ਅਦਾਲਤ ਦਾ ਸਾਹਮਣਾ ਕਰਨ ਲਈ ਸਿੱਧੂ ਤਿਆਰ ਰਹੇ : ਲਾਲੀ ਬਾਦਲ

Monday, Jun 19, 2017 - 06:59 AM (IST)

ਅਦਾਲਤ ਦਾ ਸਾਹਮਣਾ ਕਰਨ ਲਈ ਸਿੱਧੂ ਤਿਆਰ ਰਹੇ : ਲਾਲੀ ਬਾਦਲ

ਬਠਿੰਡਾ (ਵਰਮਾ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਪਰਮਜੀਤ ਸਿੰਘ ਲਾਲੀ ਬਾਦਲ ਨੇ ਨਵਜੋਤ ਸਿੱਧੂ ਨੂੰ ਝੂਠੇ ਇਲਜ਼ਾਮ ਲਾਉਣ ਅਤੇ ਚੋਰ ਕਹਿਣ 'ਤੇ ਪੱਤਰਕਾਰ ਸੰਮੇਲਨ ਵਿਚ ਸਿੱਧੂ ਨੂੰ ਅਦਾਲਤ ਦਾ ਸਾਹਮਣਾ ਕਰਨ ਲਈ ਲਲਕਾਰਿਆ। ਪੱਤਰਕਾਰ ਸੰਮੇਲਨ 'ਚ ਲਾਲੀ ਬਾਦਲ ਦੇ ਨਾਲ ਉਨ੍ਹਾਂ ਦੇ ਵਕੀਲ ਰਾਜ ਭੁਪਿੰਦਰ ਸਿੱਧੂ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਅਬੋਹਰ 'ਚ ਜ਼ਮੀਨ ਘਪਲਾ ਕਰਨ ਦੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਇਸ ਸਬੰਧ 'ਚ ਦਸਤਾਵੇਜ਼ ਵੀ ਉਪਲੱਬਧ ਕਰਵਾਏ। ਉਨ੍ਹਾਂ ਕਿਹਾ ਕਿ 2008 ਵਿਚ ਅਬੋਹਰ 'ਚ ਸਿਰਫ ਸਾਢੇ 9 ਮਰਲੇ ਜ਼ਮੀਨ ਹੀ ਖਰੀਦੀ ਸੀ, ਜਦੋਂਕਿ ਸਿੱਧੂ ਕਹਿ ਰਹੇ ਹਨ ਕਿ 9 ਏਕੜ ਜ਼ਮੀਨ 80 ਕਰੋੜ ਵਿਚ ਖਰੀਦੀ ਗਈ। ਇਹ ਸਿਰਫ ਉਨ੍ਹਾਂ ਨੂੰ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇਕ ਸਾਜ਼ਿਸ਼ ਹੈ, ਝੂਠ ਦੇ ਸਹਾਰੇ ਕੋਈ ਸਰਕਾਰ ਨਹੀਂ ਚਲਦੀ।
 ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਉਹ ਅਦਾਲਤੀ ਛੁੱਟੀਆਂ ਦੇ ਬਾਅਦ ਅਪਰਾਧਿਕ ਮਾਮਲੇ ਦਰਜ ਕਰਵਾਉਣਗੇ। ਇਸ ਦੇ ਇਲਾਵਾ ਵਿਧਾਨ ਸਭਾ 'ਚ ਅਕਾਲੀ ਦਲ ਵੱਲੋਂ ਵਿਧਾਇਕਾਂ ਦੇ ਜ਼ਰੀਏ ਸਪੀਕਰ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਦੀ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਜ਼ਮੀਨ ਉਨ੍ਹਾਂ ਨੇ ਅੱਗੇ ਕਿਸੇ ਹੋਰ ਨੂੰ ਵੇਚ ਕੇ ਇਸ ਦੀ ਰਜਿਸਟਰੀ ਤਬਾਦਲਾ ਵੀ ਕਰਵਾ ਦਿੱਤੀ, ਹੁਣ ਉਨ੍ਹਾਂ ਦਾ ਉਸ ਜ਼ਮੀਨ ਨਾਲ ਕੋਈ ਸਬੰਧ ਨਹੀਂ ਹੈ। ਇਸ ਜ਼ਮੀਨ 'ਤੇ ਹੁਣ ਖਰੀਦਦਾਰ ਹੀ ਕਾਬਿਜ਼ ਹੈ। ਉਨ੍ਹਾਂ ਵਿਧਾਨ ਸਭਾ ਸਪੀਕਰ ਨੂੰ ਅਪੀਲ ਕੀਤੀ ਕਿ ਝੂਠੇ ਬਿਆਨ ਦੇ ਮਾਮਲੇ 'ਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰੋ ਤੇ ਉਨ੍ਹਾਂ ਨੂੰ ਇਨਸਾਫ ਦਿਓ।  


Related News