ਸਿਮਰਜੀਤ ਬੈਂਸ ਨੂੰ ਝਟਕਾ, ਹੋਰ ਅਦਾਲਤ ’ਚ ਕੇਸ ਟਰਾਂਸਫਰ ਕਰਨ ਦੀ ਅਰਜ਼ੀ ਖਾਰਜ

Friday, Jan 07, 2022 - 12:55 PM (IST)

ਸਿਮਰਜੀਤ ਬੈਂਸ ਨੂੰ ਝਟਕਾ, ਹੋਰ ਅਦਾਲਤ ’ਚ ਕੇਸ ਟਰਾਂਸਫਰ ਕਰਨ ਦੀ ਅਰਜ਼ੀ ਖਾਰਜ

ਲੁਧਿਆਣਾ (ਮਹਿਰਾ) : ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਝਟਕਾ ਦਿੱਤਾ ਹੈ। ਉਨ੍ਹਾਂ  ਖ਼ਿਲਾਫ਼ ਲੁਧਿਆਣਾ ਦੀ ਇਕ ਅਦਾਲਤ ਵਿਚ ਚੱਲ ਰਹੇ ਮਾਮਲੇ ਨੂੰ ਕਿਸੇ ਹੋਰ ਅਦਾਲਤ ਵਿਚ ਟ੍ਰਾਂਸਫਰ ਕੀਤੇ ਜਾਣ ਦੀ ਦਾਇਰ ਕੀਤੀ ਗਈ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਦਾਲਤ ਵੱਲੋਂ ਜਲਦਬਾਜ਼ੀ ਵਿਚ ਉਨ੍ਹਾਂ ਖ਼ਿਲਾਫ਼ ਪਹਿਲਾਂ ਜ਼ਮਾਨਤੀ ਅਤੇ ਫਿਰ ਬਾਅਦ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਅਤੇ ਬਾਅਦ ਵਿਚ ਉਨ੍ਹਾਂ ਦੇ ਖ਼ਿਲਾਫ਼ ਭਗੌੜੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਨੇ ਮਾਮਲੇ ਨੂੰ ਬਹਿਸ ’ਤੇ ਰੱਖਿਆ ਸੀ ਅਤੇ ਬੈਂਸ ਅਤੇ ਸਰਕਾਰੀ ਧਿਰ ਦੀ ਬਹਿਸ ਸੁਣਨ ਤੋਂ ਬਾਅਦ ਅਰਜ਼ੀ ਨੂੰ ਖਾਰਜ ਕਰ ਦਿੱਤਾ।

ਉਧਰ ਪੀੜਤਾ ਦੇ ਵਕੀਲ ਹਰੀਸ਼ ਢਾਂਡਾ ਨੇ ਅਦਾਲਤ ’ਚ ਕਿਹਾ ਸੀ ਕਿ ਇਹ ਅਰਜ਼ੀ ਅਦਾਲਤ ਵਿਚ ਲੱਗਣਯੋਗ ਨਹੀਂ ਕਿਉਂਕਿ ਜਦ ਤੱਕ ਮੁਲਜ਼ਮ ਖ਼ੁਦ ਨਹੀਂ ਪੇਸ਼ ਹੁੰਦਾ, ਤਦ ਤੱਕ ਅਰਜ਼ੀ ਅਯੋਗ ਹੈ, ਜਿਸ ’ਤੇ ਅਦਾਲਤ ਨੇ ਅਰਜ਼ੀ ਰੱਦ ਕਰਦੇ ਹੋਏ ਪ੍ਰੋਸੈੱਸ ਸਰਵਰ ਨੂੰ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਵਾਉਣ ਦਾ ਹੁਕਮ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਤਾਰੀਖ਼ ਤੈਅ ਕੀਤੀ ਸੀ।
 


author

Babita

Content Editor

Related News