ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਅੱਜ ਵੀ ਸੰਗਤਾਂ ਤੇ ਸੇਵਾਦਾਰਾਂ ਨੇ ਰੱਖੀ ਬਹਾਲ
Saturday, Apr 25, 2020 - 06:51 PM (IST)
ਅੰਮ੍ਰਿਤਸਰ (ਅਨਜਾਣ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਅੱਜ ਵੀ ਤਿਨ ਪਹਿਰੇ ਦੀਆਂ ਸੰਗਤਾਂ ਅਤੇ ਸੇਵਾਦਾਰਾਂ ਨੇ ਹੀ ਬਹਾਲ ਰੱਖੀ। ਤਿਨ ਪਹਿਰੇ ਦੀ ਸੇਵਾ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਣ ਉਪਰੰਤ ਸੁਨਹਿਰੀ ਪਾਲਕੀ 'ਚ ਗ੍ਰੰਥੀ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤਾ ਗਿਆ। ਹੁਕਮਨਾਮੇ ਉਪਰੰਤ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਦੀ ਸੇਵਾ ਦੇ ਨਾਲ ਜੂਠੇ ਬਰਤਨਾਂ ਅਤੇ ਲੰਗਰ ਦੀ ਸੇਵਾ ਕੀਤੀ।
ਇਹ ਵੀ ਪੜ੍ਹੋ: ਸੰਗਰੂਰ ਤੋਂ ਪਾਜ਼ੇਟਿਵ ਆਏ ਵਿਅਕਤੀ ਨੇ ਕੋਵਿਡ-19 ਵਿਰੁੱਧ ਜਿੱਤੀ ਜੰਗ, ਪਰਤਿਆ ਘਰ
ਪੁਲਸ ਦੀ ਘੇਰਾਬੰਦੀ ਕਾਰਨ ਸੰਗਤਾਂ ਨਹੀਂ ਹੋ ਸਕੀਆਂ ਨਤਮਸਤਕ :
ਕੋਰੋਨਾ ਤੋਂ ਬਚਾਅ ਲਈ ਪੁਲਸ ਪ੍ਰਸ਼ਾਸਨ ਵਲੋਂ ਚਾਰੇ ਪਾਸੇ ਘੇਰਾਬੰਦੀ ਤੇਜ਼ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਬਾਹਰੀ ਸੰਗਤਾਂ 'ਚੋਂ ਕੋਈ ਵੀ ਸੱਚਖੰਡ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਿਆ। ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਆਉਂਦੀਆਂ ਗਈਆਂ ਅਤੇ ਬਾਹਰੋਂ ਨਤਮਸਤਕ ਹੋ ਕੇ ਮੁੜਦੀਆਂ ਦੇਖੀਆਂ ਗਈਆਂ।
ਇਹ ਵੀ ਪੜ੍ਹੋ: ਸਰਹੰਦ ਰੋਡ 'ਤੇ ਨੈਨੋ ਕਾਰ ਟਰੱਕ ਨਾਲ ਟਕਰਾਈ, 103 ਸਾਲਾ ਬਜੁਰਗ ਦੀ ਮੌਤ
ਸਕੱਤਰੇਤ ਦੇ ਬਾਹਰ ਸੰਗਤਾਂ ਵਲੋਂ ਤਿਆਰ ਕੀਤਾ ਜਾਂਦਾ ਹੈ ਲੰਗਰ:
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਦਫਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਸੰਗਤਾਂ ਵਲੋਂ ਗਰੀਬ ਬਸਤੀਆਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ 'ਚ ਸੇਵਾ ਕਰ ਰਹੇ ਗੁਰਬਚਨ ਸਿੰਘ, ਕੁਲਵਿੰਦਰ ਸਿੰਘ ਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਲੰਗਰ ਪੰਜਾਬ ਐਂਡ ਸਿੰਧ ਬੈਂਕ ਦੇ ਰੀਟਾਇਰਡ ਮੈਨੇਜਰ ਵਲੋਂ ਇਕ ਚਾਹ ਦੀ ਕੇਤਲੀ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਲੰਗਰ ਛਕਦੀਆਂ ਨੇ। ਜਿਵੇਂ-ਜਿਵੇਂ ਸੰਗਤਾਂ ਜੁੜਦੀਆਂ ਗਈਆਂ ਲੰਗਰ 'ਚ ਵਾਧਾ ਹੁੰਦਾ ਗਿਆ। ਉਨ੍ਹਾਂ ਕਿਹਾ ਕਿ ਇਹ ਲੰਗਰ ਤਿਆਰ ਕਰਕੇ ਪੁਲਸ ਪ੍ਰਸ਼ਾਸਨ ਦੀ ਆਗਿਆ ਨਾਲ ਗਰੀਬ ਬਸਤੀਆਂ 'ਚ ਲਿਜਾਇਆ ਜਾਂਦਾ ਹੈ ਤਾਂ ਜੋ ਕੋਰੋਨਾ ਕਾਰਨ ਜੋ ਲੋਕ ਕੰਮ ਕਾਜ ਨਹੀਂ ਕਰ ਸਕਦੇ ਉਨ੍ਹਾਂ ਦਾ ਪੇਟ ਭਰਿਆ ਜਾ ਸਕੇ।
ਇਹ ਵੀ ਪੜ੍ਹੋ: ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਵਾਨਾ