ਜੇਲ ''ਚ ਮਾਰੇ ਅਜੀਤ ਦੇ ਹੱਕ ''ਚ ਨਿੱਤਰੇ ਬੈਂਸ, ਜਾਣਗੇ ਹਾਈਕੋਰਟ

Saturday, Jun 29, 2019 - 01:45 PM (IST)

ਜੇਲ ''ਚ ਮਾਰੇ ਅਜੀਤ ਦੇ ਹੱਕ ''ਚ ਨਿੱਤਰੇ ਬੈਂਸ, ਜਾਣਗੇ ਹਾਈਕੋਰਟ

ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ 'ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਅਜੀਤ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਡਿਪਟੀ ਪੁਲਸ ਕਮਿਸ਼ਨਰ ਅਸ਼ਵਨੀ ਕਪੂਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਰਹੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਪੁਲਸ ਵਲੋਂ ਧਮਕੀਆਂ ਮਿਲ ਰਹੀਆਂ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਅਜੀਤ ਸਿੰਘ ਜੰਗ ਨੂੰ ਗੋਲੀ ਮਾਰਨ ਵਾਲੇ ਜੇਲ ਮੁਲਾਜ਼ਮ ਧਾਲੀਵਾਲ 'ਤੇ 302 ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਸ ਮੌਕੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਹਨ।

ਮ੍ਰਿਤਕ ਅਜੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ 'ਤੇ ਪੁਲਸ ਵਲੋਂ ਲਗਾਤਾਰ ਸਸਕਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੁਲਸ ਨੇ ਪੋਸਟ ਮਾਰਟਮ ਵੀ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੀ ਕੀਤਾ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਕਤਲ ਕੀਤਾ ਗਿਆ ਹੈ। ਇਸ ਕਰਕੇ ਦੋਸ਼ੀ ਪੁਲਸ ਮੁਲਾਜ਼ਮਾਂ ਦੇ ਖਿਲਾਫ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਦੂਜੇ ਪਾਸੇ ਬੈਂਸ ਨੇ ਵੀ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਹਾਈਕੋਰਟ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਜੂਡੀਸ਼ੀਅਲ ਇਨਕੁਆਇਰੀ ਦੌਰਾਨ ਕੈਦੀਆਂ 'ਤੇ ਪਰਚਾ ਦਰਜ ਹੋ ਸਕਦਾ ਹੈ ਤਾਂ ਕੈਦੀਆਂ 'ਤੇ ਗੋਲੀ ਚਲਾਉਣ ਵਾਲੇ ਮੁਲਾਜ਼ਮ 'ਤੇ ਕਿਉਂ ਨਹੀਂ।
ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ
ਮ੍ਰਿਤਕ ਅਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਪੁਲਸ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ ਅਤੇ ਪੁਲਸ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਅਜੀਤ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਇਨਸਾਫ ਨਾ ਮਿਲਣ ਦੀ ਹਾਲਤ 'ਚ ਖੁਦਕੁਸ਼ੀ ਦੀ ਧਮਕੀ ਦਿੱਤੀ ਹੈ।


author

Babita

Content Editor

Related News