ਸਿੱਧੂ ਦੀ ਸਿਆਸੀ ‘ਖਿੱਦੋ’ ਕਾਂਗਰਸ ’ਚ ਪਾਵੇਗੀ ‘ਬੁੱਚੀਆਂ’!, ਅੰਦਰਖਾਤੇ ਤਿਆਰੀਆਂ
Saturday, Jan 07, 2023 - 11:27 PM (IST)
ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਅੱਜ ਤੋਂ 20 ਦਿਨਾਂ ਬਾਅਦ ਪਟਿਆਲੇ ਦੀ ਕੇਂਦਰੀ ਜੇਲ੍ਹ ’ਚੋਂ 1 ਸਾਲ ਦੀ ਸਜ਼ਾ ਭੁਗਤ ਕੇ ਰਿਹਾਅ ਹੋਣ ਜਾ ਰਹੇ ਹਨ। ਜਿਸ ਤਰੀਕੇ ਨਾਲ ਉਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਕਾਂਗਰਸੀਆਂ ਵੱਲੋਂ ਪਟਿਆਲੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਉਸ ਦੇ ਸਨਮਾਨ ਅਤੇ ਸਵਾਗਤ ਸਬੰਧੀ ਹੋਰਡਿੰਗ ਲਗਾਉਣ ਤੇ ਪ੍ਰਬੰਧਾਂ ਤੋਂ ਇਲਾਵਾ ਜੋ ਸਿਆਸੀ ਮੈਦਾਨ ਕਾਇਮ ਕੀਤਾ ਹੈ, ਨਾਲ ਕਾਂਗਰਸੀ ਹਲਕਿਆਂ ’ਚ ਸਿੱਧੂ ਦੀ ਸਿਆਸੀ ਖਿੱਦੋ ਬੁੱਚੀਆਂ ਪਾਉਣ ਲਈ ਤਿਆਰੀ ’ਚ ਦੱਸੀ ਜਾ ਰਹੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕ ਸਾਹ ਰੋਕ ਕੇ ਸੁਣਨ ਅਤੇ ਉਸ ਦੀ ਤਕਰੀਰ ਨਾਲ ਕੀਲੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ
ਇਥੇ ਹੀ ਬਸ ਨਹੀਂ, ਕਾਂਗਰਸ ’ਚ ਬੈਠੇ 3 ਦਰਜਨ ਦੇ ਕਰੀਬ ਵੱਡੇ ਕੱਦ ਦੇ ਨੇਤਾ ਕਾਂਗਰਸ ਦਾ ਅਗਲਾ ਸਿਆਸੀ ਭਵਿੱਖ ਨਵਜੋਤ ਸਿੰਘ ਸਿੱਧੂ ਨੂੰ ਦੇਖ ਰਹੇ ਹਨ। ਅੱਜ ਸਿਆਸੀ ਪੰਡਿਤਾਂ ਨੇ ਸਿੱਧੂ ਬਾਰੇ ਆਪਣੀ ਪੱਤਰੀ ਖੋਲ੍ਹ ਕੇ ਦੱਸਿਆ ਕਿ ਸਿੱਧੂ ਪੰਜਾਬ ਦਾ ਚਹੇਤਾ ਅਤੇ ਸੱਚਮੁੱਚ ਬਦਲਾਅ ਦੀ ਗੱਲ ਕਰਨ ਵਾਲਾ ਨੇਤਾ ਹੈ। ਜੇਕਰ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਲਾਗੇ ਚੋਣਾਂ ਤੋਂ ਪਹਿਲਾਂ ਚੰਨੀ ਦੀ ਬਜਾਏ ਸਿੱਧੂ ਬਾਰੇ ਭਵਿੱਖ ਦਾ ਐਲਾਨ ਕੀਤਾ ਹੰਦਾ ਤਾਂ ਅੱਜ ਪੰਜਾਬ ’ਚ ਕਾਂਗਰਸ ਦੂਜੀ ਵਾਰ ਬਾਜ਼ੀ ਮਾਰ ਸਕਦੀ ਸੀ ਕਿਉਂਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ, ਜਿਸ ਕਾਰਨ ਉਸ ਵੇਲੇ ਪੰਜਾਬ ’ਚ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਹੀ ਅਜਿਹਾ ਨੇਤਾ ਸਨ, ਜੋ ਬਦਲਾਅ ਦੀ ਗੱਲ ਕਰਦੇ ਸਨ।
ਇਹ ਖ਼ਬਰ ਵੀ ਪੜ੍ਹੋ : ਜਾਪਾਨ ’ਚ ਕੋਰੋਨਾ ਦਾ ਕਹਿਰ, ਇਕ ਹੀ ਦਿਨ ’ਚ 463 ਲੋਕਾਂ ਦੀ ਮੌਤ
ਰਾਹੁਲ ਗਾਂਧੀ ਦਾ ਗ਼ਲਤ ਫ਼ੈਸਲਾ ਕਾਂਗਰਸ ਨੂੰ ਹਾਸ਼ੀਏ ’ਤੇ ਲੈ ਗਿਆ ਅਤੇ ਭਗਵੰਤ ਮਾਨ ਸਰਕਾਰ ਬਦਲਾਅ ਤਹਿਤ ਬਣ ਗਈ। ਹੁਣ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਲੋਕ ਸਿੱਧੂ ਦੀ ਸਿਆਸੀ ਖਿੱਦੋ ਦੀਆਂ ਭਵਿੱਖ ’ਚ ਪੈਣ ਵਾਲੀਆਂ ਬੁੱਚੀਆਂ ਦੇਖਣ ਲਈ ਉਤਾਵਲੇ ਹਨ, ਜੇਕਰ ਰਿਹਾਅ ਹੋਣ ਉਪਰੰਤ ਉਸ ’ਚ ਸਹਿਜ ਅਵਸਥਾ ’ਤੇ ਠਰ੍ਹੰਮਾ ਦਿਖਾਈ ਦੇਵੇਗਾ।