ਲੁਧਿਆਣਾ ਦੇ ਸਿਵਲ ਹਸਪਤਾਲ ਪੁੱਜੇ ਸਿਮਰਜੀਤ ਬੈਂਸ, ਕੋਰੋਨਾ ਪੀੜਤਾਂ ਦਾ ਜਾਣਿਆ ਹਾਲ

Tuesday, May 12, 2020 - 04:37 PM (IST)

ਲੁਧਿਆਣਾ ਦੇ ਸਿਵਲ ਹਸਪਤਾਲ ਪੁੱਜੇ ਸਿਮਰਜੀਤ ਬੈਂਸ, ਕੋਰੋਨਾ ਪੀੜਤਾਂ ਦਾ ਜਾਣਿਆ ਹਾਲ

ਲੁਧਿਆਣਾ (ਨਰਿੰਦਰ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਲੁਧਿਆਣਾ ਵੀ ਇਸ ਤੋਂ ਅਛੂਤਾ ਨਹੀਂ ਹੈ। ਇਸ ਦੌਰਾਨ ਲੁਧਿਆਣਾ ਦੀ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਵੱਲੋਂ ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਹਸਪਤਾਲ 'ਚ ਜ਼ੇਰੇ ਇਲਾਜ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ ਅਤੇ ਦੂਰੋਂ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਇਸ ਦੌਰਾਨ ਬੈਂਸ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਤੇ ਅਫ਼ਸਰਸ਼ਾਹੀ ਭਾਰੀ ਹੈ ਅਤੇ ਮੁੱਖ ਮੰਤਰੀ ਕੈਪਟਨ ਖੁਦ ਅਫ਼ਸਰਾਂ ਦੀ ਹੀ ਸੁਣਦੇ ਹਨ, ਜਦੋਂ ਕਿ ਉਨ੍ਹਾਂ ਦੇ ਕੈਬਨਿਟ ਵਜ਼ੀਰ ਵੀ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਗੱਲ ਵੀ ਨਹੀਂ ਸੁਣੀ ਜਾਂਦੀ।
ਇੱਥੇ 'ਜਗ ਬਾਣੀ' ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਹਸਪਤਾਲ 'ਚ ਮਰੀਜ਼ਾਂ ਦਾ ਹਾਲ ਜਾਣਨ ਆਏ ਹਨ ਕਿਉਂਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਨਾਲ ਸਹੀ ਤਰ੍ਹਾਂ ਵਰਤਾਓ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੀਮਾਰੀ ਤੋਂ ਬਚਣ ਦੀ ਲੋੜ ਹੈ ਨਾ ਕਿ ਬਿਮਾਰਾਂ ਤੋਂ। ਬੈਂਸ ਨੇ ਕਿਹਾ ਕਿ ਉਹ ਇੱਥੇ ਮਰੀਜ਼ਾਂ ਦੀ ਹੌਂਸਲਾ-ਅਫਜ਼ਾਈ ਕਰਨ ਲਈ ਪਹੁੰਚੇ ਅਤੇ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਲੁਧਿਆਣਾ 'ਚ ਹੀ ਇੱਕ ਮਜ਼ਦੂਰ ਵੱਲੋਂ ਰਾਸ਼ਨ ਨਾ ਮਿਲਣ ਅਤੇ ਸੁਸਾਈਡ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਉਸ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।

ਉਧਰ ਕੈਬਨਿਟ ਬੈਠਕ 'ਚ ਮੰਤਰੀਆਂ ਦੀ ਮੁੱਖ ਸਕੱਤਰ ਦੇ ਨਾਲ ਬਹਿਸ ਹੋਣ ਦੇ ਮਾਮਲੇ ਨੂੰ ਲੈ ਕੇ ਵੀ ਬੈਂਸ ਮੰਤਰੀਆਂ ਦਾ ਪੱਖ ਪੂਰਦੇ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਨੂੰ ਜ਼ਮੀਨੀ ਹਾਲਾਤ ਪਤਾ ਨਹੀਂ ਪਰ ਸਰਕਾਰ 'ਤੇ ਅਫ਼ਸਰਸ਼ਾਹੀ ਭਾਰੂ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਵਜ਼ੀਰਾਂ ਦੀ ਵੀ ਗੱਲ ਨਹੀਂ ਸੁਣੀ ਜਾਂਦੀ ਅਤੇ ਉਨ੍ਹਾਂ ਨੇ ਜੋ ਸਟੈਂਡ ਲਿਆ ਹੈ ਉਹ ਬਿਲਕੁਲ ਸਹੀ ਹੈ, ਇਸ ਦੌਰਾਨ ਬੈਂਸ ਨੇ ਸ਼ਰਾਬ ਦੀ ਹੋਮ ਡਲਿਵਰੀ ਨੂੰ ਲੈ ਕੇ ਵੀ ਸਰਕਾਰ ਵੱਲੋਂ ਕੀਤੀ ਜਾ ਰਹੀਆਂ ਸਿਫਾਰਸ਼ਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
 


author

Babita

Content Editor

Related News