ਕੈਪਟਨ ਅਮਰਿੰਦਰ ਦੇ ਪਰਚਿਆਂ ਨਾਲ ਝੁਕਣ ਵਾਲੇ ਨਹੀਂ ਭਾਜਪਾ ਨੇਤਾ : ਮਲਿਕ

Wednesday, Aug 07, 2019 - 01:36 PM (IST)

ਕੈਪਟਨ ਅਮਰਿੰਦਰ ਦੇ ਪਰਚਿਆਂ ਨਾਲ ਝੁਕਣ ਵਾਲੇ ਨਹੀਂ ਭਾਜਪਾ ਨੇਤਾ : ਮਲਿਕ

ਅੰਮ੍ਰਿਤਸਰ (ਬਿਊਰੋ/ਜੀਆ) : ਕੇਂਦਰ ਸਰਕਾਰ ਵੱਲੋਂ ਸੰਸਦ 'ਚ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਨੂੰ ਪਾਸ ਕੀਤੇ ਜਾਣ 'ਤੇ ਜਸ਼ਨ ਮਨਾ ਰਹੇ ਭਾਜਪਾ ਵਰਕਰਾਂ ਦੇ ਖਿਲਾਫ ਕੀਤੀ ਗਈ ਕਾਨੂੰਨੀ ਕਾਰਵਾਈ ਦਾ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਸਖਤ ਵਿਰੋਧ ਕੀਤਾ ਹੈ। ਮਲਿਕ ਨੇ ਕਿਹਾ ਕਿ ਭਾਜਪਾ ਦੇ ਵਰਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਕਾਰਵਾਈ ਨਾਲ ਝੁਕਣ ਵਾਲੇ ਨਹੀਂ ਹਨ ਅਤੇ ਪਾਰਟੀ ਵਰਕਰ ਸੜਕਾਂ 'ਤੇ ਉਤਰ ਕੇ ਮੁੱਖ ਮੰਤਰੀ ਦੀ ਇਸ ਕਾਰਵਾਈ ਦਾ ਜਵਾਬ ਦੇਣਗੇ। ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਕਾਂਗਰਸ ਦੇ ਵਰਕਰਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਇਸ ਗੱਲ ਦੀ ਪਰਵਾਹ ਨਹੀ ਕਰ ਰਹੇ ਕਿ ਦੇਸ਼ ਦੀ ਜਨਤਾ ਸੰਸਦ ਵਿਚ ਪਾਸ ਕੀਤੇ ਗਏ ਇਸ ਕਾਨੂੰਨ ਨਾਲ ਕਿੰਨਾ ਖੁਸ਼ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਦੀ ਆਪਣੀ ਪਾਰਟੀ ਦੇ ਰਾਜਸਭਾ 'ਚ ਵ੍ਹਿਪ ਭੁਵਨੇਸ਼ਵਰ ਕਲਿਤਾ ਨੇ ਵੀ ਕੇਂਦਰ ਸਰਕਾਰ ਦੇ ਇਸ ਮਾਮਲੇ 'ਤੇ ਸਾਥ ਦਿੱਤਾ ਹੈ ਅਤੇ ਕੈਪਟਨ ਨੂੰ ਇਸ ਮਾਮਲੇ 'ਚ ਘੱਟ ਤੋਂ ਘੱਟ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਨੀ ਚਾਹੀਦੀ ਹੈ ਪਰ ਇਸ ਦੇ ਉਲਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਖੁਸ਼ੀ ਮਨਾ ਰਹੇ ਪੰਜਾਬ ਭਾਜਪਾ ਦੇ ਸਕੱਤਰ ਪਰਮਿੰਦਰ ਸ਼ਰਮਾ ਅਤੇ ਦੂਸਰੇ ਵਰਕਰਾਂ 'ਤੇ ਪਰਚੇ ਦਰਜ ਕੀਤੇ ਗਏ ਹਨ। ਭਾਜਪਾ ਨੇਤਾ ਇਨ੍ਹਾਂ ਪਰਚਿਆਂ ਤੋਂ ਨਹੀਂ ਡਰਦੇ ਅਤੇ ਡਟ ਕੇ ਕੈਪਟਨ ਦੀ ਧੱਕੇਸ਼ਾਹੀ ਦਾ ਸਾਹਮਣਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਚਲ ਰਹੀ ਹੈ, ਜਿਸ ਵਿਚ ਲੱਖਾਂ ਦੀ ਗਿਣਤੀ 'ਚ ਪੰਜਾਬ ਦੇ ਨਾਗਰਿਕ ਮੈਂਬਰ ਬਣ ਰਹੇ ਹਨ। ਭਾਜਪਾ ਦੇ ਵਧਦੇ ਆਧਾਰ ਅਤੇ ਵਿਸਤਾਰ ਤੋਂ ਘਬਰਾ ਕੇ ਮੁੱਖ ਮੰਤਰੀ ਹੁਣ ਤਾਨਾਸ਼ਾਹੀ 'ਤੇ ਉਤਰ ਆਏ ਹਨ। ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਵੱਲੋਂ ਲਾਈ ਗਈ ਐਮਰਜੈਂਸੀ ਦੇ ਦਿਨ ਯਾਦ ਕਰਵਾਏ ਅਤੇ ਕਿਹਾ ਕਿ ਜਦ ਵੀ ਲੋਕਤੰਤਰ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਹੋਈ ਤਾਂ ਲੋਕਾਂ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਅਤੇ ਲੋਕਤੰਤਰ ਦੀ ਜਿੱਤ ਹੋਈ।


author

Anuradha

Content Editor

Related News