''ਸਿੱਖ ਰੈਫਰੈਂਸ ਲਾਇਬ੍ਰੇਰੀ'' ਦੇ ਵੇਚੇ ਦਸਤਾਵੇਜ਼ਾਂ ਦੀ ''ਆਪ'' ਨੇ ਮੰਗੀ ਜਾਂਚ
Thursday, Jun 13, 2019 - 12:48 PM (IST)
ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਦੋਸ਼ ਲਾਇਆ ਹੈ ਕਿ ਉਹ ਸਾਕਾ ਨੀਲਾ ਤਾਰਾ (1984) ਮੌਕੇ 'ਸਿੱਖ ਰੈਫਰੈਂਸ ਲਾਇਬ੍ਰੇਰੀ' 'ਚੋਂ ਭਾਰਤੀ ਫੌਜ ਵਲੋਂ ਜ਼ਬਤ ਅਤੇ ਨਸ਼ਟ ਕੀਤੇ ਬੇਹੱਦ ਵਿਲੱਖਣ ਅਤੇ ਬੇਸ਼ਕੀਮਤੀ ਦਸਤਾਵੇਜ਼ਾਂ ਬਾਰੇ ਦੇਸ਼-ਵਿਦੇਸ਼ 'ਚ ਵੱਸਦੀ ਸਮੁੱਚੀ ਸੰਗਤ ਨੂੰ ਗੁਮਰਾਹ ਕਰ ਰਹੇ ਹਨ, ਤਾਂ ਜੋ ਲੋਕਾਂ ਦਾ ਧਿਆਨ ਇਨ੍ਹਾਂ ਦਸਤਾਵੇਜ਼ਾਂ ਦੇ ਬਾਹਰੋਂ-ਬਾਹਰ ਵੇਚੇ ਜਾਣ ਬਾਰੇ ਲੱਗ ਰਹੇ ਗੰਭੀਰ ਦੋਸ਼ਾਂ ਤੋਂ ਭਟਕਾਇਆ ਜਾ ਸਕੇ।
'ਆਪ' ਨੇ ਇਸ ਮਾਮਲੇ ਦੀ ਸਰਕਾਰ ਵਲੋਂ ਹਾਈਕੋਰਟ ਰਾਹੀਂ ਸੀ. ਬੀ. ਆਈ. ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਪਾਰਟੀ ਹੈਡਕੁਆਟਰ ਤੋਂ ਬੁੱਧਵਾਰ ਨੂੰ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂਆਂ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ) ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਗ਼ਾਇਬ ਵਿਲਖਣ ਬੀੜਾਂ ਅਤੇ ਦਸਤਾਵੇਜ਼ਾਂ ਦੀ ਵਾਪਸੀ ਲਈ ਸੁਖਬੀਰ ਸਿੰਘ ਬਾਦਲ ਵਲੋਂ ਪਿਛਲੇ ਦਿਨੀਂ ਕੇਂਦਰੀ ਗ੍ਰਹਿ-ਮੰਤਰੀ ਅਮਿਤ ਸ਼ਾਹ ਤੱਕ ਕੀਤੀ ਗਈ ਪਹੁੰਚ ਮਹਿਜ਼ ਇੱਕ ਡਰਾਮਾ ਹੈ, ਕਿਉਂਕਿ ਬਾਦਲ ਖ਼ੁਦ ਕੇਂਦਰ ਸਰਕਾਰ ਦਾ ਹਿੱਸਾ ਹਨ।
'ਆਪ' ਵਿਧਾਇਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜੇਕਰ ਉਹ ਸੱਚਮੁਚ ਪੰਜਾਬ ਅਤੇ ਪੰਥ ਦੇ ਮੁੱਦਈ ਹੁੰਦੇ ਤਾਂ ਕੇਂਦਰ ਦੀ ਸੱਤਾ 'ਚ ਹਿੱਸੇਦਾਰ ਹੋਣ ਦੇ ਨਾਤੇ ਬਹੁਤ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਜ਼ਬਤ ਸਾਰੇ ਬੇਸ਼ਕੀਮਤੀ ਦਸਤਾਵੇਜ਼ਾਂ ਨੂੰ ਵਾਪਸ ਲਿਆ ਚੁੱਕੇ ਹੁੰਦੇ। 'ਆਪ' ਵਿਧਾਇਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਸਵਾਲ ਕੀਤਾ ਕਿ ਜਿਹੜੇ ਦਸਤਾਵੇਜ਼ ਭਾਰਤੀ ਫ਼ੌਜ/ਸਰਕਾਰ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਸਮੇਂ-ਸਮੇਂ 'ਤੇ ਔਨ ਰਿਕਾਰਡ ਵਾਪਸ ਕੀਤੇ ਜਾ ਚੁੱਕੇ ਹਨ, ਪਰੰਤੂ ਸਿੱਖ ਰੈਫਰੈਂਸ ਲਾਇਬਰੇਰੀ 'ਚੋਂ ਗ਼ਾਇਬ ਹਨ, ਉਹ (ਬਾਦਲ) ਉਨ੍ਹਾਂ ਦਸਤਾਵੇਜ਼ਾਂ ਦੇ ਗ਼ਾਇਬ ਹੋਣ ਦੀ ਉੱਚ ਪੱਧਰੀ ਜਾਂਚ ਤੋਂ ਹੁਣ ਤੱਕ ਕਿਉਂ ਭੱਜਦੇ ਆ ਰਹੇ ਹਨ, ਜਦਕਿ ਉਨ੍ਹਾਂ ਦੀ ਆਪਣੀ ਪਾਰਟੀ (ਅਕਾਲੀ ਦਲ) ਨਾਲ ਸੰਬੰਧਿਤ ਰਹੇ ਪੰਥਕ ਆਗੂ ਇਨ੍ਹਾਂ ਦਸਤਾਵੇਜ਼ਾਂ ਨੂੰ ਕਰੋੜਾਂ ਰੁਪਏ 'ਚ ਵੇਚੇ ਜਾਣ ਦੇ ਗੰਭੀਰ ਦੋਸ਼ ਲਾ ਰਹੇ ਹਨ।