ਭਾਰੀ ਬਾਰਿਸ਼ ਤੇ ਸੁਹਾਵਣੇ ਮੌਸਮ ''ਚ ਸ੍ਰੀ ਹਰਿਮੰਦਰ ਸਾਹਿਬ ਲੱਗੀਆਂ ਰੌਣਕਾਂ

Sunday, Aug 02, 2020 - 11:33 AM (IST)

ਭਾਰੀ ਬਾਰਿਸ਼ ਤੇ ਸੁਹਾਵਣੇ ਮੌਸਮ ''ਚ ਸ੍ਰੀ ਹਰਿਮੰਦਰ ਸਾਹਿਬ ਲੱਗੀਆਂ ਰੌਣਕਾਂ

ਅੰਮ੍ਰਿਤਸਰ (ਅਨਜਾਣ): ਸਵੇਰ ਵੇਲੇ ਹੋਈ ਭਾਰੀ ਬਾਰਿਸ਼, ਬੱਦਲਵਾਹੀ ਤੇ ਠੰਢੀ ਹਵਾ ਵਾਲੇ ਸੁਹਾਵਣੇ ਮੌਸਮ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਵੇਖੀਆਂ ਗਈਆਂ। ਸੰਗਤਾਂ ਦੀ ਤਾਦਾਦ ਏਨੀ ਸੀ ਕਿ ਦਰਸ਼ਨੀ ਡਿਓੜੀ ਦੇ ਬਾਹਰ ਤੱਕ ਬਾਂਸ ਲਗਾ ਕੇ ਰੋਕ-ਰੋਕ ਕੇ ਸੰਗਤਾਂ ਦਰਸ਼ਨ ਕਰਨ ਲਈ ਜਾਂਦੀਆਂ ਰਹੀਆਂ। ਅੰਮ੍ਰਿਤ ਵੇਲੇ ਦਾ ਨਜ਼ਾਰਾ ਮਾਨੋ ਸਵਰਗ ਵਰਗਾ ਲੱਗ ਰਿਹਾ ਸੀ। ਕਿਵਾੜ ਖੁਲਦਿਆਂ ਹੀ ਸੰਗਤਾਂ ਬੇਨਤੀ ਰੂਪੀ ਸ਼ਬਦਾਂ ਦਾ ਗਾਇਣ ਕਰਦੀਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁੱਜੀਆਂ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸੰਗਤਾਂ ਨੇ ਠੰਢੇ-ਮਿੱਠੇ ਜਲ ਦੀ ਛਬੀਲ, ਪ੍ਰੀਕਰਮਾ ਦੇ ਇਸ਼ਨਾਨ, ਜੌੜੇ ਘਰ ਤੇ ਗੁਰੂ ਕੇ ਲੰਗਰ ਵਿਖੇ ਸੇਵਾ ਕੀਤੀ ਤੇ ਠੰਢੇ ਮੌਸਮ 'ਚ ਚਾਹ ਦੀਆਂ ਚੁਸਕੀਆਂ ਦਾ ਆਨੰਦ ਲਿਆ। ਸ਼ਾਮ ਸਮੇਂ ਰਹਰਾਸਿ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਵਲੋਂ ਆਰਤੀ ਦਾ ਉਚਾਰਣ ਕੀਤਾ ਗਿਆ ਤੇ ਰਾਤ ਨੂੰ ਸੁਖਆਸਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੀ ਤੇ ਸੁਖਆਸਣ ਵਾਲੇ ਅਸਥਾਨ ਤੇ ਗੁਰੂ ਸਾਹਿਬ ਨੂੰ ਬਿਰਾਜਮਾਨ ਕੀਤਾ ਗਿਆ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ

PunjabKesari

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੰਗਤਾਂ ਨੇ ਕੀਤੇ ਮੂਲ ਮੰਤਰ ਦੇ ਪਾਠ :
ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਉਪਰੰਤ ਮੂਲ ਮੰਤਰ ਦੇ ਪਾਠ ਕੀਤੇ ਤੇ ਬੇਨਤੀ ਰੂਪੀ ਸ਼ਬਦ ਗਾਇਣ ਕੀਤੇ। ਅਰਦਾਸ ਉਪਰੰਤ ਹੁਕਮਨਾਮਾ ਲਿਆ ਗਿਆ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਗ੍ਰੰਥੀ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਜਨ ਸਿਮਰਨ ਨਾਲ ਜੁੜਨ ਤੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ ਵਿਸ਼ਵ ਦੇ ਭਲੇ ਦੀ ਅਰਦਾਸ ਕਰਨ ਲਈ ਕਿਹਾ। ਉਨ•ਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਇਕ ਵਾਹਿਗੁਰੂ ਹੀ ਸਭ ਦੇ ਅੰਗ ਸੰਗ ਸਹਾਈ ਹੁੰਦਾ ਹੈ। ਜੋ ਉਸ ਦੇ ਲੜ ਲੱਗਾ ਰਹਿੰਦਾ ਹੈ ਉਸ ਨੂੰ ਕਦੇ ਵੀ ਕੋਈ ਦੁੱਖ, ਦਲਿੱਦਰ ਤੇ ਕਲੇਸ਼ ਨਹੀਂ ਵਿਆਪਦਾ ਤੇ ਸਦਾ ਚੜਦੀ ਕਲਾ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ-19 ਸੈਂਟਰ ਦੀ ਇਹ ਵੀਡੀਓ


author

Shyna

Content Editor

Related News