ਨਵੇਂ ਝੂਠੇ ਐਲਾਨ ਛੱਡ, ਪਹਿਲਾਂ ਤੋਂ ਕੀਤੇ ਵਾਅਦਿਆਂ ਦੀ ਗੱਠੜੀ ਵੱਲ ਧਿਆਨ ਦੇਣ ਸਿੱਧੂ : ਸ਼ਰਮਾ
Saturday, Aug 07, 2021 - 01:13 PM (IST)
ਚੰਡੀਗੜ੍ਹ (ਰਮਨਜੀਤ) : 2017 ਦੀਆਂ ਵਿਧਾਨਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਕਾਂਗਰਸ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਝੂਠੀ ਕੋਸ਼ਿਸ਼ ਕਰਨ ਦੇ ਐਲਾਨ ਕਰਨੇ ਸੁਰੂ ਕਰ ਦਿੱਤੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਦੇ ਲੋਕਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦੇ ਝੂਠੇ ਚੋਣ ਐਲਾਨ ’ਤੇ ਸਖਤ ਨੋਟਿਸ ਲੈਂਦਿਆਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿੱਧੂ ਜਨਤਾ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਐਲਾਨ ਸਿੱਧੇ ਤੌਰ ’ਤੇ ਇੱਕ ਹਾਸੋਹੀਣਾ ਹੈ। ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਜਨਤਾ ਨਾਲ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਤੋਂ ਪਹਿਲਾਂ ਵੀ ਸੂਬੇ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੂੰ ਸੁਨਹਿਰੀ ਸੁਪਨੇ ਦਿਖਾਏ ਅਤੇ ਪੰਜਾਬ ਦੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੇ ਉਦਯੋਗਾਂ ਨੂੰ ਅਜੇ ਵੀ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਿਲ ਰਹੀ ਹੈ। ਇੱਕ ਪਾਸੇ, ਪੂਰੀ ਦੁਨੀਆਂ ਦੀ ਤਰ੍ਹਾਂ, ਪੰਜਾਬ ਵੀ ਕੋਰੋਨਾ ਕਾਰਣ ਦੋ ਵਾਰ ਲਾਕਡਾਊਨ ਦੀ ਮਾਰ ਹੇਠ ਆਇਆ ਹੈ। ਜਿਸ ਕਾਰਣ ਇੱਥੋਂ ਦੇ ਲੋਕਾਂ ਦੇ ਕਾਰੋਬਾਰ ਅਤੇ ਉਦਯੋਗ ਬੰਦ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਇੱਕ ਪੈਸਾ ਵੀ ਰਾਹਤ ਨਹੀਂ ਦਿੱਤੀ ਹੈ। ਜਿਸ ਕਾਰਣ ਉਦਯੋਗਪਤੀ, ਵਪਾਰੀ ਅਤੇ ਆਮ ਲੋਕ ਇੱਥੇ ਬਹੁਤ ਪ੍ਰੇਸ਼ਾਨ ਹਨ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਸਨਅਤਕਾਰ ਪੰਜਾਬ ਛੱਡ ਕੇ ਬਾਹਰੀ ਸੂਬਿਆਂ ’ਚ ਜਾਣ ਲਈ ਮਜ਼ਬੂਰ ਹੋਏ ਹਨ।
ਇਹ ਵੀ ਪੜ੍ਹੋ : ਤਿੰਨ ਥਰਮਲਾਂ ਨਾਲ ਬਿਜਲੀ ਸਮਝੌਤੇ ਰੱਦ ਹੋਏ ਤਾਂ ਪੰਜਾਬ ਨੂੰ ਦੇਣੇ ਪੈਣਗੇ 10,590 ਕਰੋੜ ਰੁਪਏ
ਸਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸੇ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਨਹੀਂ ਦਿੱਤੀ ਅਤੇ ਸਿੱਧੂ ਹੁਣ 3 ਰੁਪਏ ਬਿਜਲੀ ਦੇਣ ਦੀ ਗੱਲ ਕਰ ਰਹੇ ਹਨ, ਜੋ ਕਿ ਜਨਤਾ ਨਾਲ ਸਰਾਸਰ ਧੋਖਾ ਹੈ। ਸਿੱਧੂ ਵਲੋਂ ਬੋਲੇ ਜਾ ਰਹੇ ਅਜਿਹੇ ਹਾਸੋਹੀਣੇ ਵਾਕ ਸਿਰਫ ਟੀਵੀ ਸੋਆਂ ਵਿਚ ਹੀ ਚੰਗੇ ਲੱਗਦੇ ਹਨ ਪੰਜਾਬ ਦੇ ਲੋਕ ਸਿੱਧੂ ਦੇ ਇਨ੍ਹਾਂ ਹਾਸੋਹੀਣੇ ਸ਼ਬਦਾਂ ‘ਤੇ ਵਿਸ਼ਵਾਸ ਨਹੀਂ ਕਰਨਗੇ। ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਕਾਂਗਰਸ ਸਰਕਾਰ ਨੂੰ ਵੋਟ ਦੇ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਪਛਤਾਵੇ ਦੀ ਅੱਗ ਵਿਚ ਸੜ ਰਹੇ ਹਨ। ਪੰਜਾਬ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਰਗ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਲਗਾਤਾਰ ਸਾਢੇ ਚਾਰ ਸਾਲ ਉਸੇ ਕਾਂਗਰਸ ਸਰਕਾਰ ਦਾ ਹਿੱਸਾ ਰਹੇ ਹਨ, ਜਿਸ ਵਿਚ ਉਹ ਹੁਣ ਪ੍ਰਧਾਨ ਵੀ ਹਨ। ਹੁਣ ਉਨ੍ਹਾਂ ਦੇ ਹੱਥ ਵਿਚ ਇੱਕ ਸੁਨਹਿਰੀ ਮੌਕਾ ਹੈ, ਜਿਨ੍ਹਾਂ ਮੁੱਦਿਆਂ ਲਈ ਉਹ ਆਪਣੀ ਕਾਂਗਰਸ ਸਰਕਾਰ ਵਿਰੁੱਧ ਆਵਾਜ਼ ਚੁੱਕਦੇ ਰਹੇ ਹਨ, ਅਗਲੇ ਚੋਣ ਐਲਾਨਾਂ ਨੂੰ ਛੱਡ ਕੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਵਲੋਂ ਪਹਿਲਾਂ ਜਨਤਾ ਨਾਲ ਕੀਤੇ ਝੂਠੇ ਵਾਅਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਸਮੇਂ ਮੁਫ਼ਤ ਬਿਜਲੀ ਦੀ ਲੋੜ ਨਹੀਂ ਹੈ, ਸਗੋਂ 24 ਘੰਟੇ ਅਤੇ ਸਸਤੀ ਬਿਜਲੀ ਦੀ ਲੋੜ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ’ਤੇ ਇਹ ਪੂਰੀ ਕੀਤੀ ਜਾਏਗੀ। ਕਿਉਂਕਿ ਭਾਜਪਾ ਨੇ ਜੋ ਕਿਹਾ ਹੈ ਉਹ ਕੀਤਾ ਹੈ।
ਇਹ ਵੀ ਪੜ੍ਹੋ : ਭਾਜਪਾ ਮਹਿਲਾ ਵਿੰਗ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ’ਤੇ ਭੜਕੇ ਕਿਸਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ