ਪੱਗ ਨਾਲ ਅਨਜਾਣ ਦੀ ਜਾਨ ਬਚਾਉਣ ''ਤੇ ਸਿੱਖ ਦਾ ਕੈਨੇਡਾ ''ਚ ਸਨਮਾਨ

09/07/2019 1:15:27 PM

ਨਿਊਯਾਰਕ/ ਨਕੋਦਰ, (ਰਾਜ ਗੋਗਨਾ)— ਕੈਨੇਡਾ ਦੇ ਸ਼ਹਿਰ ਵਿਸਲਰ 'ਚ ਇਕ ਸਿੱਖ ਨੌਜਵਾਨ ਜਸ਼ਨਜੀਤ ਸਿੰਘ ਸੰਘਾ ਨੇ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਈ ਸੀ। ਇਸੇ ਲਈ ਬੀਤੇ ਦਿਨੀਂ ਉਸ ਨੂੰ ਪੁਲਸ ਵਲੋਂ ਸਨਮਾਨਿਤ ਕੀਤਾ ਗਿਆ।


ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ। ਜ਼ਿਲਾ ਜਲੰਧਰ ਦੇ ਨਕੋਦਰ ਨਾਲ ਸਬੰਧਤ ਜਸ਼ਨਜੀਤ ਸਿੰਘ ਸੰਘਾ 11 ਫਰਵਰੀ, 2019 ਨੂੰ ਵਿਸਲਰ ਵਿਖੇ ਟੈਕਸੀ ਚਲਾ ਰਿਹਾ ਸੀ। ਉਸ ਨੇ ਦੇਖਿਆ ਕਿ ਵਿਸਲਰ ਵਿਲੇਜ ਨੇੜੇ ਹੋਈ ਲੜਾਈ 'ਚ 3 ਵਿਅਕਤੀ ਜ਼ਖਮੀ ਹੋ ਗਏ, ਇਨ੍ਹਾਂ 'ਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਸੀ। ਜਸ਼ਨਜੀਤ ਸਿੰਘ ਸੰਘਾ ਨੇ ਉਸੇ ਵੇਲੇ ਹੀ ਆਪਣੀ ਦਸਤਾਰ ਉਤਾਰ ਕੇ ਉਸ ਦੇ ਜ਼ਖਮਾਂ ਦੁਆਲੇ ਲਪੇਟ ਦਿੱਤੀ ਤਾਂ ਕੇ ਉਸ ਦਾ ਖੂਨ ਨਿਕਲਣਾ ਬੰਦ ਹੋ ਜਾਵੇ ਤੇ ਤੁਰੰਤ ਉਸ ਨੂੰ ਆਪਣੀ ਗੱਡੀ 'ਚ ਪਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾ ਲਈ। ਜਦ ਵਿਸਲਰ ਆਰ. ਸੀ. ਐਮ. ਪੀ. ਨੇ ਉਸ ਦਾ ਮਾਣ-ਸਨਮਾਨ ਕੀਤਾ ਤਾਂ ਉਸ ਨੇ ਇੰਨਾ ਹੀ ਕਿਹਾ, “ਕਿਸੇ ਦੀ ਮਦਦ ਕਰਨ ਵਾਲਾ ਬੰਦਾ ਬਣ ਕੇ ਖੁਸ਼ੀ ਹੋਈ ਹੈ।''
ਜਸ਼ਨਜੀਤ ਸਿੰਘ ਸੰਘਾ ਵਰਗੇ ਸਿੱਖ ਹੀ ਦੁਨੀਆ 'ਚ ਸਾਡੇ ਰਾਜਦੂਤ (ਅੰਬੈਸਡਰ) ਹਨ, ਜੋ ਗੁਰੂ ਸਾਹਿਬਾਨ ਵਲੋਂ ਦਿਖਾਏ ਸਿਧਾਤਾਂ 'ਤੇ ਚੱਲ ਕੇ ਮਾਨਵਤਾ ਨੂੰ ਦਰਸਾਉਂਦੇ ਹਨ ਕਿ ਅਸੀਂ 'ਸਰਬੱਤ ਦਾ ਭਲਾ' ਮੰਗਣ ਵਾਲੇ ਹਾਂ। ਦੱਸਣਯੋਗ ਹੈ ਕਿ ਜਸ਼ਨਜੀਤ ਦੇ ਪਿਤਾ ਜੀ ਸ. ਜਗਤਾਰ ਸਿੰਘ ਸੰਘਾ ਨਕੋਦਰ ਦੇ ਗੁਰੂ ਨਾਨਕ ਕਾਲਜ (ਲੜਕੇ) 'ਚ ਪੰਜਾਬੀ ਪੜ੍ਹਾਉਂਦੇ ਹਨ ਜਦਕਿ ਉਸ ਦੇ ਮਾਤਾ ਜੀ ਸਰਦਾਰਨੀ ਸੁਖਵਿੰਦਰ ਕੌਰ ਸੰਘਾ ਗੁਰੂ ਨਾਨਕ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਹਨ।


Related News