ਸਿੱਧੂ ਸਿਰਫ਼ ਮੁੱਖ ਮੰਤਰੀ ਬਣਨ ਦੀ ਇੱਛਾ ਨਾਲ ਕਾਂਗਰਸ ’ਚ, ਮੈਂ ਜਨਮ ਤੋਂ ਕਾਂਗਰਸੀ : ਰਾਣਾ ਗੁਰਜੀਤ
Sunday, Dec 19, 2021 - 09:56 PM (IST)
ਚੰਡੀਗੜ੍ਹ (ਰਮਨਜੀਤ)- ਕਾਂਗਰਸ ਦੇ ਸੀਨੀਅਰ ਨੇਤਾ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਤਿੱਖਾ ਹਮਲਾ ਬੋਲਿਆ ਹੈ। ਰਾਣਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਹੱਕ ਨਹੀਂ ਹੈ ਕਿਸੇ ਪਾਰੰਪਰਕ ਤੇ ਸੱਚੇ ਕਾਂਗਰਸੀ ਦੀ ਵਫ਼ਾਦਾਰੀ ’ਤੇ ਸਵਾਲ ਚੁੱਕਣ ਦਾ ਕਿਉਂਕਿ ਇਹ ਸਭ ਜਾਣਦੇ ਹਨ ਕਿ ਨਵਜੋਤ ਸਿੰਘ ਸਿੱਧੂ ਸਿਰਫ਼ ਮੁੱਖ ਮੰਤਰੀ ਬਣਨ ਦੀ ਇੱਛਾ ਲੈ ਕੇ ਹੀ ਕਾਂਗਰਸ ’ਚ ਆਏ ਹਨ, ਜਦੋਂ ਕਿ ਉਹ ਜਨਮ ਤੋਂ ਹੀ ਕਾਂਗਰਸੀ ਹਨ। ਰਾਣਾ ਗੁਰਜੀਤ ਸਿੰਘ ਨੇ ਪਾਰਟੀ ਦੇ ਅੰਦਰ ਵਿਭਾਜਨ ਪੈਦਾ ਕਰਨ ਦੇ ਯਤਨਾਂ ਲਈ ਵੀ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ।
ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਾਵਧਾਨ ਰਹਿਣ ਤੇ ਆਪਣੀ ਭਾਸ਼ਾ ’ਤੇ ਧਿਆਨ ਦੇਣ ਸਿੱਧੂ, ਖਾਸ ਕਰ ਕੇ ਉਦੋਂ ਜਦੋਂ ਤੁਸੀਂ ਇਕ ਸੱਚੇ ਕਾਂਗਰਸੀ ਬਾਰੇ ਗੱਲ ਕਰ ਰਹੇ ਹੋ। ਰਾਣਾ ਨੇ ਸਿੱਧੂ ਨੂੰ ਕਿਹਾ, ਤੁਸੀਂ ਇਕ ਭਾਅੜੇ ਦੇ ਵਿਅਕਤੀ ਦੀ ਤਰ੍ਹਾਂ ਹੋ, ਜੋ ਸਿਰਫ਼ ਮੁੱਖ ਮੰਤਰੀ ਬਣਨ ਦਾ ਇਕਮਾਤਰ ਉਦੇਸ਼ ਲੈ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਹੋ, ਜਦੋਂ ਕਿ ਮੈਂ ਕਾਂਗਰਸ ’ਚ ਜਨਮ ਤੋਂ ਹੀ ਰਿਹਾ ਹਾਂ। ਰਾਣਾ ਨੇ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ’ਚ ਨਵਜੋਤ ਸਿੰਘ ਸਿੱਧੂ ਵਲੋਂ ਕੀਤੀ ਗਈ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ’ਚ ਸਿੱਧੂ ਨੇ ਕਿਹਾ ਸੀ ਕਿ ਹੁਣ ਉਨ੍ਹਾਂ ਦੇ (ਰਾਣਾ) ਲਈ ਸੜਕ ਦਾ ਅੰਤ ਹੈ। ਰਾਣਾ ਨੇ ਕਿਹਾ ਕਿ ਸਿੱਧੂ ਸਿਰਫ਼ ਇਕ ਰਾਜਨੀਤਿਕ ਭਾਅੜੇ ਦੇ ਵਿਅਕਤੀ ਸਨ, ਜੋ ਕਿਸੇ ਵੀ ਸਿਧਾਂਤ ਜਾਂ ਵਿਚਾਰਧਾਰਾ ਤੋਂ ਰਹਿਤ ਸਨ। ਉਨ੍ਹਾਂ ਕਿਹਾ ਕਿ ਇਹ ਵਿਡੰਬਨਾ ਹੈ ਕਿ ਕੋਈ ਅਜਿਹਾ ਵਿਅਕਤੀ, ਜੋ ਮੂਲ ਰੂਪ ਤੋਂ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਰਾਜਨੀਤਿਕ ਦਲਾਂ ’ਚ ਇੱਧਰ ਤੋਂ ਉਧਰ ਛਾਲਾਂ ਮਾਰਦਾ ਰਿਹਾ ਹੈ ਅਤੇ ਜਿਸ ਨੇ ਪਾਰਟੀ ’ਚ ਅਜੇ ਪੰਜ ਸਾਲ ਵੀ ਨਹੀਂ ਬਿਤਾਏ ਹਨ, ਉਹ ਉਨ੍ਹਾਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਹੈ, ਜਿਨ੍ਹਾਂ ਨੇ ਪਾਰਟੀ ਦੀ ਸੇਵਾ ’ਚ ਆਪਣਾ ਪੂਰਾ ਜੀਵਨ ਗੁਜ਼ਾਰਿਆ ਹੈ।
ਇਹ ਖ਼ਬਰ ਪੜ੍ਹੋ- ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ
ਸਿੱਧੂ ’ਤੇ ਟਿੱਪਣੀ ਕਰਦਿਆਂ ਰਾਣਾ ਨੇ ਕਿਹਾ ਕਿ ਸਿੱਧੂ ਦੇ ਅਸਥਿਰ ਅਤੇ ਸਨਕੀ ਸੁਭਾਅ ਨੂੰ ਧਿਆਨ ’ਚ ਰੱਖਦਿਆਂ, ਕੋਈ ਵੀ ਉਸ ਬਾਰੇ ਨਿਸ਼ਚਿਤ ਨਹੀਂ ਹੈ ਕਿ ਉਹ ਵਿਧਾਨਸਭਾ ਚੋਣਾਂ ਤੱਕ ਕਾਂਗਰਸ ’ਚ ਬਣੇ ਰਹਿਣਗੇ ਜਾਂ ਬਹੁਤ ਪਹਿਲਾਂ ਹੀ ਚੋਣ ਮੈਦਾਨ ਤੋਂ ਭੱਜ ਲੈਣਗੇ। ਰਾਣਾ ਨੇ ਕਿਹਾ ਕਿ ਪਰ ਜਿੰਨੀ ਜਲਦੀ ਸਿੱਧੂ ਕਾਂਗਰਸ ਛਡਣਗੇ, ਕਾਂਗਰਸ ਲਈ ਓਨਾ ਹੀ ਬਿਹਤਰ ਹੋਵੇਗਾ, ਕਿਉਂਕਿ ਸਿੱਧੂ ਨੇ ਪਾਰਟੀ ਨੂੰ ਅੰਦਰੋਂ ਵੰਡਿਆ ਅਤੇ ਨੁਕਸਾਨ ਪਹੁੰਚਾਇਆ ਹੈ ਜਿਵੇਂ ਕਿ ਸਿੱਧੂ ਆਪਣੇ ਅਸਲੀ ਰਾਜਨੀਤਿਕ ਆਕਾਵਾਂ ਦੇ ਕਿਸੇ ਛੁਪੇ ਹੋਏ ਏਜੰਡੇ ਮੁਤਾਬਿਕ ਕੰਮ ਕਰ ਰਿਹਾ ਹੋਣ। ਕਾਂਗਰਸ ਦੇ ਸੀਨੀਅਰ ਨੇਤਾ ਨੇ ਸਿੱਧੂ ਦੀ ਆਪਣੀ ਸਰਕਾਰ ਤੇ ਮੁੱਖ ਮੰਤਰੀ ਦਾ ਵਿਰੋਧ ਕਰਨ ਦੀ ਇੱਛਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੈ।
ਰਾਣਾ ਨੇ ਸਿੱਧੂ ਨੂੰ ਕਿਹਾ ‘ਤੁਸੀ ਖੁੱਲ੍ਹੇ ਤੌਰ ’ਤੇ ਸਾਡੇ ਮੁੱਖ ਮੰਤਰੀ ਦੀ ਆਲੋਚਨਾ ਕਰ ਰਹੇ ਹੋ, ਕਿਉਂਕਿ ਤੁਸੀਂ ਜਨਤਾ ’ਚ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਲੈ ਕੇ ਈਰਖਾ ਨਾਲ ਗ੍ਰਸਤ ਹੋ ਅਤੇ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹੋਣ।’ ਰਾਣਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਰੂਪ ’ਚ ਸਿੱਧੂ ਦੀ ਮੁੱਖ ਜ਼ਿੰਮੇਵਾਰੀ ਪਾਰਟੀ ਨੂੰ ਇਕਜੁੱਟ ਰੱਖਣਾ ਹੈ ਪਰ ਉਲਟਾ ਸਿੱਧੂ ਨੇ ਪਾਰਟੀ ਆਲਾਕਮਾਨ ਵਲੋਂ ਗਠਿਤ ਅਭਿਆਨ ਕਮੇਟੀ, ਘੋਸ਼ਣਾ ਪੱਤਰ ਕਮੇਟੀ ਤੇ ਸਕ੍ਰੀਨਿੰਗ ਕਮੇਟੀ ’ਚ ਦਰਾਰ ਪੈਦਾ ਕਰਨ ’ਚ ਕੋਈ ਕਸਰ ਨਹੀਂ ਛੱਡੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।