ਪਾਕਿਸਤਾਨ ’ਚ ਸਿੱਖ ਸ਼ਰਧਾਲੂਆਂ ਨੂੰ ਮਿਲੇਗਾ ਦੇਸੀ ਘਿਉ ਦਾ ਤਿਆਰ ਪ੍ਰਸ਼ਾਦ

10/16/2019 1:20:47 AM

ਲਾਹੌਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ’ਚ ਦੁਨੀਆ ਭਰ ਤੋਂ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੇ ਪੈਮਾਨੇ 'ਤੇ ਪ੍ਰਸ਼ਾਦ ਤੇ ਅੰਮ੍ਰਿਤ ਜਲ ਦੀ ਸਪਲਾਈ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਦਿੰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਜਥਿਆਂ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਹੈ ਕਿ ਉਹ ਆਪਣੇ ਨਾਲ ਕਾਰੋਬਾਰ ਲਈ ਕਿਸੇ ਕਿਸਮ ਦੀ ਕੋਈ ਚੀਜ਼ ਨਾਲ ਲੈ ਕੇ ਨਾ ਆਉਣ। ਇਸ ਦੀ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸ਼ਰਧਾਲੂਆਂ ਲਈ 5 ਲੱਖ ਦੇ ਕਰੀਬ ਦੇਸੀ ਘਿਉ ਦੇ ਪ੍ਰਸ਼ਾਦ ਦੇ ਪੈਕੇਟ ਤਿਆਰ ਕੀਤੇ ਜਾਣਗੇ।

ਕਮੇਟੀ ਪ੍ਰਧਾਨ ਨੇ ਕਿਹਾ ਕਿ 100 ਗ੍ਰਾਮ ਦੇ ਪ੍ਰਸ਼ਾਦ ਦੇ ਪੈਕੇਟ 51 ਰੁਪਏ ਦੀ ਪਾਕਿਸਤਾਨੀ ਕਰੰਸੀ ਵਿਚ ਲਏ ਜਾਣਗੇ। ਇਹ ਇਸ ਲਈ ਲਿਆ ਜਾਂਦਾ ਹੈ ਤਾਂ ਕਿ ਗੁਰਦੁਆਰਾ ਸਾਹਿਬ 'ਤੇ ਖਰਚੇ ਦਾ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚੋਂ ਅਤੇ ਵਿਦੇਸ਼ਾਂ ਤੋਂ ਜਿਹੜੇ ਲੱਖਾਂ ਸ਼ਰਧਾਲੂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਣਗੇ, ਉਹ ਨਾਲ ਇਹ ਪ੍ਰਸ਼ਾਦ ਲੈ ਕੇ ਜਾਂਦੇ ਹਨ। ਅੰਮ੍ਰਿਤ ਜਲ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁ. ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਗੁ. ਪੰਜਾ ਸਾਹਿਬ ਹਸਨ ਅਬਦਾਲ ਵਿਚ ਵਾਟਰ ਫਿਲਟਰ ਲਾਏ ਗਏ ਹਨ, ਜਿਨ੍ਹਾਂ ਰਾਹੀਂ ਸ਼ਰਧਾਲੂ ਪਲਾਸਟਿਕ ਦੀਆਂ ਬੋਤਲਾਂ ਅਤੇ ਨਿੱਜੀ ਭਾਂਡਿਆਂ ’ਚ ਅੰਮ੍ਰਿਤ ਜਲ ਨਾਲ ਲਿਜਾ ਸਕਣਗੇ।


Khushdeep Jassi

Content Editor

Related News