ਸੋਢਲ ਮੇਲੇ ’ਚ 24 ਘੰਟੇ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ

Wednesday, Sep 27, 2023 - 11:09 AM (IST)

ਜਲੰਧਰ (ਸੁਧੀਰ)–ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ, ਜਿਸ ਕਾਰਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਡੀ. ਸੀ. ਪੀ. ਸਿਟੀ ਜਗਮੋਹਨ ਸਿੰਘ ਅਤੇ ਕਮਿਸ਼ਨਰੇਟ ਪੁਲਸ ਦੇ ਹੋਰ ਅਧਿਕਾਰੀਆਂ ਨਾਲ ਸੋਢਲ ਮੰਦਿਰ ਅਤੇ ਮੇਲਾ ਮਾਰਗ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪਠਾਨਕੋਟ ਚੌਂਕ, ਲੰਮਾ ਪਿੰਡ ਚੌਂਕ, ਦੋਆਬਾ ਚੌਂਕ ਅਤੇ ਮੇਲਾ ਮਾਰਗ ਵੱਲ ਆਉਣ ਵਾਲੀ ਸਾਰੀ ਟਰੈਫਿਕ ਵਿਵਸਥਾ ਦਾ ਵੀ ਜਾਇਜ਼ਾ ਲਿਆ।

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਉਨ੍ਹਾਂ ਨੇ ਵਿਸ਼ੇਸ਼ ਮੀਟਿੰਗ ਕਰਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ੁਦ ਮੇਲਾ ਮਾਰਗ ਅਤੇ ਸੋਢਲ ਮੰਦਿਰ ਵੱਲ ਆਉਣ ਵਾਲੇ ਸਾਰੇ ਰਸਤਿਆਂ ਦਾ ਪੁਲਸ ਅਧਿਕਾਰੀਆਂ ਨਾਲ ਨਿਰੀਖਣ ਕਰਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਸੀ. ਪੀ. ਚਾਹਲ ਨੇ ਦੱਸਿਆ ਕਿ ਮੇਲਾ ਮਾਰਗ ਵਿਚ ਲਗਭਗ 1000 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਮੇਲਾ ਮਾਰਗ ਵਿਚ ਪੁਲਸ ਮੁਲਾਜ਼ਮਾਂ ਦੀ ਡਿਊਟੀ ਨੂੰ 12-12 ਘੰਟਿਆਂ ਦੀਆਂ 2 ਸ਼ਿਫਟਾਂ ਵਿਚ ਵੰਡਿਆ ਗਿਆ ਹੈ। ਇਸ ਦੇ ਨਾਲ ਹੀ ਮੇਲਾ ਮਾਰਗ ’ਤੇ ਪੀ. ਸੀ. ਆਰ. ਦਸਤੇ ਨੂੰ ਵੀ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ਅਤੇ ਜੇਬ ਕਤਰਿਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ’ਤੇ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ ਹਨ।

PunjabKesari

ਇਹ ਵੀ ਪੜ੍ਹੋ- ਮਸ਼ਹੂਰ ਜੋੜੇ ਦੀਆਂ ਵਾਇਰਲ ਵੀਡੀਓਜ਼ ਦੇ ਮਾਮਲੇ 'ਚ ਨਵਾਂ ਮੋੜ, ਗ੍ਰਿਫ਼ਤਾਰ ਕੁੜੀ ਦਾ ਪਰਿਵਾਰ ਆਇਆ ਸਾਹਮਣੇ

ਸੀ. ਪੀ. ਨੇ ਦੱਸਿਆ ਕਿ ਸਾਰੇ ਪੀ. ਸੀ. ਆਰ. ਮੁਲਾਜ਼ਮਾਂ, ਪੁਲਸ ਅਧਿਕਾਰੀਆਂ ਅਤੇ ਮੇਲਾ ਮਾਰਗ ’ਤੇ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਆਪਣੇ ਵਾਇਰਲੈੱਸ ਸੈੱਟ ਅਤੇ ਉਨ੍ਹਾਂ ਦੀਆਂ ਬੈਟਰੀਆਂ ਬਿਲਕੁਲ ਠੀਕ ਰੱਖਣ ਅਤੇ ਉਨ੍ਹਾਂ ਨੂੰ ਡਿਊਟੀ ’ਤੇ ਬਿਲਕੁਲ ਅਲਰਟ ਰਹਿਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਤੋਂ ਕਿਸੇ ਤਰ੍ਹਾਂ ਦਾ ਵੀ ਮੈਸੇਜ ਆਉਣ ’ਤੇ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਡੀ. ਸੀ. ਪੀ., ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਵੀ ਮੇਲਾ ਮਾਰਗ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫੀਲਡ ਵਿਚ ਉਤਾਰਿਆ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਖ਼ੁਦ ਵੀ ਸਰਪ੍ਰਾਈਜ਼ ਚੈਕਿੰਗ ਲਈ ਸਿਵਲ ਕੱਪੜਿਆਂ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫੀਲਡ ਵਿਚ ਨਿਕਲ ਰਹੇ ਹਨ। ਸੀ. ਪੀ. ਨੇ ਮੁਲਾਜ਼ਮਾਂ ਨੂੰ ਸਾਫ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਢਿੱਲੀ ਕਾਰਗੁਜ਼ਾਰੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਜਾਵੇ।

ਮੰਦਿਰ ਦੇ ਬਾਹਰ ਕਮਿਸ਼ਨਰੇਟ ਪੁਲਸ ਨੇ ਸਥਾਪਤ ਕੀਤਾ ਕੰਟਰੋਲ ਰੂਮ
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਮੰਦਿਰ ਦੇ ਬਾਹਰ ਪੁਲਸ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਟਰੋਲ ਰੂਮ ਵਿਚ ਵਾਇਰਲੈੱਸ ਸੈੱਟ ਅਤੇ ਐੱਲ. ਸੀ. ਡੀ. ਵੀ ਵਿਸ਼ੇਸ਼ ਤੌਰ ’ਤੇ ਲਗਾਈ ਜਾ ਰਹੀ ਹੈ। ਗੁਪਤ ਕੈਮਰਿਆਂ ਨੂੰ ਇਸ ਕੰਟਰੋਲ ਰੂਮ ਨਾਲ ਵੀ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਡੀ. ਸੀ. ਪੀ. ਅਤੇ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਸ਼ਿਫਟ ਵਾਈਜ਼ ਕੰਟਰੋਲ ਰੂਮ ਵਿਚ ਖੁਦ ਬੈਠ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੰਦਿਰ ਦੇ ਬਾਹਰ ਅਤੇ ਅੰਦਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ-  ਬਿਆਸ ਦਰਿਆ ਦੇ ਪਾਣੀ ’ਚ ਡੁੱਬੇ 2 ਮਾਸੂਮਾਂ ਦਾ ਇਕੱਠਿਆਂ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਮੇਲਾ ਮਾਰਗ ’ਤੇ ਗੁਪਤ ਕੈਮਰੇ ਜੇਬ ਕਤਰਿਆਂ ਅਤੇ ਸ਼ੱਕੀ ਲੋਕਾਂ ’ਤੇ ਰੱਖਣਗੇ ਨਜ਼ਰ
ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੇਲਾ ਮਾਰਗ ’ਤੇ ਕਮਿਸ਼ਨਰੇਟ ਪੁਲਸ ਵੱਲੋਂ ਸ਼ੱਕੀ ਲੋਕਾਂ ਅਤੇ ਜੇਬ ਕਤਰਿਆਂ ’ਤੇ ਨਕੇਲ ਕੱਸਣ ਲਈ ਕਈ ਥਾਵਾਂ ’ਤੇ ਗੁਪਤ ਕੈਮਰੇ ਲਗਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੀ ਤੀਜੀ ਅੱਖ ਲੋਕਾਂ ਅਤੇ ਜੇਬ ਕਤਰਿਆਂ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੇਗੀ। ਇਨ੍ਹਾਂ ਕੈਮਰਿਆਂ ਰਾਹੀਂ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਵੱਖਰੇ ਤੌਰ ’ਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।

PunjabKesari

ਟਰੈਫਿਕ ਰੂਟ ਪਲਾਨ ਹੋਵੇਗਾ ਜਾਰੀ, ਮੇਲਾ ਮਾਰਗ ’ਤੇ ਆਉਣ ਵਾਲੇ ਸਾਰੇ ਰਸਤੇ ਹੋਣਗੇ ਬੰਦ
ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੇਲਾ ਮਾਰਗ ’ਤੇ ਟਰੈਫਿਕ ਵਿਵਸਥਾ ਦੀ ਜ਼ਿੰਮੇਵਾਰੀ ਏ. ਡੀ. ਸੀ. ਪੀ. ਟਰੈਫਿਕ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਮੇਲਾ ਮਾਰਗ ’ਤੇ ਆਉਣ ਵਾਲੇ ਸਾਰੇ ਰਸਤੇ ਬੰਦ ਕੀਤੇ ਜਾਣਗੇ। ਇਸਦੇ ਨਾਲ ਹੀ ਵਾਹਨਾਂ ਦੀ ਆਵਾਜਾਈ ’ਤੇ ਵੀ ਰੋਕ ਲਗਾਈ ਜਾਵੇਗੀ। ਪਠਾਨਕੋਟ ਚੌਂਕ, ਲੰਮਾ ਪਿੰਡ ਚੌਂਕ, ਦੋਆਬਾ ਚੌਂਕ ਅਤੇ ਕਿਸ਼ਨਪੁਰਾ ਚੌਂਕ ਅਤੇ ਹੋਰ ਕੁਝ ਸਥਾਨਾਂ ਤੋਂ ਮੇਲਾ ਮਾਰਗ ’ਤੇ ਆਉਣ ਵਾਲੇ ਸਾਰੇ ਵਾਹਨਾਂ ’ਤੇ ਰੋਕ ਲਗਾਈ ਜਾਵੇਗੀ ਅਤੇ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਵੀ ਜਲਦ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ-  ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਮੁਅੱਤਲ SHO ਨਵਦੀਪ ਸਿੰਘ ਗ੍ਰਿਫ਼ਤ ਤੋਂ ਕੋਹਾਂ ਦੂਰ, ਪਰਿਵਾਰ ਨੇ ਕੱਢੀ ਭੜਾਸ


ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News