ਲੁਧਿਆਣਾ ਨੂੰ ਛੱਡ 3 ਨਿਗਮਾਂ ''ਚ ਚੋਣਾਂ ਪਹਿਲਾਂ ਕਰਾਉਣ ਖਿਲਾਫ ਹਾਈਕੋਰਟ ਜਾਣਗੇ ਬੈਂਸ ਭਰਾ

Thursday, Nov 16, 2017 - 04:40 PM (IST)

ਲੁਧਿਆਣਾ : ਲੋਕ ਇਨਸਾਫ ਪਾਰਟੀ (ਲਿਪ) ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵਲੋਂ ਲੁਧਿਆਣਾ ਨੂੰ ਛੱਡ ਕੇ 3 ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ 'ਚ ਕਰਾਏ ਜਾਣ ਦੇ ਖਿਲਾਫ ਹਾਈਕੋਰਟ ਜਾਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਬੈਂਸ ਨੇ ਦੋਸ਼ ਲਾਇਆ ਕਿ ਲੁਧਿਆਣਾ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨਿਗਮ ਚੋਣਾਂ 'ਚ ਲਿਪ ਅਤੇ ਆਪ ਗਠਜੋੜ ਸੱਤਾ 'ਚ ਆਉਂਦਾ ਹੈ ਤਾਂ ਲੁਧਿਆਣਾ ਨਗਰ ਨਿਗਮ ਨੂੰ ਆਪਣੇ ਬਲਬੂਤੇ 'ਤੇ ਚਲਾਇਆ ਜਾਵੇਗਾ। ਬੈਂਸ ਨੇ ਸਰਕਾਰ ਵਲੋਂ ਲੁਧਿਆਣਾ ਨੂੰ ਛੱਡ ਕੇ ਸੂਬੇ ਦੀਆਂ ਹੋਰ ਨਗਰ ਨਿਗਮਾਂ ਦੀਆਂ ਚੋਣਾਂ ਪਹਿਲਾਂ ਕਰਾਉਣ ਦੇ ਐਲਾਨ 'ਤੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਧੋਖਾਧੜੀ 'ਤੇ ਉਤਰ ਆਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਹਿਲਾਂ ਨਿਗਮ ਦੀ ਹੱਦਬੰਦੀ ਦੌਰਾਨ ਉਨ੍ਹਾਂ ਦੇ ਵਿਧਾਨ ਸਭਾ ਖੇਤਰਾਂ 'ਚ ਵਾਰਡਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਨਿਗਮਾਂ ਦੀਆਂ ਚੋਣਾਂ ਪਹਿਲਾਂ ਕਰਵਾ ਕੇ ਉਨ੍ਹਾਂ ਦੇ ਨਤੀਜਿਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਚਾਹੁੰਦੇ ਹਨ ਕਿ ਇਨ੍ਹਾਂ ਤਿੰਨ ਨਿਗਮਾਂ ਦੀਆਂ ਚੋਣਾਂ ਕਰਵਾ ਕੇ ਲੁਧਿਆਣਾ 'ਚ ਪੂਰੀ ਕੈਬਨਿਟ, ਲੀਡਰਸ਼ਿਪ ਅਤੇ ਨੌਕਰਸ਼ਾਹੀ ਨੂੰ ਉਤਾਰ ਦਿੱਤਾ ਜਾਵੇ ਪਰ ਉਹ ਇਸ ਦੇ ਖਿਲਾਫ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇੱਥੋਂ ਉਨ੍ਹਾਂ ਨੂੰ ਇਨਸਾਫ ਜ਼ਰੂਰ ਮਿਲੇਗਾ।


Related News