ਮੋਗਾ ’ਚ ਵਧਣ ਲੱਗਾ ਡਾਇਰੀਆ ਦਾ ਪ੍ਰਕੋਪ, ਬੀਮਾਰੀ ਨਾਲ ਇਕ ਦੀ ਮੌਤ
Wednesday, Jul 27, 2022 - 11:53 AM (IST)
ਮੋਗਾ (ਸੰਦੀਪ ਸ਼ਰਮਾ) : ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਡਾਇਰੀਆ ਨਾਲ ਪੀੜਤ ਅਤੇ ਮੰਗਲਵਾਰ ਨੂੰ ਇਕ ਬਜ਼ੁਰਗ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦੇ ਬਾਅਦ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਵਿਭਾਗ ਵਲੋਂ ਸਬੰਧਤ ਇਲਾਕਿਆਂ ਵਿਚ ਟੀਮਾਂ ਗਠਿਤ ਕਰ ਕੇ ਜਿੱਥੇ ਲੋਕਾਂ ਨੂੰ ਡਾਇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐੱਸ. ਦੇ ਪੈਕੇਟ ਵੰਡਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਨਗਰ-ਨਿਗਮ ਨੂੰ ਵੀ ਸਬੰਧਤ ਇਲਾਕੇ ਵਿਚ ਆਪਣੀਆਂ ਟੀਮਾਂ ਭੇਜਣ ਲਈ ਅਪੀਲ ਕੀਤੀ ਗਈ ਹੈ ਤਾਂ ਕਿ ਇਹ ਬੀਮਾਰੀ ਮਹਾਮਾਰੀ ਦਾ ਰੂਪ ਧਾਰਨ ਨਾ ਕਰ ਸਕੇ। ਬੀਤੇ ਦਿਨੀਂ ਸਥਾਨਕ ਪ੍ਰੀਤ ਨਗਰ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਿਸ ਨੂੰ ਡਾਇਰੀਆ ਦਾ ਸ਼ੱਕੀ ਮਰੀਜ਼ ਮੰਨਿਆ ਜਾ ਰਿਹਾ ਹੈ, ਪਰ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਦੇ ਨਾਲ ਸਥਾਨਕ ਪ੍ਰੀਤ ਨਗਰ ਇਲਾਕੇ ਨਾਲ ਸਬੰਧਤ 11 ਲੋਕਾਂ ਦੀ ਹਾਲਤ ਵਿਗੜਨ ਦੇ ਉਪਰੰਤ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਨ੍ਹਾਂ ਨੂੰ ਵੀ ਡਾਇਰੀਆ ਦਾ ਸ਼ੱਕੀ ਮੰਨਿਆ ਜਾ ਰਿਹਾ ਹੈ, ਉਥੇ ਦੂਸਰੇ ਪਾਸੇ ਸਿਹਤ ਵਿਭਾਗ ਪ੍ਰਭਾਵਿਤ ਇਲਾਕੇ ਵਿਚ ਲੋਕਾਂ ਨੂੰ ਓ.ਆਰ.ਐੱਸ. ਦਾ ਘੋਲ ਅਤੇ ਜਿੰਕ ਗੋਲੀਆਂ ਵੰਡਣ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ 70 ਸਾਲਾ ਅਮਰਜੀਤ ਕੌਰ ਨਿਵਾਸੀ ਪ੍ਰੀਤ ਨਗਰ ਦੀ ਐਤਵਾਰ ਨੂੰ ਹਾਲਤ ਵਿਗੜ ਗਈ ਸੀ, ਜਿਸ ਦੀ ਸੋਮਵਾਰ ਨੂੰ ਦੇਰ ਸ਼ਾਮ ਨੂੰ ਮੌਤ ਹੋ ਗਈ, ਉਥੇ ਪ੍ਰੀਤ ਨਗਰ ਦੇ ਰਹਿਣ ਵਾਲੇ ਗੁਰਬਚਨ ਸਿੰਘ, ਬਲਕਾਰ ਸਿੰਘ, ਅੰਗੂਰੀ ਦੇਵੀ, ਸੂਰਜ, ਪੂਨਮ ਅਤੇ ਗੋਗੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਪ੍ਰਸਾਸ਼ਨ ਨੇ ਪ੍ਰਭਾਵਿਤ ਇਲਾਕੇ ਵਿਚ ਕਲੋਰੀਨ ਦੀ ਗੋਲੀਆਂ, ਓ.ਆਰ.ਐੱਸ. ਦਾ ਘੋਲ ਅਤੇ ਜਿੰਕ ਦੀਆਂ ਗੋਲੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਐੱਸ.ਐੱਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਮਰੀਜ਼ਾ ਦਾ ਹਾਲ ਚਾਲ ਜਾਣਿਆ।
ਸਬੰਧਤ ਇਲਾਕੇ ਤੋਂ ਪੀਣ ਵਾਲੇ ਪਾਣੀ ਦੇ ਲਏ ਜਾ ਚੁੱਕੇ ਹਨ ਸੈਂਪਲ : ਸਿਵਲ ਸਰਜਨ
ਸਿਵਲ ਸਰਜਨ ਡਾ. ਸਤਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਸਬੰਧਤ ਇਲਾਕੇ ਵਿਚ ਵਿਸ਼ੇਸ਼ ਤੌਰ ’ਤੇ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾ ਰਹੀਆਂ ਹਨ ਅਤੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਵੀ ਲਿਖਤੀ ਤੌਰ ’ਤੇ ਉਕਤ ਇਲਾਕੇ ਦੇ ਹਾਲਾਤ ਨੂੰ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਪੀਣ ਦੇ ਪਾਣੀ ਦੀ ਪਾਈਪਾਂ ਦੀ ਜਾਂਚ ਕਰਨ ਨੂੰ ਕਿਹਾ ਗਿਆ ਹੈ ਤਾਂ ਕਿ ਭਵਿੱਖ ਵਿਚ ਹਾਲਾਤ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੁਕੰਨਾ ਹੈ ਅਤੇ ਹਾਲਾਤ ’ਤੇ ਨਜ਼ਰ ਰੱਖੇ ਹੋਏ ਹਨ।