ਬ੍ਰੈਂਪਟਨ ’ਚ ਹੋਈ ਦੁਖਦਾਇਕ ਕਾਰਵਾਈ ਨੂੰ ਕੈਨੇਡਾ ਹਕੂਮਤ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਜੋਡ਼ ਕੇ ਨਾ ਦੇਖੇ : ਮਾਨ

Friday, Jun 29, 2018 - 06:25 AM (IST)

ਬ੍ਰੈਂਪਟਨ ’ਚ ਹੋਈ ਦੁਖਦਾਇਕ ਕਾਰਵਾਈ ਨੂੰ ਕੈਨੇਡਾ ਹਕੂਮਤ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਜੋਡ਼ ਕੇ ਨਾ ਦੇਖੇ : ਮਾਨ

ਫਤਿਹਗਡ਼੍ਹ ਸਾਹਿਬ(ਜਗਦੇਵ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਜਿਹਡ਼ੇ ਵੀ ਮੁਲਕ ਵਿਚ ਗਏ ਹਨ ਉਨ੍ਹਾਂ ਉਥੋਂ ਦੇ ਕਾਨੂੰਨ ਦੀ ਈਮਾਨਦਾਰੀ ਨਾਲ ਪਾਲਣਾ ਕਰਨ ਦੇ ਨਾਲ-ਨਾਲ ਉਨ੍ਹਾਂ ਮੁਲਕਾਂ ਦੀ ਹਰ ਤਰ੍ਹਾਂ ਦੀ ਤਰੱਕੀ ਵਿਚ ਵੱਡਾ  ਯੋਗਦਾਨ ਪਾਇਆ। ਇਹੀ ਵਜ੍ਹਾ ਹੈ ਕਿ ਹਰ ਮੁਲਕ ਦੀ ਹਕੂਮਤ ਪੰਜਾਬੀਆਂ ਅਤੇ ਸਿੱਖਾਂ ਦੀ ਇੱਜ਼ਤ ਕਰਦੀ ਹੈ। ਮਾਨ ਨੇ ਕਿਹਾ ਕਿ ਹੁਣ ਤਾਂ ਪੰਜਾਬੀ ਸਿੱਖ ਬਾਹਰਲੇ ਮੁਲਕਾਂ ਵਿਚ ਫ਼ੌਜ, ਸਿਵਲ ਅਤੇ ਹਕੂਮਤਾਂ ਵਿਚ ਵੱਡੇ-ਵੱਡੇ ਅਹੁਦਿਅਾਂ ’ਤੇ ਬਿਰਾਜਮਾਨ  ਹਨ ਪਰ ਦੁੱਖ  ਹੈ ਕਿ ਕੈਨੇਡਾ ਵਿਚ ਵਿਦਿਆਰਥੀ ਵੀਜ਼ੇ ਉਤੇ ਗਏ ਕੁਝ ਨੌਜਵਾਨਾਂ ਨੇ ਬ੍ਰੈਂਪਟਨ ਦੇ ਇਕ ਮਕਾਨ ਮਾਲਕ ਨਾਲ  ਦਲੀਲ  ਰਹਿਤ ਢੰਗ ਨਾਲ ਝਗਡ਼ਾ ਕਰ ਕੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਕਿਰਦਾਰ, ਵਿਵਹਾਰ ਉਤੇ ਧੱਬਾ ਲਗਾਉਣ ਦੀ ਗੁਸਤਾਖੀ ਕੀਤੀ ਹੈ ਜਿਨ੍ਹਾਂ ਵਿਰੁੱਧ ਕੈਨੇਡਾ ਦੇ ਕਾਨੂੰਨ ਅਨੁਸਾਰ ਅਮਲ ਹੋਣ ਵਿਚ ਅਸੀਂ ਬਿਲਕੁਲ ਕੋਈ ਦਲੀਲ ਜਾਂ ਅਪੀਲ ਨਹੀਂ ਕਰਾਂਗੇ ਕਿਉਂਕਿ ਇਸ ਕਾਰਵਾਈ ਨਾਲ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਕੌਮਾਂਤਰੀ ਸਾਖ ਦਾ ਗੰਭੀਰ ਮੁੱਦਾ ਜੁਡ਼ਿਆ ਹੋਇਆ ਹੈ। ਮਾਨ ਨੇ ਕਿਹਾ ਕਿ  ਬੇਸ਼ੱਕ ਇਨ੍ਹਾਂ ਨੌਜਵਾਨਾਂ ਨੇ ਗੈਰ-ਕਾਨੂੰਨੀ ਕਾਰਵਾਈ ਕਰ ਕੇ ਗਲਤ ਕੀਤਾ ਹੈ ਪਰ ਇਸ ਕਾਰਵਾਈ ਨੂੰ ਕੈਨੇਡਾ ਦੀ ਸ੍ਰੀ ਜਸਟਿਨ ਟਰੂਡੋ ਹਕੂਮਤ ਨੂੰ ਸਮੁੱਚੀ ਸਿੱਖ ਕੌਮ ਜਾਂ  ਪੰਜਾਬੀਆਂ ਨਾਲ ਜੋਡ਼ ਕੇ ਬਿਲਕੁਲ ਨਹੀਂ ਦੇਖਣਾ ਚਾਹੀਦਾ ਕਿਉਂਕਿ ਪੰਜਾਬੀ ਤੇ ਸਿੱਖ ਕੌਮ ਦੀ ਸੋਚ ਤਾਂ ‘ਸਰਬੱਤ ਦਾ ਭਲਾ’ ਤੇ ਹਰ ਲੋਡ਼ਵੰਦ ਦੀ ਮਦਦ ਕਰਨਾ  ਹੈ।  ਉਨ੍ਹਾਂ  ਕਿਹਾ  ਕਿ ਕੈਨੇਡਾ ਵਿਚ ਪੰਜਾਬੀਆਂ ਤੇ ਸਿੱਖਾਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਤੇ ਚੰਗੇ ਸ਼ਹਿਰੀ ਹੋਣ ਦੇ ਨਾਤੇ ਕੈਨੇਡਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਡ਼੍ਹਨ ਗਏ ਵਿਦਿਆਰਥੀਅਾਂ ਨੂੰ ਮਿਲਣ ਵਾਲੀਅਾਂ ਕੈਨੇਡੀਅਨ ਸਹੂਲਤਾਂ ਜਾਂ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਵਿਦਿਆਰਥੀ ਵੀਜ਼ਿਅਾਂ ਵਿਚ ਕਿਸੇ ਤਰ੍ਹਾਂ ਦੀ ਸਖਤੀ ਨਾ ਕੀਤੀ ਜਾਵੇ ਅਤੇ ਨਾ ਹੀ ਸਮੁੱਚੇ ਪੰਜਾਬੀਅਾਂ ਤੇ ਸਿੱਖ ਕੌਮ ਨੂੰ  ਬੁਰੀ ਨਜ਼ਰ ਨਾਲ ਦੇਖਿਆ ਜਾਵੇ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਬਹੁਤ ਵੱਡੀ ਗਿਣਤੀ ਵਿਚ ਸਭ ਸੂਬਿਆਂ ਤੇ ਸ਼ਹਿਰਾਂ ਵਿਚ ਲੰਮੇ ਸਮੇਂ ਤੋਂ ਸਿੱਖ ਵਸਦੇ ਤੇ ਵਿਚਰਦੇ ਆ ਰਹੇ ਹਨ  ਪਰ ਕਦੀ ਵੀ ਸਿੱਖ ਕੌਮ ਨੇ ਨਾ ਕੈਨੇਡਾ ਦੇ ਕਾਨੂੰਨ ਨੂੰ ਤੋਡ਼ਿਆ ਹੈ ਅਤੇ ਨਾ ਹੀ ਕਦੀ ਅਜਿਹੀ ਕੋਈ ਗੈਰ-ਸਮਾਜਿਕ ਕਾਰਵਾਈ ਕੀਤੀ ਹੈ  ਬਲਕਿ ਉਹ ਤਾਂ ਆਪਣੀ ਮਿਹਨਤ-ਮੁਸ਼ੱਕਤ ਕਰਦੇ ਹੋਏ ਕੈਨੇਡਾ ਦੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ, ਕਾਨੂੰਨ ਦੀ ਪਾਲਣਾ ਕਰਨ, ਕੈਨੇਡਾ ਦੀ ਤਰੱਕੀ ਵਿਚ ਹਰ ਪੱਖੋਂ ਯੋਗਦਾਨ ਪਾਉਂਦੇ ਆ ਰਹੇ ਹਨ। ਇਸ ਲਈ  ਕੈਨੇਡਾ ਹਕੂਮਤ ਪੰਜਾਬ ਵਿਚੋਂ ਗਏ ਪੰਜਾਬੀਅਾਂ ਤੇ ਸਿੱਖ ਵਿਦਿਆਰਥੀਅਾਂ ਲਈ ਇਸ ਘਟਨਾ ਨੂੰ ਵੇਖ ਕੇ ਕਿਸੇ ਤਰ੍ਹਾਂ ਦੀ ਸਖਤੀ ਨਾ ਕਰੇ।  ਇੰਝ ਕਰਨ ਨਾਲ ਇਨਸਾਨੀਅਤ ਤੇ ਮਨੁੱਖਤਾ ਪੱਖੀ ਉੱਦਮਾਂ ਨੂੰ ਜਿਥੇ ਬਲ ਮਿਲੇਗਾ, ਉੱਥੇ ਸਿੱਖ ਕੌਮ ਤੇ ਕੈਨੇਡਾ ਦੀ ਹਕੂਮਤ ਨਾਲ ਪੰਜਾਬੀਆਂ ਤੇ ਸਿੱਖ ਕੌਮ ਦੇ ਸੰਬੰਧ ਸਦੀਵੀ ਤੌਰ ’ਤੇ ਸਹਿਜ ਭਰੇ ਬਣੇ ਰਹਿਣਗੇ ਅਤੇ ਕੌਮਾਂਤਰੀ ਪੱਧਰ ’ਤੇ  ਇਨਸਾਨੀਅਤ  ਨੂੰ ਹੋਰ ਵੀ ਵਧੇਰੇ ਤਾਕਤ ਤੇ ਮਜ਼ਬੂਤੀ ਮਿਲੇਗੀ।  ਮਾਨ ਨੇ ਟਰੂਡੋ ਹਕੂਮਤ ਤੋਂ ਇਹ ਉਮੀਦ ਪ੍ਰਗਟਾਈ ਕਿ ਉਹ ਕੈਨੇਡਾ ਹਕੂਮਤ ਦੇ ਸਿੱਖ ਕੌਮ ਨਾਲ ਪੁਰਾਤਨ ਸੰਬੰਧਾਂ ਨੂੰ ਪਹਿਲਾਂ ਨਾਲੋਂ  ਵੀ ਵਧੇਰੇ ਪੀਡੇ ਕਰਨਗੇ ਤੇ ਉਪਰੋਕਤ ਹੋਈ ਦੁਖਦਾਇਕ ਘਟਨਾ ਨੂੰ ਸਿੱਖ ਕੌਮ ਤੇ ਪੰਜਾਬੀਆਂ ਨਾਲ ਕਤਈ ਨਹੀਂ ਜੋਡ਼ਨਗੇ।


Related News