ਮੌੜ ਮੰਡੀ ਗੁਟਕਾ ਸਾਹਿਬ ਬੇਅਦਬੀ ਮਾਮਲੇ 'ਚ ਪੁਲਸ ਦਾ ਖੁਲਾਸਾ (ਵੀਡੀਓ)

09/13/2018 10:44:17 AM

ਬਠਿੰਡਾ/ਮੌੜ ਮੰਡੀ, (ਮਨੀਸ਼, ਬਲਵਿੰਦਰ, ਪ੍ਰਵੀਨ)—ਪਿੰਡ ਰਾਮ ਨਗਰ ਵਿਖੇ ਬੇਅਦਬੀ ਦੀ ਇਕ ਹੋਰ ਘਟਨਾ ਵਾਪਰੀ ਹੈ, ਜਿਥੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀ 'ਚ ਖਿਲਾਰ ਦਿੱਤੇ ਗਏ। ਪਤਾ ਲੱਗਾ ਹੈ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਨਾਬਾਲਗ ਬੱਚੀ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀ 'ਚ ਖਿਲਾਰ ਦਿੱਤੇ। ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਪਿੰਡ ਰਾਮ ਨਗਰ ਵਿਖੇ ਅੱਜ ਸਵੇਰੇ 6 ਵਜੇ ਇਕ ਗੁਰਸਿੱਖ ਔਰਤ ਤਲਵਿੰਦਰ ਕੌਰ ਗੁਰਦੁਆਰਾ ਸਾਹਿਬ ਵੱਲ ਨੂੰ ਜਾ ਰਹੀ ਸੀ। ਉਸ ਨੇ ਦੇਖਿਆ ਕਿ ਕਿਸਾਨ ਸੁਖਦੇਵ ਸਿੰਘ ਦੇ ਘਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਖਿਲਰੇ ਪਏ ਹਨ। ਉਸ ਨੇ ਤੁਰੰਤ ਗੁਟਕਾ ਸਾਹਿਬ ਦੇ ਸਾਰੇ ਅੰਗ ਇਕੱਠੇ ਕੀਤੇ ਅਤੇ ਗੁਰਦੁਆਰਾ ਸਾਹਿਬ ਲੈ ਗਈ, ਜਿਥੋਂ ਇਸ ਘਟਨਾ ਬਾਰੇ ਐਲਾਨ ਕਰ ਦਿੱਤਾ ਗਿਆ। ਇਸ ਮੌਕੇ 'ਤੇ ਡੀ. ਸੀ. ਬਠਿੰਡਾ ਪ੍ਰਨੀਤ, ਆਈ. ਜੀ. ਐੱਮ. ਐੱਫ. ਫਾਰੂਕੀ, ਐੱਸ. ਐੱਸ. ਪੀ. ਡਾ. ਨਾਨਕ ਸਿੰਘ ਸਮੇਤ ਪੁਲਸ ਪਾਰਟੀਆਂ ਪਹੁੰਚ ਗਈਆਂ।

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬੱਚੀ ਤੋਂ ਹੋਈ ਬੇਅਦਬੀ : ਆਈ. ਜੀ.
ਬੇਅਦਬੀ ਦੀ ਘਟਨਾ ਉਪਰੰਤ ਐੱਸ. ਐੱਸ. ਪੀ. ਦੀ ਅਗਵਾਈ ਹੇਠ ਬਣੀ ਟੀਮ ਨੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਪੁੱਛਗਿੱਛ ਉਪਰੰਤ ਪਤਾ ਲੱਗਾ ਕਿ ਗੁਰਸਿੱਖ ਕਿਸਾਨ ਸੁਖਦੇਵ ਸਿੰਘ ਨੇ ਸਵੇਰੇ 4 ਵਜੇ ਉੱਠ ਕੇ ਗੁਟਕਾ ਸਾਹਿਬ ਦਾ ਪਾਠ ਕੀਤਾ ਅਤੇ ਗੁਰਦੁਆਰਾ ਸਾਹਿਬ ਨੂੰ ਚਲਾ ਗਿਆ। ਉਸ ਦੀ 14 ਸਾਲਾ ਦੋਹਤੀ, ਜੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਨੇ ਸੁਖਦੇਵ ਸਿੰਘ ਦੇ ਜਾਣ ਤੋਂ ਬਾਅਦ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਦਿੱਤਾ। ਜਦੋਂ ਰੌਲਾ ਪਿਆ ਤਾਂ ਸੁਖਦੇਵ ਸਿੰਘ ਨੇ ਬੱਚੀ ਨੂੰ ਬਚਾਉਣ ਖਾਤਰ ਘਰ 'ਚ ਪਏ ਬਾਕੀ ਅੰਗਾਂ ਨੂੰ ਛੱਤ 'ਤੇ ਲਿਜਾ ਕੇ ਅਗਨ ਭੇਟ ਕਰ ਦਿੱਤਾ। ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਉਸਨੇ ਗੁਟਕਾ ਸਾਹਿਬ ਦੇ ਅੰਗਾਂ ਦਾ ਧਾਰਮਿਕ ਮਰਯਾਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਸੀ।
ਆਈ. ਜੀ. ਨੇ ਦੱਸਿਆ ਕਿ ਬੱਚੀ ਦੇ ਮਾਨਸਿਕ ਤੌਰ 'ਤੇ ਬੀਮਾਰ ਹੋਣ ਦੀ ਪੁਸ਼ਟੀ ਲਈ ਉਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।


Related News