡੀਆ ਤੋਂ ਲੋਪ ਹੀ ਹੋ ਗਈ ਹੈ। ਦਰਅਸਲ ਕੰਗਨਾ ਵੱਲੋਂ ਪੰਜਾਬ ਦੀ ਬਿਰਧ ਬੀਬੀ ਦੀ ਤਸਵੀਰ ਆਪਣੇ ਟਵਿਟਰ ’ਤੇ ਸਾਂਝੀ ਕਰਨ ਸਮੇਤ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਪੋਸਟਾਂ ਪਾਈਆਂ ਗਈਆਂ। ਇਸ 'ਤੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੇ ਵਿਅਕਤੀਆਂ ਵੱਲੋਂ ਕੰਗਨਾ ਖ਼ਿਲਾਫ਼ ਨਿੱਤਰਦਿਆਂ ਉਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।
ਪੰਜਾਬੀ ਕਲਾਕਾਰ ਭਾਈਚਾਰੇ ਨੇ ਪਾਈਆਂ ਲਾਹਨਤਾਂ
ਬੱਬੂ ਮਾਨ, ਗਿੱਪੀ ਗਰੇਵਾਲ, ਜੈਜ਼ੀ ਬੀ, ਐਮੀ ਵਿਰਕ, ਗੁਰੂ ਰੰਧਾਵਾ, ਅਦਾਕਾਰਾ ਸਰਗੁਣ ਮਹਿਤਾ, ਸਿੰਮੀ ਚਾਹਲ, ਸਾਰਾ ਗੁਰਪਾਲ, ਪ੍ਰਭ ਗਿੱਲ, ਗੁਰਪ੍ਰੀਤ ਘੁੱਗੀ ਤੋਂ ਇਲਾਵਾ ਹੋਰ ਬਹੁਤ ਸਾਰੇ ਅਦਾਕਾਰਾਂ ਤੇ ਗਾਇਕਾਂ ਵਲੋਂ ਕੰਗਨਾ ਰਣੌਤ ਨੂੰ ਖੁੱਲ੍ਹ ਕੇ ਟਵਿੱਟਰ ਤੇ ਫੇਸਬੁੱਕ ’ਤੇ ਵੰਗਾਰਿਆ ਗਿਆ ਹੈ। ਇਸ ਤੋਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ, ਸੋਨੂੰ ਸੂਦ, ਹਨੀ ਸਿੰਘ, ਨੀਰੂ ਬਾਜਵਾ ਆਦਿ ਵੀ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰ ਚੁੱਕੇ ਹਨ।
ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
ਕੰਗਨਾ ਵਲੋਂ ਕਿਸਾਨਾਂ 'ਤੇ ਕੀਤੀ ਗਈ ਗਲਤ ਟਿੱਪਣੀ ਖ਼ਿਲਾਫ਼ ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਨੇ ਕਿਹਾ ਕਿ ਅਦਾਕਾਰਾ ਕੰਗਨਾ ਵਲੋਂ ਕਿਸਾਨ ਬੀਬੀਆਂ ਖ਼ਿਲਾਫ਼ ਕੀਤੀ ਗਈ ਟਿੱਪਣੀ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਉਹ ਨਾਰੀ ਹੋ ਕੇ ਨਾਰੀ ਦਾ ਸਨਮਾਨ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਉਨ੍ਹਾਂ ਵਲੋਂ ਕੰਗਨਾ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਤੇ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਹੀ ਉਸ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਬਾਰੇ ਬੋਲਦਿਆਂ ਕਿਹਾ ਕਿ ਉਸ ਵਲੋਂ ਨਲਕਾ ਪੁੱਟਣਾ ਸੋਖਾ ਸੀ ਪਰ ਕਿਸਾਨਾਂ ਨੂੰ ਹੱਕ ਦਿਵਾਉਣੇ ਬਹੁਤ ਔਖੇ ਹਨ। ਹੁਣ ਤੱਕ ਉਹ ਕਿਸਾਨਾਂ ਦੇ ਹੱਕਾਂ 'ਚ ਨਜ਼ਰ ਨਹੀਂ ਆਏ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰਾਂ 'ਤੇ ਵੀ ਪਰਚਾ ਦਰਜ ਹੋਣਾ ਚਾਹੀਦੇ ਹਨ।
ਨੋਟ : ਕੰਗਨਾ ਰਣੌਤ ਦਾ ਬਜ਼ੁਰਗ ਬੇਬੇ 'ਤੇ ਟਿੱਪਣੀ ਕਰਨ ਮਗਰੋਂ ਲੋਕਾਂ ਦਾ ਗੁੱਸਾ ਕਰਨ ਜਾਹਿਰ ਹੈ ਜਾਂ ਨਹੀਂ ? ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।