15 ਦੇਸ਼ਾਂ ਦੇ ਸਿੱਖ ਆਗੂਆਂ ਦਾ ਵਫ਼ਦ ਗੁਰਦੁਆਰਾ ਸ੍ਰੀ ਦੂਖਨਿਵਾਰਣ ਸਾਹਿਬ ਹੋਇਆ ਨਤਮਸਤਕ

Monday, Apr 03, 2023 - 07:58 PM (IST)

15 ਦੇਸ਼ਾਂ ਦੇ ਸਿੱਖ ਆਗੂਆਂ ਦਾ ਵਫ਼ਦ ਗੁਰਦੁਆਰਾ ਸ੍ਰੀ ਦੂਖਨਿਵਾਰਣ ਸਾਹਿਬ ਹੋਇਆ ਨਤਮਸਤਕ

ਪਟਿਆਲਾ (ਜੋਸਨ, ਰਾਣਾ) : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਣ ਸਾਹਿਬ ਵਿਖੇ 15 ਦੇਸ਼ਾਂ ਦੇ ਸਿੱਖ ਆਗੂਆਂ ਦਾ ਵਫ਼ਦ ਸ਼ਰਧਾਲੂ ਬਣ ਕੇ ਗੁਰੂ ਦਰਬਾਰ ਵਿਖੇ ਨਤਮਸਤਕ ਹੋਇਆ। ਸਿੱਖ ਵਫ਼ਦ ’ਚ ਸ਼ਾਮਲ ਵੱਖ-ਵੱਖ ਦੇਸ਼ਾਂ ਦੀਆਂ 101 ਧਾਰਮਿਕ ਸ਼ਖਸੀਅਤਾਂ ਦਾ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਗੁਰਦੁਆਰਾ ਪ੍ਰਬੰਧਕਾਂ ਨੇ ਜੀ ਆਇਆਂ ਆਖਿਆ ਤੇ ਉਨ੍ਹਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਸਨਮਾਨਿਤ ਵੀ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੈਨੇਡਾ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਬਿੱਟਾ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਇਸ ਮੌਕੇ ਗੱਲਬਾਤ ਕਰਦਿਆਂ ਯੋਗੀ ਅਮਨਦੀਪ ਸਿੰਘ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਧਾਰਮਿਕ ਆਗੂਆਂ ਦਾ ਵਫ਼ਦ ਪੰਜਾਬ ਦੇ ਉਨ੍ਹਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਿਹਾ ਹੈ, ਜਿਥੇ ਦਸ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਹੈ, ਜਿਸ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਉਦੇਸ਼ ਰਾਹੀਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ, ਜਿਸ ਨੂੰ ਪਹੁੰਚਾਉਣ ਦਾ ਕੰਮ ਦੇਸ਼ਾਂ ਦੇ ਧਾਰਮਿਕ ਨੁਮਾਇੰਦੇ ਕਰ ਰਹੇ ਹਨ ਤਾਂ ਕਿ ਭਾਈਚਾਰਕ ਸਾਂਝ ਨੂੰ ਦੇਸ਼-ਵਿਦੇਸ਼ ਦੀ ਧਰਤੀ ’ਤੇ ਲਿਜਾ ਕੇ ਗੁਰੂ ਸਾਹਿਬਾਨ ਦੇ ਮਿਸ਼ਨ ਨਾਲ ਜੋੜਿਆ ਜਾ ਸਕੇ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਕੁਵੈਤ 'ਚ ਭੇਤਭਰੇ ਹਾਲਾਤ ਵਿਚ ਮੌਤ, ਪਿੰਡ 'ਚ ਫੈਲੀ ਸੋਗ ਦੀ ਲਹਿਰ

ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਣ ਸਾਹਿਬ ਪਹੁੰਚ ਕੇ ਅੱਜ ਪ੍ਰਬੰਧਕਾਂ ਪਾਸੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਜਾਣਕਾਰੀ ਹਾਸਲ ਕੀਤੀ, ਉਥੇ ਹੀ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਦੇ ਨਾਲ ਪੰਗਤ ਸੰਗਤ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਵੀ ਮਾਣਿਆ ਹੈ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਭਾਗ ਸਿੰਘ ਤੇ ਗੁਰਮੀਤ ਸਿੰਘ ਸੁਨਾਮ ਤੋਂ ਇਲਾਵਾ ਸੰਤ-ਮਹਾਪੁਰਸ਼ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਆਦਿ ਧਾਰਮਿਕ ਆਗੂਆਂ ਦੇ ਵਫ਼ਦ ਮੈਂਬਰ ਵੀ ਸ਼ਾਮਲ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News