ਫਸਲਾਂ ਦਾ ਸਮਰਥਨ ਮੁੱਲ ਨਿਰਧਾਰਿਤ ਕਰਨ ਲਈ ਖੇਤੀਬਾੜੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੰਜਾਬ ''ਚ ਦੌਰਾ

12/11/2019 5:55:51 PM

ਜਲੰਧਰ—ਖੇਤੀਬਾੜੀ 'ਚ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਕਰਨ ਲਈ ਭਾਰਤ ਸਰਕਾਰ ਦੇ ਖੇਤੀਬਾੜੀ ਕੋਸਟ ਅਤੇ ਪ੍ਰਾਈਸ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਵਿਜੈ ਪਾਲ ਸ਼ਰਮਾ ਇੰਨੀ ਦਿਨੀ ਪੰਜਾਬ ਭਰ ਦੇ ਵੱਖ-ਵੱਖ ਜਿਲ੍ਹਿਆ ਦਾ ਦੌਰਾ ਕਰ ਰਹੇ ਹਨ ਇਸੇ ਲੜੀ ਤਹਿਤ ਅੱਜ ਉਹਨਾਂ ਵੱਲੋ ਜਿਲ੍ਹਾ ਜਲੰਧਰ ਅਤੇ ਕਪੂਰਥਲਾ ਦਾ ਦੌਰਾ ਕੀਤਾ ਗਿਆ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਜਲੰਧਰ ਵੱਲੋ ਇਸ ਸਬੰਧੀ ਪਿੰਡ ਰਾਏਪੁਰ ਬੱਲਾਂ ਅਤੇ ਕਰਤਾਰਪੁਰ ਵਿਖੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਇਸ ਕਿਸਾਨ ਗੋਸਟੀ 'ਚ ਜਿਲ੍ਹਾ ਭਰ ਦੇ ਅਗਾਂਹਵਧੂ ਕਿਸਾਨਾਂ ਵੱਲੋ ਚੇਅਰਮੈਨ ਕੋਸਟ ਅਤੇ ਪ੍ਰਾਈਸ ਕਮਿਸ਼ਨ ਭਾਰਤ ਸਰਕਾਰ ਨੂੰ ਵੱਖ-ਵੱਖ ਫਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ਨੂੰ ਵਿਹਾਰੀ ਬਣਾਉਂਦੇ ਹੋਏ ਕਿਸਾਨ ਦੀ ਉਪਜ ਦੀ ਖਰੀਦ ਸੁਨਿਸ਼ਚਿਤ ਕਰਨ ਤੇ ਜ਼ੋਰ ਦਿੰਦਿਆ ਕਿਹਾ ਕਿ ਭਵਿੱਖ 'ਚ ਵੱਧ ਰਹੇ ਖਾਦਾਂ, ਲੇਬਰ ਅਤੇ ਹੋਰ ਇਨਪੁੱਟ ਦੇ ਖਰਚਿਆ ਤੋਂ ਇਲਾਵਾ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਸੰਭਾਲ ਲਈ ਵੀ ਕਿਸਾਨਾਂ ਦੇ ਖਰਚਿਆ 'ਚ ਵਾਧਾ ਹੋਇਆ ਹੈ। ਕਿਸਾਨਾਂ ਵੱਲੋ ਧਰਤੀ ਹੇਠਲੇ ਪਾਣੀ ਦੇ ਥੱਲੇ ਜਾਣ ਕਰਕੇ ਮੋਟਰਾਂ ਨੂੰ ਹੋਰ ਡੂੰਘਾ ਕਰਵਾਉਣ 'ਤੇ ਆਉਂਦੇ ਖਰਚਿਆਂ ਵੱਲ ਵੀ ਚੇਅਰਮੇਨ ਸਾਹਿਬ ਦਾ ਧਿਆਨ ਦਿਵਾਇਆ।ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਜ਼ਮੀਨ 'ਚ ਵਾਹੁਣ ਉਪਰੰਤ ਕੀਤੀ ਜਾਂਦੀ ਕਣਕ ਦੀ ਕਾਸ਼ਤ ਉਪਰੰਤ ਖੇਤ 'ਚ ਲੇਜਰ ਲੇਵਲਿੰਗ 'ਤੇ ਆਉਂਦੇ ਖਰਚਿਆ ਵਲ ਵੀ ਧਿਆਨ ਦਿਵਾਉਂਦਿਆਂ ਕਿਹਾ ਕਿ ਪਰਾਲ ਜ਼ਮੀਨ 'ਚ ਦਬਾਉਣ ਉਪਰੰਤ ਕਿਸਾਨ ਨੂੰ ਹਰ ਸਾਲ ਖੇਤ ਦੀ ਲੇਜਰ ਲੇਵਲਿੰਗ ਕਰਵਾਉਣੀ ਹੀ ਪਵੇਗੀ। ਉਹਨਾਂ ਕਿਹਾ ਕਿ ਇਹਨਾਂ ਵੱਧ ਰਹੇ ਖਰਚਿਆ ਦੇ ਮੱਦੇਨਜ਼ਰ ਅਤੇ ਨਾਲ-ਨਾਲ ਕਿਸਾਨਾਂ ਵੱਲੋਂ ਖਰੀਦੀਆਂ ਜਾ ਰਹੀਆਂ ਮਹਿੰਗੀਆ ਮਸ਼ੀਨਾਂ ਕਰਕੇ ਕਿਸਾਨ ਨੂੰ ਉਸ ਦੀ ਉਪਜ ਦਾ ਵੱਧ ਭਾਅ ਮਿਲਣਾ ਚਾਹੀਦਾ ਹੈ।

PunjabKesari

ਇਸ ਮੌਕੇ ਤੇ ਉਹਨਾਂ ਨਾਲ ਡਾ. ਸੁੰਤਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਇੰਜ ਮਨਮੋਹਨ ਕਾਲੀਆ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ, ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਅਤੇ ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।ਡਾ. ਸੁੰਤਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਭਰ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਜ਼ਮੀਨ 'ਚ ਵਾਹੁਣ ਉਪਰੰਤ ਕਣਕ ਦੀ ਬਿਜਾਈ ਭਾਵੇਂ ਕੀਤੀ ਗਈ ਹੈ ਪਰ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਪਰਾਲੀ ਨੂੰ ਵਹਾਉਣ ਉਪਰੰਤ ਕੀਤੇ ਜਾਂਦੀ ਕਣਕ, ਆਲੂ , ਮਟਰਾਂ ਆਦਿ ਦੇ ਖਰਚਿਆ 'ਚ ਵਾਧਾ ਹੁੰਦਾ ਹੈ। ਉਹਨਾਂ ਇਸ ਮੌਕੇ 'ਤੇ ਕਿਹਾ ਕਿ ਝੌਨਾ/ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਪ੍ਰਤੀ ਕੁਇੰਟਲ ਪਰਾਲੀ/ਨਾੜ ਦੀ ਸੰਭਾਲ ਦਾ ਖਰਚਾ ਅਤੇ ਕਿਸਾਨ ਵੱਲੋ ਕੀਤੇ ਜਾਂਦੇ ਅਚਨਚੇਤ ਖਰਚੇ ਜਿਵੇਂ ਕਿ ਵਧੇਰੇ ਡੀਂਜ਼ਲ ਦੀ ਵਰਤੋਂ ਮੋਟਰਾਂ ਡੂੰਘਿਆਂ ਕਰਨ ਦਾ ਖਰਚਾ ਆਦਿ ਵੀ ਸ਼ਾਮਿਲ ਕੀਤਾ ਜਾਵੇ ਤਾਂ ਜੋ ਕਿਸਾਨ ਨੂੰ ਉਸ ਦੀ ਲਾਗਤ ਮੁੱਲ ਤੋਂ ਵਧੇਰੇ ਭਾਅ/ਰੇਟ ਪ੍ਰਾਪਤ  ਹੋ ਸਕਣ। ਇਸ ਮੌਕੇ ਤੇ ਡਾ. ਵਿਜੇਪਾਲ ਸ਼ਰਮਾ ਚੇਅਰਮੈਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਸਰਕਾਰ ਵੱਲੋ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਕਰਨ ਲਈ ਪਾਰਦਰਸ਼ੀ ਢੰਗ ਅਪਨਾਉਂਦੇ ਹੋਏ ਸੂਬੇ ਦੇ ਵੱਖ-ਵੱਖ ਜਿਲ੍ਹਿਆਂ 'ਚ ਕਿਸਾਨ ਗੋਸ਼ਟੀਆਂ ਰਾਹੀਂ ਕਿਸਾਨਾ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋਂ ਖੇਤੀ ਖਰਚਿਆ ਸਬੰਧੀ ਜ਼ਮੀਨੀ ਹਕੀਕਤ ਤੋਂ ਵਾਕਿਫ ਹੁੰਦੇ ਹੋਏ ਮੌਜੂਦਾ ਕਿਸਾਨਾਂ ਦੀ ਸਮਸਿਆ ਆਦਿ ਦਾ ਸਹੀ ਜਾਇਜਾ ਲੈਦੇ ਹੋਏ ਅਤੇ ਕਿਸਾਨਾ ਵੱਲੋ ਕੀਤੇ ਜਾਂਦੇ ਖਰਚਿਆ ਦੀ ਪ੍ਰਤੀ ਪੂਰਤੀ ਕਰਦੇ ਹੋਏ ਸਹੀ ਭਾਅ ਨਿਰਧਾਰਿਤ ਕੀਤੇ ਜਾਣ ।

PunjabKesari

ਇਸ ਮੌਕੇ ਤੇ ਇੰਜ. ਮਨਮੋਹਨ ਕਾਲਿਆ, ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਵੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਰਾਹੀ ਮਸ਼ੀਨਾਂ ਮੁਹੱਈਆ ਕੀਤੀਆਂ ਜਾ ਰਹੀਆ ਹਨ। ਮੀਟਿੰਗ 'ਚ ਮੌਜੂਦ ਸ. ਜਸਕਰਨ ਸਿੰਘ ਨੇ ਝੋਨੇ ਦੀ ਵਾਢੀ ਤੋਂ ਬਾਅਦ ਅਤੇ ਪਰਾਲੀ ਦੀ ਸੰਭਾਲ ਕਰਦੇ ਹੋਏ ਆਲੂਆਂ ਦੀ ਖੇਤੀ 'ਤੇ ਵਧੇਰੇ ਖਰਚਾ ਹੋਣ ਬਾਰੇ ਮੀਟਿੰਗ 'ਚ ਜਾਣਕਾਰੀ ਦਿੱਤੀ।ਇਲਾਕੇ ਦੇ ਦੂਜੇ ਕਿਸਾਨਾਂ ਸ. ਜਗਜੀਤ ਸਿੰਘ ਪਿੰਡ ਲੱਲੀਆਂ, ਮਹਿੰਦਰ ਸਿੰਘ ਪਿੰਡ ਕੁਹਾਲਾ, ਸ. ਬਲਵਿੰਦਰ ਸਿੰਘ ਪਿੰਡ ਮੱਲੀ ਨੰਗਲ, ਸ. ਹਰਸੁਲਿੰਦਰ ਸਿੰਘ,ਸ. ਅਮਰਜੀਤ ਸਿੰਘ ਪਿੰਡ ਗੋਲ, ਸ. ਮੁਕੂ ਚੰਦਰ ਪਿੰਡ ਰਾਣੀ ਭੱਟੀ, ਸ. ਬਲਵਿੰਦਰ ਸਿੰਘ ਨੇ ਕਮਾਦ ਦੀ ਕਾਸ਼ਤਕਾਰੀ 'ਚ ਵਧੇਰੇ ਖਰਚੇ ਅਤੇ ਆਲੂਆ ਦਾ ਸਹੀ ਭਾਅ ਨਾ ਮਿਲਣ ਦੀ  ਜਾਣਕਾਰੀ ਦਿੱਤੀ ਅਤੇ ਕਿਹਾ ਕਿ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਦੀ ਸੰਭਾਲ ਕਰਦੇ ਹੋਏ ਕਣਕ ਦੀ ਬਿਜਾਈ ਕਰਨ ਤੇ ਵਧੇਰੇ ਖਰਚਾ ਕਰਨਾ ਹੀ ਪੈਂਦਾ ਹੈ।ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਜਮੀਨ 'ਚ ਵਹਾਉਣ ਉਪਰੰਤ ਵਾਰ-ਵਾਰ ਲੇਜਰ ਲੈਵਲਰ ਦੀ ਵਰਤੋ ਜਰੂਰੀ ਕਰਨ ਸਬੰਧੀ ਵੀ ਦੱਸਿਆ।
ਮੁੱਖ ਖੇਤੀਬਾੜੀ ਅਫਸਰ
ਜਲੰਧਰ


Iqbalkaur

Content Editor

Related News