ਛੱਤਾਂ ਉਪਰ ਚੱਲ ਰਹੇ ਪੱਬਾਂ ''ਤੇ ਭੜਕੇ ਸਿੱਧੂ, ਪਾਪਾ ਵਿਸਕੀ ਅਤੇ ਬ੍ਰਿਊ ਮਾਸਟਰ ਨੂੰ ਤੁਰੰਤ ਸੀਲ ਕਰਨ ਦੇ ਹੁਕਮ

Friday, Jun 15, 2018 - 07:35 AM (IST)

ਛੱਤਾਂ ਉਪਰ ਚੱਲ ਰਹੇ ਪੱਬਾਂ ''ਤੇ ਭੜਕੇ ਸਿੱਧੂ, ਪਾਪਾ ਵਿਸਕੀ ਅਤੇ ਬ੍ਰਿਊ ਮਾਸਟਰ ਨੂੰ ਤੁਰੰਤ ਸੀਲ ਕਰਨ ਦੇ ਹੁਕਮ

ਜਲੰਧਰ (ਖੁਰਾਨਾ) - ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਜਿਥੇ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ 'ਤੇ ਸਖ਼ਤ ਦਿਸੇ, ਉਥੇ ਉਨ੍ਹਾਂ ਜਲੰਧਰ ਵਿਚ ਮਲਟੀ ਸਟੋਰੀ ਬਿਲਡਿੰਗਾਂ ਦੀਆਂ ਖੁੱਲ੍ਹ ਰਹੇ ਓਪਨ ਟੂ ਸਕਾਈ ਬਾਰਜ਼, ਪੱਬਜ਼ 'ਤੇ ਖਾਸ ਗੁੱਸਾ ਵਿਖਾਇਆ। ਉਨ੍ਹਾਂ ਅਧਿਕਾਰੀਆਂ ਅਤੇ ਵਿਧਾਇਕ ਪਰਗਟ ਸਿੰਘ  ਨਾਲ ਮਾਡਲ ਟਾਊਨ ਅਤੇ ਤਿਲਕ ਅੱਡਾ ਬਿਲਡਿੰਗ 'ਤੇ ਛਾਪੇਮਾਰੀ ਕੀਤੀ ਅਤੇ ਪਾਪਾ ਵਿਸਕੀ ਅਤੇ ਬ੍ਰਿਊ ਮਾਸਟਰ ਨੂੰ ਤੁਰੰਤ ਸੀਲ ਕਰ ਕੇ ਬੰਦ ਕਰਨ ਦੇ ਹੁਕਮ ਦਿੱਤੇ। ਸਿੱਧੂ ਨੇ ਕਿਹਾ ਕਿ ਛੱਤਾਂ 'ਤੇ ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਕਿਤੇ ਅੱਗ ਲੱਗ ਜਾਵੇ ਤਾਂ ਬਚਣਾ ਮੁਸ਼ਕਲ। ਲਿਕਰ ਅੱਡਾ ਬਿਲਡਿੰਗ ਦਾ ਪਿਛਲਾ ਹਿੱਸਾ ਨਾਜਾਇਜ਼ ਮਿਲਿਆ।  ਇਸ ਤੋਂ ਇਲਾਵਾ ਮਾਡਲ ਟਾਊਨ ਵਿਚ ਬਰਨ ਜਿਮ ਵਾਲੇ ਬਿਲਡਿੰਗ, ਵੀ. ਐੱਲ. ਸੀ. ਸੀ. ਵਾਲੀ ਬਿਲਡਿੰਗ, ਸਪਾ ਟਾਵਰ ਅਤੇ ਬਰਨ ਜਿਮ ਦੇ ਨੇੜੇ ਬਣ ਰਹੀ ਮਲਟੀ ਸਟੋਰੀ ਬਿਲਡਿੰਗ ਦੀ ਵੀ ਜਾਂਚ ਕੀਤੀ ਗਈ, ਜਿਸ ਦੌਰਾਨ ਘੱਟ ਪਾਰਕਿੰਗ, ਜ਼ਿਆਦਾ ਫਲੋਰ ਅਤੇ ਹੋਰ ਬੇਨਿਯਮੀਆਂ ਪਾਈਆਂ ਗਈਆਂ।
ਡਿਪਟੀ ਮੇਅਰ ਬੰਟੀ ਨੇ ਕੀਤੀ ਸੀ ਸ਼ਿਕਾਇਤ
ਸ਼ਹਿਰ ਵਿਚ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਬਿਲਡਿੰਗਾਂ ਬਾਰੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਨਵਜੋਤ ਸਿੱਧੂ ਤੱਕ ਸ਼ਿਕਾਇਤ ਕੀਤੀ ਸੀ। ਇਸ ਤੋਂ ਪਹਿਲਾਂ ਸ਼੍ਰੀ ਬੰਟੀ ਨੇ ਨਿਗਮ ਅਧਿਕਾਰੀਆਂ ਨੂੰ ਕਈ ਚਿਤਾਵਨੀਆਂ ਦਿੱਤੀਆਂ ਅਤੇ ਵੇਰਵੇ ਤਲਬ ਕੀਤੇ ਪਰ ਨਿਗਮ ਅਧਿਕਾਰੀਆਂ ਨੇ ਜਦੋਂ ਹੁੰਗਾਰਾ ਨਾ ਦਿੱਤਾ ਤਾਂ ਡਿਪਟੀ ਮੇਅਰ ਇਹ ਮਾਮਲਾ ਚੰਡੀਗੜ੍ਹ ਤੱਕ ਲੈ ਗਏ, ਜਿਥੋਂ ਸੀ. ਬੀ. ਓ. ਜਲੰਧਰ ਆਏ ਅਤੇ ਅੱਜ ਨਵਜੋਤ ਸਿੱਧੂ ਨੂੰ ਸ਼ਹਿਰ ਆ ਕੇ ਕਾਰਵਾਈ ਕਰਨੀ ਪਈ। ਇਸ ਤੋਂ ਇਲਾਵਾ ਨਾਜਾਇਜ਼ ਉਸਾਰੀਆਂ ਬਾਰੇ ਆਰ. ਟੀ. ਆਈ. ਵਰਕਰਾਂ ਨੇ ਦਰਜਨਾਂ ਸ਼ਿਕਾਇਤਾਂ ਕੀਤੀਆਂ ਹੋਈਆਂ ਸਨ।
ਹੀਟ ਸੈਵਨ
ਸਿੱਧੂ ਦਾ ਕਾਫਲਾ ਜਦੋਂ ਨਿਊ ਜਵਾਹਰ ਨਗਰ ਸਥਿਤ ਹੀਟ ਸੈਵਨ ਵਿਚ ਰੁਕਿਆ ਤਾਂ ਸਿੱਧੂ ਨੇ ਦੱਸਿਆ ਕਿ ਬੂਥ ਨੂੰ ਮਲਟੀ ਸਟੋਰੀ ਬਿਲਡਿੰਗ ਵਿਚ ਤਬਦੀਲ ਕੀਤਾ ਗਿਆ ਹੈ। 350 ਵਰਗ ਫੁੱਟ ਏਰੀਆ ਨੂੰ ਪਾਸ ਕਰਵਾ ਕੇ 3500 ਵਰਗ ਫੁੱਟ ਏਰੀਆ ਬਣਾ ਲਿਆ। ਅਧਿਕਾਰੀਆਂ ਨੇ ਪੁਰਾਣੀ ਕੰਸਟਰੱਕਸ਼ਨ ਦਾ ਹਵਾਲਾ ਦਿੱਤਾ ਪਰ ਸਿੱਧੂ ਨੇ ਫਾਈਲ ਤਲਬ ਕਰ ਲਈ।
ਪਹਿਲੀ ਵਾਰ ਕਿਸੇ ਨਾਜਾਇਜ਼ ਕਾਲੋਨੀ 'ਚ ਹੋਈ ਪ੍ਰੈੱਸ ਕਾਨਫਰੰਸ

PunjabKesari
ਵੈਸੇ  ਤਾਂ ਨਵਜੋਤ ਸਿੱਧੂ ਦੇ ਸਾਰੇ ਹੀ ਐਕਸ਼ਨ  ਸਖ਼ਤ ਅਤੇ ਤੁਰੰਤ ਹੁੰਦੇ ਹਨ ਪਰ ਅੱਜ ਪੰਜਾਬ ਵਿਚ ਪਹਿਲੀ ਵਾਰ ਉਨ੍ਹਾਂ ਕਿਸੇ ਨਾਜਾਇਜ਼ ਕਾਲੋਨੀ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਲਾਏ ਜਾ ਰਹੇ ਚੂਨੇ ਬਾਰੇ ਪੱਤਰਕਾਰਾਂ ਨੂੰ ਦੱਸਿਆ। ਉਨ੍ਹਾਂ ਗੁਲਮੋਹਰ ਸਿਟੀ ਦੇ ਪਿੱਛੇ ਬਣ  ਰਹੀ ਕਾਲੋਨੀ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ 10 ਏਕੜ ਏਰੀਆ ਪਾਸ ਕਰਵਾ ਕੇ ਇੰਨੀ ਹੀ ਕਾਲੋਨੀ ਨਾਜਾਇਜ਼ ਕੱਟ ਕੇ ਕਾਲੋਨਾਈਜ਼ਰ ਨਿਗਮਾਂ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਕਰਦੇ ਹਨ। ਇਹ ਪੈਸਾ ਅਧਿਕਾਰੀਆਂ ਦੀਆਂ ਜੇਬਾਂ ਵਿਚ ਚਲਾ ਜਾਂਦਾ ਹੈ। ਜੇਕਰ ਨਿਗਮ ਦੇ ਖਜ਼ਾਨੇ ਵਿਚ ਆਵੇ ਤਾਂ ਨਿਗਮ ਖੁਸ਼ਹਾਲ ਹੋ ਸਕਦਾ ਹੈ। ਸਿੱਧੂ ਨੇ ਕਿਹਾ ਕਿ ਜਲਦੀ ਹੀ ਵਨ ਟਾਈਮ ਸੈਟਲਮੈਂਟ ਪਾਲਿਸੀ ਬਣ ਚੁੱਕੀਆਂ ਬਿਲਡਿੰਗਾਂ ਲਈ ਆ ਰਹੀ ਹੈ। ਧੜਾਧੜ ਨਵੀਆਂ ਬਿਲਡਿੰਗਾਂ ਬਣਾ ਕੇ ਉਸ ਪਾਲਿਸੀ ਦੇ ਤਹਿਤ ਲਿਆਏ ਜਾਣ ਦੀ ਤਿਆਰੀ ਹੋ ਰਹੀ ਹੈ ਪਰ ਪਾਲਿਸੀ 31 ਮਾਰਚ 2018 ਤੱਕ ਬਣੀਆਂ ਬਿਲਡਿੰਗਾਂ 'ਤੇ ਹੀ ਲਾਗੂ ਹੋਵੇਗੀ। ਸਿੱਧੂ ਨੇ ਕਿਹਾ ਕਿ ਸੈਟਲਮੈਂਟ ਪਾਲਿਸੀ ਦਾ ਅਧਿਕਾਰੀ ਗਲਤ ਲਾਭ ਲੈ ਰਹੇ ਹਨ, ਜਦੋਂਕਿ ਪਾਲਿਸੀ ਲੋਕਾਂ ਦੀ ਸਹੂਲਤ ਲਈ ਬਣ ਰਹੀ ਹੈ।  ਸਿੱਧੂ ਨੇ ਇਹ  ਵੀ ਕਿਹਾ ਕਿ 15 ਸਾਲਾਂ ਤੋਂ ਕਿਸੇ ਨਿਗਮ ਦਾ ਆਡਿਟ ਨਹੀਂ ਹੋਇਆ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਖੂਬ ਮਨਮਰਜ਼ੀਆਂ ਕੀਤੀਆਂ। ਹੁਣ ਚੋਰੀ ਬਰਦਾਸ਼ਤ ਨਹੀਂ ਹੋਵੇਗੀ। ਪੰਜਾਬ ਦਾ ਬੇੜਾ ਗਰਕ ਨਹੀਂ ਹੋਣ ਦਿੱਤਾ ਜਾਵੇਗਾ।


Related News