ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਵੱਡਾ ਬਿਆਨ
Sunday, Oct 02, 2022 - 06:20 PM (IST)
ਮਾਨਸਾ (ਅਮਰਜੀਤ) : ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗੈਂਗਸਟਰ ਦੀਪਕ ਟੀਨੂੰ ਦੇ ਮਾਨਸਾ ਪੁਲਸ ਹਿਰਾਸਤ ਤੋਂ ਫ਼ਰਾਰ ਹੋਣ ਤੋਂ ਬਾਅਦ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੰਜਾਬ ਸਰਕਾਰ ਤੇ ਪੁਲਸ 'ਤੇ ਸਵਾਲ ਖੜ੍ਹੇ ਕੀਤੇ ਹਨ। ਮਾਤਾ ਚਰਨ ਕੌਰ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਹੈ, ਜਿਸ ਕਾਰਨ ਖ਼ਤਰਨਾਕ ਗੈਂਗਸਟਰ ਸ਼ਰੇਆਮ ਪੁਲਸ ਹਿਰਾਸਤ 'ਚੋਂ ਫ਼ਰਾਰ ਹੋ ਰਹੇ ਹਨ। ਮੂਸੇਵਾਲਾ ਦਾ ਮਾਤਾ ਨੇ ਕਿਹਾ ਕਿ ਆਪਣੇ ਪੁੱਤ ਨੂੰ ਇਨਸਾਫ਼ ਦਵਾਉਣ ਲਈ ਬੇਸ਼ੱਕ ਸਾਨੂੰ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪਵੇ ਪਰ ਅਸੀਂ ਹਰ ਹਾਲ 'ਚ ਇਨਸਾਫ਼ ਲੈ ਕੇ ਰਿਹਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਾਰੀਆਂ ਸਹੂਲਤਾਂ ਜੇਲ੍ਹਾਂ 'ਚ ਬੈਠਿਆਂ ਨੂੰ ਹੀ ਮਿਲੀ ਜਾ ਰਹੀਆਂ ਹਨ। ਬੀਤੇ ਦਿਨੀਂ ਵੀ ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੇਸ਼ੀ 'ਤੇ ਲਜਾਇਆ ਜਾ ਰਿਹਾ ਸੀ , ਉਸ ਵੇਲੇ ਲਾਰੈਂਸ ਦੇ ਮੱਥੇ 'ਤੇ ਤਿਲਕ ਲੱਗਾ ਹੋਇਆ ਸੀ। ਜਿਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਸ ਦੀ ਪੂਜਾ ਕਰਕੇ ਉਸ ਨੂੰ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਫਿਰੋਜ਼ਪੁਰ ਦੀ ਬੱਲੇ-ਬੱਲੇ, ਬਣਿਆ ਪੰਜਾਬ ਦਾ ਸਭ ਤੋਂ ਵੱਧ ਸਾਫ਼-ਸੁਥਰਾ ਸ਼ਹਿਰ
ਮਾਤਾ ਚਰਨ ਕੌਰ ਨੇ ਕਿਹਾ ਕਿ ਆਮ ਲੋਕ ਹੀ ਉਸ ਨਾਲ ਖੜ੍ਹੇ ਹਨ ਤੇ ਪੰਜਾਬ ਸਰਕਾਰ ਕੋਲੋਂ ਉਨ੍ਹਾਂ ਨੂੰ ਕੁਝ ਖ਼ਾਸ ਉਮੀਦ ਨਹੀਂ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਿੱਧੂ ਨੂੰ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ ਕੱਢੇ ਜਾਣਗੇ। ਇਸ ਦੇ ਲਈ ਉਹ ਇਕ ਵਟਸਐੱਪ ਨੰਬਰ ਵੀ ਜਾਰੀ ਕਰਨਗੇ। ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਪੁੱਛਿਆ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿੱਧੂ ਦੇ ਅਸਲ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਈ ਲੋਕਾਂ ਦੇ ਨਾਮ ਵੀ ਪੁਲਸ ਨੂੰ ਦਰਜ ਕਰਵਾਏ ਗਏ ਸਨ ਪਰ ਪੁਲਸ ਵੱਲੋਂ ਉਸ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲਕਾਂਡ 'ਚ ਕਾਬੂ ਕੀਤਾ ਗੈਂਗਸਟਰ ਦੀਪਕ ਟੀਨੂੰ ਕੱਲ੍ਹ ਮਾਨਸਾ ਪੁਲਸ ਦੀ ਹਿਰਾਸਤ 'ਚੋਂ ਫ਼ਰਾਰ ਹੋ ਗਿਆ। ਸੂਤਰਾਂ ਮੁਤਾਬਕ ਮਾਨਸਾ ਪੁਲਸ ਉਸ ਨੂੰ ਬੀਤੀ ਰਾਤ ਗੋਇੰਦਵਾਲ ਸਾਹਿਬ ਦੀ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਜਾ ਰਹੀ ਸੀ, ਇਸ ਦੌਰਾਨ ਉਹ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।