ਬਿਜਲੀ ਦੀਆਂ ਦਰਾਂ ਵਧਣ 'ਤੇ ਬੈਂਸ ਨੇ ਕੈਪਟਨ ਨੂੰ ਲਿਆ ਲੰਮੇ ਹੱਥੀਂ (ਵੀਡੀਓ)

Tuesday, May 28, 2019 - 04:54 PM (IST)

ਲੁਧਿਆਣਾ (ਨਰਿੰਦਰ)— ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਵਧਾਈਆਂ ਗਈਆਂ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿਮਰਜੀਤ ਬੈਂਸ ਨੇ ਕਿਹਾ ਕਿ ਬਿਜਲੀ ਦੀਆਂ ਵਧੀਆਂ ਦਰਾਂ ਕਾਰਨ ਖਾਸ ਕਰਕੇ ਲੁਧਿਆਣਾ ਦੀ ਸੰਗਤ 'ਤੇ ਕਾਫੀ ਮਾਰ ਪਵੇਗੀ। ਉਨ੍ਹਾਂ ਕਿਹਾ ਕਿ ਜੋ ਵਾਅਦੇ ਕਰਕੇ ਕੈਪਟਨ ਸੱਤਾ 'ਚ ਆਏ ਸਨ, ਉਨ੍ਹਾਂ 'ਚੋਂ ਕੋਈ ਵੀ ਵਾਅਦਾ ਕੈਪਟਨ ਨੇ ਪੂਰਾ ਨਹੀਂ ਕੀਤਾ। ਇਸ ਦੇ ਨਾਲ ਹੀ ਬੈਂਸ ਨੇ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਵਿਗੜੇ ਹੋਣ ਦੀ ਗੱਲ ਵੀ ਆਖੀ ਅਤੇ ਕਿਹਾ ਕਿ ਸੁਨੀਲ ਜਾਖੜ ਦੇ ਅਸਤੀਫੇ ਨਾਲ ਕੈਪਟਨ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦਾ ਮਿਸ਼ਨ 13 ਫੇਲ ਹੋ ਗਿਆ, ਜਿਸ ਦਾ ਠੀਕਰਾ ਉਹ ਸਿੱਧੂ ਦੇ ਸਿਰ ਭੰਨ ਰਹੇ ਹਨ। 

ਸਿਮਰਜੀਤ ਬੈਂਸ ਨੇ ਇਕ ਵਾਰ ਮੁੜ ਤੋਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਰਲ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਸੋਚ ਵੀ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਹੈ। ਬੈਂਸ ਨੇ ਕਿਹਾ ਕਿ ਭਗਵੰਤ ਮਾਨ ਹੁਣ ਜੋ ਵੀ ਕਹਿ ਲੈਣ ਪਰ ਉਨ੍ਹਾਂ ਨੇ ਬੀਤੇ ਪੰਜ ਸਾਲਾਂ ਦੇ 'ਚ ਆਪਣੇ ਹਲਕੇ ਦੇ ਕੋਈ ਵੀ ਕੰਮ ਨਹੀਂ ਕਰਵਾਇਆ। ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਪਾਰਟੀ 'ਚੋਂ ਬਰਖਾਸਤ ਕਰਨ ਦੇ ਮਾਮਲੇ 'ਤੇ ਬੈਂਸ ਨੇ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਗੁਰੂ ਦੀਆਂ ਗੋਲਕਾਂ ਦੀ ਆਪਣੇ ਸਿਆਸੀ ਫਾਇਦੇ ਲਈ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਮਨ ਅਤੇ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਖਤਮ ਹੋ ਗਈ ਹੈ।


author

shivani attri

Content Editor

Related News