ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ''ਤੇ ਆਧਾਰਤ ਅੰਤਰਰਾਸ਼ਟਰੀ ਕਾਨਫਰੰਸ 1 ਨੂੰ

01/28/2020 10:02:31 AM

ਚੰਡੀਗੜ੍ਹ (ਬਿਊਰੋ): ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਬਾਰ ਕੌਂਸਲ ਵਲੋਂ ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਬਰਾੜ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਅਤੇ ਉਸ ਦੇ ਮੌਜੂਦਾ ਸਮੇਂ 'ਚ ਪ੍ਰਭਾਵ ਵਿਸ਼ੇ 'ਤੇ ਕਰਵਾਈ ਜਾ ਰਹੀ ਇਸ ਦੋ ਦਿਨਾ ਕਾਨਫਰੰਸ ਦਾ ਉਦਘਾਟਨ ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦਰ ਬੋਬੜੇ ਪਹਿਲੀ ਫਰਵਰੀ ਨੂੰ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ 'ਚ ਸਵੇਰੇ 11 ਵਜੇ ਕਰਨਗੇ। ਇਸ ਕਾਨਫਰੰਸ ਦਾ ਦੂਜੇ ਦਿਨ ਦਾ ਸਮਾਗਮ 2 ਫਰਵਰੀ ਨੂੰ ਬਾਅਦ ਦੁਪਹਿਰ 12 ਵਜੇ ਯੂਨੀਵਰਸਿਟੀ ਦੇ ਲਾਅ ਭਵਨ 'ਚ ਹੋਵੇਗਾ।

ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿਚ ਸੁਪਰੀਮ ਕੋਰਟ ਭੂਟਾਨ ਦੇ ਜਸਟਿਸ ਰਿਨਜਿਨ ਪੈਨਜੋਰ, ਸ਼੍ਰੀਲੰਕਾ ਸੁਪਰੀਮ ਕੋਰਟ ਦੇ ਜਸਟਿਸ ਪੀ.ਪੀ. ਸੁਰਾਸੇਨਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ, ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਮਨਨ ਮਿਸ਼ਰਾ, ਇੰਟਰਨੈਸ਼ਨਲ ਬਾਰ ਕੌਂਸਲ ਦੇ ਚੇਅਰਮੈਨ ਹੋਰੈਕੀਓ ਬਰਨਾਰਡਜ਼ ਨੇਟੋ, ਘਾਨਾ ਦੇ ਹਾਈ ਕਮਿਸ਼ਨਰ ਮਿਕਾਇਲ ਏ.ਐੱਨ.ਐਨ. ਉਕਾਵੇ ਅਤੇ ਸੁਪਰੀਮ ਕੋਰਟ ਦਿੱਲੀ ਦੇ ਜਸਟਿਸ ਇੰਦਰਾ ਬੈਨਰਜੀ ਸੈਸ਼ਨਾਂ ਵਿਚ ਭਾਗ ਲੈਣਗੇ। ਕਾਨਫਰੰਸ ਦੌਰਾਨ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੂੰ ਅੰਤਰਰਾਸ਼ਟਰੀ ਵਾਤਾਵਰਣ ਸੰਭਾਲ ਐਵਾਰਡ ਨਾਲ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਐੱਸ.ਪੀ.ਐੱਸ. ਓਬਰਾਏ, ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ ਅਤੇ ਪ੍ਰਸਿੱਧ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨੂੰ ਵੀ ਅੰਤਰਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾਵੇਗਾ।


Shyna

Content Editor

Related News