ਸਿੱਖਾਂ ਨੂੰ ਹੈਲਮਟ ਪਾਉਣ ਲਈ ਮਜਬੂਰ ਕਰਨਾ ਅਫਸੋਸ ਦੀ ਗੱਲ : ਜਥੇਦਾਰ
Tuesday, Apr 24, 2018 - 01:50 PM (IST)

ਅੰਮ੍ਰਿਤਸਰ (ਜ.ਬ.) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮਸਕਟ ਤੋਂ ਫੋਨ ਰਾਹੀਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇਕ ਸਿੱਖ ਨੂੰ ਹੈਲਮਟ ਪਾਉਣ ਲਈ ਮਜਬੂਰ ਕੀਤਾ ਜਾਵੇ, ਜਿਸ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ ਸਿੱਖਾਂ ਨੇ 87 ਫੀਸਦੀ ਕੁਰਬਾਨੀਆਂ ਕੀਤੀਆਂ ਹਨ ਅੱਜ ਉਨ੍ਹਾਂ ਨੂੰ ਹੀ ਦੇਸ਼ 'ਚ 2 ਨੰਬਰ ਦੇ ਸ਼ਹਿਰੀ ਗਿਣਿਆ ਜਾਣ ਲੱਗਾ ਹੈ। ਜਥੇਦਾਰ ਨੇ ਕਿਹਾ ਕਿ ਦਸਤਾਰ ਗੁਰੂ ਕੀ ਮੋਹਰ ਕੇਸਾਂ ਦੀ ਸੰਭਾਲ ਤਾਂ ਹੈ ਹੀ ਪਰ ਇਹ ਸਿੱਖਾਂ ਦਾ ਤਾਜ ਅਤੇ ਸਿੱਖੀ ਦੀ ਪਛਾਣ ਲਈ ਨਿਸ਼ਚਿਤ ਹੋ ਚੁੱਕੀ ਹੈ। ਸਿੱਖ ਰਹਿਤ ਮਰਿਆਦਾ 'ਚ ਵੀ ਦਸਤਾਰ ਹਰ ਗੁਰਸਿੱਖ ਲਈ ਸਜਾਉਣੀ ਜ਼ਰੂਰੀ ਹੈ। ਜੇਕਰ ਅਦਾਲਤਾਂ ਹੀ ਜਿਥਂੋ ਲੋਕਾਂ ਨੂੰ ਇਨਸਾਫ ਮਿਲਣਾ ਹੈ ਉਹੀ ਸਿਆਸਤ ਦੀ ਭੇਟ ਚੜ੍ਹ ਜਾਣ ਤਾਂ ਆਮ ਲੋਕ ਕਿੱਥੇ ਜਾਣਗੇ। ਜਥੇਦਾਰ ਨੇ ਕਿਹਾ ਕਿ ਸਿੱਖ ਦੀ ਆਨ ਅਤੇ ਸ਼ਾਨ ਦਸਤਾਰ ਦੇ ਨਾਲ ਹੀ ਹੈ। ਜੇਕਰ ਉੱਚ ਅਦਾਲਤ ਵੱਲੋਂ ਦਸਤਾਰ ਸਬੰਧੀ ਕੋਈ ਇਤਰਾਜ਼ਯੋਗ ਫੈਸਲਾ ਆਵੇਗਾ ਤਾਂ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀਂ ਉਹ ਫੈਸਲਾ ਕਿਸ ਤਰ੍ਹਾਂ ਕਰਨਗੇ। ਜਥੇਦਾਰ ਨੇ ਇਸ ਕੇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰੁਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਤੁਰੰਤ ਹੀ ਇਸ ਕੇਸ ਦੀ ਸਮਾਂ ਰਹਿੰਦਿਆਂ ਪੈਰਵੀ ਕਰ ਕੇ ਯੋਗ ਉਪਰਾਲੇ ਕੀਤੇ ਜਾਣ।