ਸਿੱਧੂ ਦੀ ਸਿਆਸੀ ਨਮੋਸ਼ੀ ਹੈ ਅਸਤੀਫ਼ੇ ਦਾ ਕਾਰਨ : ਮਜੀਠੀਆ

Tuesday, Sep 28, 2021 - 11:18 PM (IST)

ਸਿੱਧੂ ਦੀ ਸਿਆਸੀ ਨਮੋਸ਼ੀ ਹੈ ਅਸਤੀਫ਼ੇ ਦਾ ਕਾਰਨ : ਮਜੀਠੀਆ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਨਵਜੋਤ ਸਿੱਧੂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਨੂੰ ਹਉਮੈ ਨਾਲ ਭਰੇ ਵਿਅਕਤੀ ਦਾ ਰਾਹ ਅਨੁਸੂਚਿਤ ਜਾਤੀ ਦੇ ਆਗੂ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਲਈ ਬਲਾਕ ਕੀਤੇ ਜਾਣ ਤੋਂ ਬਾਅਦ ਨਮੋਸ਼ੀ ਦਾ ਨਤੀਜਾ ਕਰਾਰ ਦਿੱਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਦੇ ਵਰਤੋਂ ਤੇ ਸੁੱਟੋ ਦੇ ਜਾਲ ਨੂੰ ਐੱਸ. ਸੀ. ਭਾਈਚਾਰੇ ਦੇ ਪਾਰਟ ਟਾਈਮ ਤੇ ਡੰਮੀ ਮੁੱਖ ਮੰਤਰੀ ਨੇ ਸਮਝ ਲਿਆ ਹੈ ਤੇ ਫਰਵਰੀ ਤੱਕ ਇਹ ਸੀਟ ਸਿੱਧੂ ਲਈ ਰਾਖਵੀਂ ਰੱਖਣ ਦੀ ਯੋਜਨਾ ਠੁੱਸ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਆਸਤ ਉਸ ਤਰੀਕੇ ਨਹੀਂ ਚੱਲੀ, ਜਿਵੇਂ ਸਿੱਧੂ ਨੇ ਸੋਚੀ ਸੀ ਤੇ ਇਹ ਗੱਲ ਆਉਂਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਬਰਦਾਸ਼ਤ ਨਹੀਂ ਹੋਈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਘਮਾਸਾਨ ਦਰਮਿਆਨ CM ਚੰਨੀ ਨੇ ਕੱਲ ਸੱਦੀ ਕੈਬਨਿਟ ਮੀਟਿੰਗ

ਉਨ੍ਹਾਂ ਕਿਹਾ ਕਿ ਸਿੱਧੂ ਨੂੰ ਹੁਣ ਸਮਝ ਆ ਗਿਆ ਹੈ ਕਿ ਜਿਥੇ ਤੱਕ ਉਸ ਦੇ ਮੁੱਖ ਮੰਤਰੀ ਦੀ ਇੱਛਾ ਪਾਲਣ ਦਾ ਸਵਾਲ ਹੈ, ਉਸ ਲਈ ਖੇਡ ਹੁਣ ਖ਼ਤਮ ਹੋ ਗਈ ਹੈ। ਇਸੇ ਲਈ ਇਹੀ ਗੁੱਸਾ ਤੇ ਨਮੋਸ਼ੀ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਐੱਸ. ਸੀ. ਭਾਈਚਾਰੇ ਦਾ ਕਦੇ ਵੀ ਮੁਆਫ ਨਾ ਕੀਤਾ ਜਾ ਸਕਣ ਵਾਲਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਇਹੀ ਫਿਰਕੂ ਖੇਡਾਂ ਕਾਂਗਰਸ ਦੇ ਆਗੂ ਸੁਨੀਲ ਜਾਖੜ ਨਾਲ ਖੇਡੀਆਂ ਸਨ, ਜਿਨ੍ਹਾਂ ਦੇ ਭਾਈਚਾਰੇ ਨੂੰ ਉਨ੍ਹਾਂ ਜ਼ਲੀਲ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਫਿਰਕੂ ਤੇ ਜਾਤੀਸੂਚਕ ਟਿੱਪਣੀਆਂ ਕਦੇ ਵੀ ਮੁਆਫ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਪੰਜਾਬ ਦਾ ਤਾਂ ਹਮੇਸ਼ਾ ਸੱਭਿਆਚਾਰਕ ਸਾਂਝ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਸੇਧ ਲੈਣ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਖੇਡਾਂ ਸਾਡੀ ਪਵਿੱਤਰ ਅਰਦਾਸ ਦੇ ਖਿਲਾਫ ਹਨ ਅਤੇ ਕੋਈ ਹੈਰਾਨੀ ਨਹੀਂ ਕਿ ਅਕਾਲ ਪੁਰਖ ਤੇ ਕੁਦਰਤ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ਰਹਿੰਦੇ ਪਿੰਡ ਸਰੀਂਹ ਦੇ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮਜੀਠੀਆ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ ਦੇ ਡਰਾਮੇ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ’ਚ ਲੜਾਈ ਸਿਰਫ ਕੁਰਸੀਆਂ ਵਾਸਤੇ ਹੈ ਅਤੇ ਇਨ੍ਹਾਂ ਦਾ ਮੁੱਦਿਆਂ, ਸਿਧਾਂਤਾਂ ਜਾਂ ਲੋਕਾਂ ਦੇ ਹਿੱਤਾਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਭੇੜੀਆਂ ਵਾਂਗ ਮਾਸ ਦੇ ਟੁਕੜੇ ਲਈ ਲੜਦੇ ਵੇਖੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਇਹ ਲੜਾਈ ਸਿਰਫ ਮੁੱਖ ਮੰਤਰੀ ਦੀ ਕੁਰਸੀ ਦੀ ਅਤੇ ਨਿੱਜੀ ਲਾਲਸਾ ਤੇ ਹਉਮੈ ਦੀ ਸੀ। ਉਨ੍ਹਾਂ ਕਿਹਾ ਕਿ ਇਹ ਉਹੀ ਸ਼ਰਾਬ ਦੇ ਲੁਟੇਰਿਆਂ ਤੇ ਰੇਤ ਮਾਫੀਆ ਦੀ ਟੀਮ ਹੈ, ਜਿਸ ਦੇ ਮਾਫੀਆ ਵਿਚ ਨਵੇਂ ਵਿਅਕਤੀ ਸ਼ਾਮਲ ਹੋ ਗਏ ਹਨ। ਮਜੀਠੀਆ ਨੇ ਕਿਹਾ ਕਿ ਸਿੱਧੂ ਦੀ ਨਮੋਸ਼ੀ ਇਸ ਗੱਲੋਂ ਵੀ ਉੱਭਰੀ ਹੈ ਕਿ ਕਾਂਗਰਸ ਨੇ ਇਕ ਐੱਸ. ਸੀ. ਵਿਅਕਤੀ ਨੂੰ ਮੁੱਖ ਮੰਤਰੀ ਵਾਸਤੇ ਚੁਣਿਆ, ਜਿਸ ਤੋਂ ਹੁਣ ਛੁਟਕਾਰਾ ਔਖਾ ਹੈ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਇਸ ਸਾਰੀ ਸਰਕਸ ਨੇ ਕਾਂਗਰਸ ਵੱਲੋਂ ਸਾਢੇ ਚਾਰ ਸਾਲਾਂ ਦੇ ਕੁਸ਼ਾਸਨ ਦੀ ਜ਼ਿੰਮੇਵਾਰੀ ਇਕ ਵਿਅਕਤੀ ਦੇ ਸਿਰ ਸੁੱਟ ਕੇ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਨੁੰ ਬੇਨਕਾਬ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਇਹ ਲੋਕ ਆਪਣੇ ਆਪ ਨੂੰ ਸਾਫ-ਸੁਥਰਾ ਤੇ ਦੋਸ਼ ਮੁਕਤ ਸਾਬਤ ਕਰ ਲੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪਹਿਲਾਂ ਇਨ੍ਹਾਂ ਸਾਲਾਂ ਦੌਰਾਨ ਪੂਰੀ ਤਾਕਤ ਵਰਤੀ ਤੇ ਸਰਕਾਰ ਚਲਾਉਣ ’ਚ ਮੌਜਾਂ ਮਾਣੀਆਂ। ਉਨ੍ਹਾਂ ਕਿਹਾ ਕਿ ਹੁਣ ਇਹ ਲੋਕ ਇਹ ਸਾਬਤ ਕਰਨ ਦੇ ਯਤਨ ਕਰ ਰਹੇ ਹਨ ਕਿ ਇਹ ਤਾਕਤ ਵਿਹੂਣੇ ਸਨ ਤੇ ਇਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਇਸ ਤਰੀਕੇ ਮੂਰਖ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦਾ ਇਨ੍ਹਾਂ ਅਖੌਤੀਆਂ ਨੁੰ ਬੇਨਕਾਬ ਕਰਨ ਦਾ ਆਪਣਾ ਅਸੂਲ ਤੇ ਤਰੀਕਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ’ਚ ਵਾਪਰੇ ਘਟਨਾਕ੍ਰਮ ਨੇ ਦਰਸਾ ਦਿੱਤਾ ਹੈ ਕਿ ਇਹ ਸਾਰੀ ਲੜਾਈ ਸਿਰਫ ਮੁੱਖ ਮੰਤਰੀ, ਮੰਤਰੀ ਦੇ ਅਹੁਦੇ ਤੇ ਭ੍ਰਿਸ਼ਟਾਚਾਰ ਲਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਅਖੀਰਲੇ ਚਾਰ ਮਹੀਨਿਆਂ ’ਚ ਖੁੱਲ੍ਹੀ ਲੁੱਟ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਨ੍ਹਾਂ ਦਾ ਸਮਾਂ ਖਤਮ ਹੋ ਗਿਆ ਹੈ।
 


author

Manoj

Content Editor

Related News