ਪੰਜਾਬ ''ਚ ਵੱਡੇ ਨੇਤਾਵਾਂ ਨੂੰ ਸ਼ੱਕ, ਢੀਂਡਸਾ ਬਣਨਗੇ ਟੌਹੜਾ!

01/09/2020 10:15:28 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ 10 ਸਾਲ ਰਾਜ ਕਰ ਕੇ ਵਿਕਾਸ ਦੀਆਂ ਲਹਿਰਾਂ-ਬਹਿਰਾਂ ਲਿਆਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਤਾਂ ਕਰਵਾਇਆ ਪਰ ਲੋਕਾਂ ਦਾ ਵਿਸ਼ਵਾਸ ਹਾਸਲ ਨਹੀਂ ਕਰ ਸਕਿਆ, ਜਿਸ ਕਾਰਣ ਅੱਜ ਆਪਣੇ ਹੀ ਬੇਗਾਨੇ ਹੋ ਕੇ ਵੱਡੇ-ਵੱਡੇ ਤਾਅਨੇ ਮਾਰ ਰਹੇ ਹਨ ਕਿਉਂਕਿ ਸਿਆਸਤ ਦੇ ਚੱਲਦੇ ਲੋਕਾਂ ਦੀ ਕਚਹਿਰੀ 'ਚ ਸਿਰਫ ਨੇਤਾ ਦਾ ਵਿਸ਼ਵਾਸ ਹੀ ਉਸ ਨੂੰ ਰਾਜ ਭਾਗ ਦੇ ਨੇੜੇ ਲੈ ਕੇ ਜਾਂਦਾ ਹੈ। ਹੁਣ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ 'ਚੋਂ ਆਏ ਦਿਨ ਬਾਗੀ ਹੋ ਰਹੇ ਸੀਨੀਅਰ ਅਕਾਲੀ ਨੇਤਾਵਾਂ ਦੀ ਲਾਈਨ ਦੇਖ ਕੇ ਰਾਜਸੀ ਹਲਕੇ, ਖਾਸ ਕਰ ਕੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੂੰ ਉਸ ਵੇਲੇ ਦੇ ਅਕਾਲੀ ਦਲ ਤੋਂ ਬਾਗੀ ਹੋਏ ਮਰਹੂਮ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਵਾਂਗ ਦੇਖ ਰਹੇ ਹਨ।
ਜੱਥੇਦਾਰ ਟੌਹੜਾ ਨੇ 1999-2000 'ਚ ਸ਼੍ਰੋਮਣੀ ਅਕਾਲੀ ਦਲ ਦੀ ਉਸ ਵੇਲੇ ਦੀ ਬਾਦਲ ਸਰਕਾਰ ਤੋਂ ਬਾਗੀ ਹੋ ਕੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਅਤੇ 2002 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਬਾਦਲ ਦਲ ਦੀ ਚੰਗੀ ਭਲੀ ਦੂਜੀ ਵਾਰ ਬਣਦੀ ਸਰਕਾਰ ਦੀ ਪੁੱਠੀ ਗਿਣਤੀ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪੱਖੀ ਸਰਕਾਰ ਹੋਂਦ 'ਚ ਆਈ ਸੀ। ਉਸ ਵੇਲੇ ਵੀ ਅਕਾਲੀ ਦਲ ਦੇ ਨੇਤਾ ਕਹਿੰਦੇ ਨਹੀਂ ਸਨ ਥਕਦੇ ਕਿ ਟੌਹੜੇ ਪੱਲੇ ਕੀ ਹੈ, ਉਸ ਨੇ ਸਰਕਾਰ ਰੋਕ ਕੇ ਆਪਣੇ ਰਾਜਸੀ ਹੱਥ ਦਿਖਾ ਦਿੱਤੇ ਸਨ।
ਹੁਣ ਜੇਕਰ ਪਿਛਲੇ ਦੋ ਸਾਲ ਤੋਂ ਬਾਗੀ ਹੋਏ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਆਗੂ ਵੀ 2019 'ਚ ਲੋਕ ਸਭਾ 'ਚ ਭਾਵੇਂ ਆਪ ਨਹੀਂ ਜਿੱਤੇ ਪਰ ਅਕਾਲੀ ਦਲ ਦੇ ਐੱਮ. ਪੀ. ਤਾਂ ਹਰਾ ਗਏ। ਹੁਣ ਜਦੋਂ ਵੱਡੇ ਕੱਦ ਦੇ ਮਾਲਵੇ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਉਸ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਛਾਲ ਮਾਰੀ ਹੈ ਤਾਂ ਪੰਜਾਬ ਦੇ ਵੱਡੇ ਰਾਜਸੀ ਨੇਤਾ ਭਾਵੇਂ ਉਹ ਕਿਸੇ ਵੀ ਪਾਰਟੀ 'ਚ ਬੈਠਾ ਹੈ, ਉਹ ਇਹ ਆਖਣ ਲੱਗ ਪਿਆ ਹੈ ਕਿ ਸੁਖਦੇਵ ਸਿੰਘ ਢੀਂਡਸਾ 2022 'ਚ ਮਰਹੂਮ ਜੱਥੇਦਾਰ ਟੌਹੜਾ ਵਾਲੀ ਸਥਿਤੀ ਕਾਰਣ ਜਾਂ ਤਾਂ ਬਾਜ਼ੀ ਮਾਰ ਸਕਦੇ ਹਨ, ਨਹੀਂ ਤਾਂ ਅਕਾਲੀ ਦਲ ਲਈ ਜ਼ਰੂਰ ਕੰਡੇ ਬੀਜ ਦੇਣਗੇ ਕਿਉਂਕਿ ਅੱਜ-ਕੱਲ ਵਿਧਾਨ ਸਭਾ ਦੇ ਦੋ ਦਰਜਨ ਹਲਕਿਆਂ 'ਚ ਸਿਰਫ ਜਿੱਤ-ਹਾਰ 2 ਸੌ ਤੋਂ 5 ਸੌ ਤੱਕ ਆ ਗਈ ਹੈ। ਇਸ ਲਈ ਹੁਣ ਦੇਖਣਾ ਇਹ ਹੋਵੇਗਾ ਕਿ ਸ. ਢੀਂਡਸਾ ਕਿਸ ਨਾਲ ਚੱਲ ਕੇ ਆਪਣੇ ਰਾਜਸੀ ਰੰਗ ਦਿਖਾਉਂਦੇ ਹਨ।


Babita

Content Editor

Related News