‘ਆਪ’ ਸਰਕਾਰ ਦੀ ਨਾਲਾਇਕੀ ਕਾਰਣ ਹੋਇਆ ਸਿੱਧੂ ਮੂਸੇਵਾਲਾ ਦਾ ਕਤਲ : ਨਿਮਿਸ਼ਾ ਮਹਿਤਾ

05/31/2022 5:46:54 PM

ਗੜ੍ਹਸ਼ੰਕਰ : ਭਾਜਪਾ ਆਗੂ ਨਿਮਿਸ਼ਾ ਮਹਿਤਾ ਵਲੋਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਰੋਸ ਵਜੋਂ ਸ਼ਹਿਰ ਗੜ੍ਹਸ਼ੰਕਰ ਵਿਚ ਕੈਂਡਲ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ ਅਤੇ ਪੰਜਾਬ ਦੇ ਪੁਲਸ ਮੁਖੀ ਜ਼ਿੰਮੇਵਾਰ ਹਨ ਕਿਉਂਕਿ ਇਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਪਹਿਲਾਂ ਸਕਿਓਰਿਟੀ ਵਾਪਸ ਲਈ ਅਤੇ ਫਿਰ ਇਸ ਗੱਲ ਨੂੰ ਅਖ਼ਬਾਰਾਂ ਰਾਹੀਂ ਜਨਤਕ ਕਰ ਦਿੱਤਾ। ਸਕਿਓਰਿਟੀ ਵਾਪਸ ਲੈਣ ਦੀਆਂ ਖਬਰਾਂ ਨਾਲ ਮੂਸੇਵਾਲਾ ਦੇ ਦੁਸ਼ਮਣ ਹੁਸ਼ਿਆਰੀ ਵਿਚ ਆ ਗਏ ਅਤੇ ਉਨ੍ਹਾਂ ਨੇ ਇਸ ਕਲਾਕਾਰ ’ਤੇ ਹਮਲਾ ਕਰ ਦਿੱਤਾ ਅਤੇ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਸਰਕਾਰ ਲੱਖ ਦਿਲਾਸੇ ਦੇ ਦੇਵੇ ਅਤੇ ਜਾਂਚ ਕਰਵਾ ਲਵੇ ਪਰ ਮਾਂ ਦਾ ਮਰਿਆ ਪੁੱਤ ਨਹੀਂ ਮੋੜ ਸਕਦੀ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਉਸ ਦੀ ਪੁਲਸ ਇਸ ਕੇਸ ਨਾਲ ਕਿਸੇ ਕਿਸਮ ਦੀ ਸ਼ਰਾਰਤਬਾਜ਼ੀ ਕਰਨ ਦੀ ਹਿੰਮਤ ਨਾ ਕਰੇ ਕਿਉਂਕਿ ‘ਆਪ’ ਪਾਰਟੀ ਦੀ ਇਹ ਪੁਰਾਣੀ ਆਦਤ ਹੈ ਅਤੇ ਜੇਕਰ ਉਨ੍ਹਾਂ ਸਿਆਸਤ ਤੋਂ ਪ੍ਰੇਰਤ ਗੱਲਾਂ ਇਸ ਕਤਲ ਪਿੱਛੇ ਆਪਣੀ ਨਲਾਇਕੀ ਨੂੰ ਲੁਕਾਉਣ ਲਈ ਕੀਤੀਆਂ ਤਾਂ ਭਗਵੰਤ ਸਰਕਾਰ ਇਹ ਨਾ ਭੁੱਲੇ ਕਿ ਇਸ ਵੇਲੇ ਸਾਰੇ ਪੰਜਾਬ ਵਿਚ ਸਿਰਫ ਰੋਸ ਨਹੀਂ ਸਗੋਂ ਇਕ ਤੋਂ ਬਾਅਦ ਇਕ ਹੋਣ ਵਾਲੇ ਅਜਿਹੇ ਕਤਲਾਂ ਨੂੰ ਲੈ ਕੇ ਭਾਰੀ ਗੁੱਸਾ ਵੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਬਾਸ਼ਿੰਦਾ ਇਸ ਕਤਲ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦਾ ਹੈ ਅਤੇ ਕਤਲ ਦੇ ਕਾਰਣਾਂ ਨੂੰ ਜਾਨਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਇਨਸਾਫ਼ ਲੈ ਕੇ ਰਹਾਂਗੇ।


Gurminder Singh

Content Editor

Related News