ਸ਼ਹਾਦਤ ਸੰਗ ਸੁਰਤਿ ਦੇ ਜਲਾਲ ‘ਸ੍ਰੀ ਗੁਰੂ ਅਰਜਨ ਦੇਵ ਜੀ’ (ਵੀਡੀਓ)
Tuesday, May 26, 2020 - 10:19 AM (IST)
ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ (1563-1606) ਦੇ ਜੀਵਨ ਵਿਚੋਂ ਇਨ੍ਹਾਂ ਦੀ ਬ੍ਰਹਮ ਗਿਆਨੀ, ਨਿਮਰਤਾ, ਸੇਵਾ, ਪਰਉਪਕਾਰ ਅਤੇ ਆਗਿਆਕਾਰੀ ਸ਼ਖ਼ਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਗੁਣਾਂ ਸਦਕਾ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਇਨ੍ਹਾਂ ਨੂੰ ਗੁਰਗੱਦੀ 'ਤੇ ਸਥਾਪਤ ਕੀਤਾ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਇਹ ਨਗਰ ਮੌਜੂਦਾ ਤਰਨਤਾਰਨ ਜ਼ਿਲੇ ਵਿਚ ਸਥਿਤ ਹੈ। ਇਨ੍ਹਾਂ ਦੇ ਦੋ ਵੱਡੇ ਭਰਾ ਸਨ - ਪ੍ਰਿਥੀ ਚੰਦ (ਜ. 1558) ਅਤੇ ਮਹਾਂਦੇਵ (ਜ. 1560)। ਇਨ੍ਹਾਂ ਵਿਚੋਂ ਪ੍ਰਿਥੀ ਚੰਦ ਗੁਰੂ-ਘਰ ਆਉਣ ਵਾਲੀ ਸੰਗਤ ਦੇ ਸਮੂਹ ਕਾਰਜ ਕਰਿਆ ਕਰਦੇ ਸਨ, ਜਿਨ੍ਹਾਂ ਵਿਚ ਆਉਣ ਵਾਲੀ ਸੰਗਤ ਲਈ ਪ੍ਰਸ਼ਾਦੇ-ਪਾਣੀ ਅਤੇ ਅਰਾਮ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਜਾਣ ਵਾਲੀ ਸੰਗਤ ਨੂੰ ਸਨਮਾਨ ਪੂਰਬਕ ਵਿਦਾ ਕਰਿਆ ਕਰਦੇ ਸਨ। ਮਹਾਂਦੇਵ ਜੀ ਵਿਰਕਤੀ ਸੁਭਾਅ ਦੇ ਮਾਲਕ ਹੋਣ ਕਰ ਕੇ ਦੁਨੀਆਦਾਰੀ ਦੇ ਮਸਲਿਆਂ ਤੋਂ ਦੂਰ ਰਹਿ ਕੇ ਭਜਨ-ਬੰਦਗੀ ਵਿਚ ਜੀਵਨ ਬਸਰ ਕਰਦੇ ਸਨ।
ਸ੍ਰੀ ਗੁਰੂ ਅਰਜਨ ਦੇਵ ਜੀ ਪਿਤਾ-ਸ੍ਰੀ ਗੁਰੂ ਰਾਮਦਾਸ ਜੀ ਦੇ ਆਗਿਆਕਾਰ ਰਹਿ ਕੇ ਗੁਰਮਤਿ ਆਸ਼ੇ ਅਨੁਸਾਰ ਜੀਵਨ ਬਸਰ ਕਰਨ ਵਿਚ ਖ਼ੁਸ਼ੀ ਮਹਿਸੂਸ ਕਰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਗਿਆਕਾਰੀ ਸੁਭਾਅ ਦੀ ਸਭ ਤੋਂ ਪ੍ਰਸਿੱਧ ਮਿਸਾਲ ਉਸ ਸਮੇਂ ਦੇਖਣ ਨੂੰ ਮਿਲਦੀ ਹੈ, ਜਦੋਂ ਲਾਹੌਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦਾ ਪੁੱਤਰ ਸਹਾਰੀਮੱਲ ਆਪਣੇ ਪੁੱਤਰ ਦੇ ਵਿਆਹ ਦਾ ਸੱਦਾ ਦੇਣ ਆਇਆ। ਇਸ ਨੇੜਲੀ ਰਿਸ਼ਤੇਦਾਰੀ ਵਿਚੋਂ ਆਏ ਸੱਦੇ ਅਨੁਸਾਰ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਜਾਣ ਲਈ ਕਿਹਾ ਪਰ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਸੰਬੰਧੀ ਜਦੋਂ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਕਿਹਾ ਗਿਆ ਤਾਂ ਪਿਤਾ-ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਜਾਣ ਲਈ ਤਿਆਰ ਹੋ ਗਏ।
1581 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਸੀ। ਘਰ ਵਿਚ ਸਭ ਤੋਂ ਛੋਟਾ ਸਪੁੱਤਰ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਗੁਰਗੱਦੀ ਸੌਂਪਣਾ ਇਸ ਗੱਲ ਦਾ ਪ੍ਰਤੀਕ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਪਿਤਾ-ਪੁਰਖੀ ਅਧਿਕਾਰ ਵਜੋਂ ਨਹੀਂ ਬਲਕਿ ਗੁਰਮਤਿ ਭਾਵਨਾ ਗ੍ਰਹਿਣ ਕਰਨ ਨਾਲ ਪ੍ਰਾਪਤ ਹੁੰਦੀ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ 18 ਸਾਲ ਦੀ ਉਮਰ ਵਿਚ ਗੁਰਗੱਦੀ 'ਤੇ ਸੁਭਾਇਮਾਨ ਹੋਏ ਸਨ ਅਤੇ 26 ਸਾਲ ਦੀ ਉਮਰ ਵਿਚ ਇਨ੍ਹਾਂ ਦਾ ਵਿਆਹ ਮਊ ਪਿੰਡ ਦੀ ਵਸਨੀਕ ਬੀਬੀ ਗੰਗਾ ਜੀ ਨਾਲ ਹੋਇਆ ਸੀ। ਪੰਥ ਵਿਚ ਇਨ੍ਹਾਂ ਨੂੰ ਮਾਤਾ ਗੰਗਾ ਜੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਵਿਚ ਦਸਵੰਧ ਦੀ ਪ੍ਰਥਾ ਅਰੰਭ ਕੀਤੀ ਸੀ, ਜਿਸ ਨਾਲ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਨੂੰ ਇਕ ਨਵੀਂ ਦਿਸ਼ਾ ਮਿਲੀ ਸੀ। ਗੁਰਮਤਿ ਦੇ ਵਿਕਾਸ ਲਈ ਗੁਰੂ ਜੀ ਨੇ ਜਿਹੜੇ ਪ੍ਰਮੁਖ ਕਾਰਜ ਕੀਤੇ, ਇਸ ਪ੍ਰਕਾਰ ਹਨ:
ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ
ਸ੍ਰੀ ਤਰਨਤਾਰਨ ਸਾਹਿਬ ਦੀ ਸਥਾਪਨਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ
1. ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ - ਸ੍ਰੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਦਾ ਮੁੱਢ ਬੰਨਿਆ ਸੀ। ਇਥੇ ਇਕ ਸਰੋਵਰ ਦੀ ਖੁਦਾਈ ਸ੍ਰੀ ਗੁਰੂ ਰਾਮਦਾਸ ਜੀ ਨੇ ਅਰੰਭ ਕਰਵਾਈ ਸੀ, ਜਿਸ ਨੂੰ ਹਾਲੇ ਪੱਕਾ ਕਰਨਾ ਬਾਕੀ ਸੀ।
ਇਹ ਅਸਥਾਨ ਚੱਕ ਰਾਮਦਾਸਪੁਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ ਸੀ। ਇਸ ਨਗਰ ਦੀ ਜ਼ਮੀਨ ਸ੍ਰੀ ਗੁਰੂ ਰਾਮਦਾਸ ਜੀ ਨੇ ਖ਼ਰੀਦੀ ਸੀ, ਜਿਸ ਦਾ ਵਰਣਨ ਅੰਮ੍ਰਿਤਸਰ ਗਜ਼ਟੀਅਰ (1883-84) ਵਿਚ ਮਿਲਦਾ ਹੈ:
Soon afterward, in 1577, he obtained a grant of the site, together with 500 bighas of land from Emperor Akbar, on payment of Rs. 700 Akbari to the zamindars of Tung, who owned the land.
ਸਰੋਵਰ ਦੇ ਵਿਚਕਾਰ ਗੁਰੂ ਸਾਹਿਬ ਜੀ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਕੀਤੀ, ਜਿਸ ਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਗਈ ਸੀ। ਇਸ ਪਵਿੱਤਰ ਅਸਥਾਨ ਦੇ ਚਾਰ ਦਰਵਾਜ਼ੇ ਰੱਖੇ ਗਏ ਸਨ, ਜਿਹੜੇ ਕਿ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਯਾਤਰੂਆਂ ਲਈ ਹਮੇਸ਼ਾਂ ਖੁੱਲ੍ਹੇ ਰਹਿਣ ਦਾ ਪ੍ਰਤੀਕ ਹਨ।
ਸ੍ਰੀ ਹਰਿੰਮਦਰ ਸਾਹਿਬ ਦੀ ਸਥਾਪਨਾ ਨਾਲ ਸਿੱਖੀ ਦੇ ਪ੍ਰਚਾਰ ਦਾ ਇਕ ਕੇਂਦਰੀ ਅਸਥਾਨ ਸਥਾਪਿਤ ਹੋ ਗਿਆ ਸੀ। ਹਰ ਧਰਮ ਦੇ ਸ਼ਰਧਾਲੂ ਇਸ ਅਸਥਾਨ 'ਤੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗੇ ਸਨ। ਗੁਰੂ ਜੀ ਨੇ ਇਥੇ ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਇਸ ਨਗਰ ਵਿਖੇ ਵੱਸ ਜਾਣ ਲਈ ਪ੍ਰੇਰਿਤ ਕੀਤਾ ਸੀ। ਗੁਰੂ ਜੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਜਿਹੜੇ ਵਪਾਰੀ ਇਥੇ ਆ ਵਸੇ ਸਨ, ਉਨ੍ਹਾਂ ਦੇ ਨਾਂ 'ਤੇ ਬਜ਼ਾਰ ਪ੍ਰਸਿੱਧ ਹੋ ਗਏ ਸਨ। ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਹੋ ਜਾਣ ਕਾਰਨ ਇਹ ਨਗਰ ਬਹੁਤ ਤੇਜੀ ਨਾਲ ਵਿਕਾਸ ਕਰਨ ਲੱਗਿਆ ਸੀ। ਪਰਮਾਤਮਾ ਦੀ ਸਿਫ਼ਤ ਸਲਾਹ ਹੋਣ ਕਰ ਕੇ ਇਹ ਨਗਰ 'ਸਿਫਤੀ ਦੇ ਘਰ' ਵੱਜੋਂ ਪ੍ਰਸਿਧੀ ਪ੍ਰਾਪਤ ਕਰ ਗਿਆ ਹੈ।
2. ਸ੍ਰੀ ਤਰਨਤਾਰਨ ਸਾਹਿਬ ਦੀ ਸਥਾਪਨਾ - ਗੁਰਮਤਿ ਦੇ ਪ੍ਰਚਾਰ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਆਲੇ-ਦੁਆਲੇ ਦੇ ਪਿੰਡਾਂ ਵਿਚ ਚਲੇ ਜਾਇਆ ਕਰਦੇ ਸਨ। ਇਕ ਵਾਰ ਗੁਰੂ ਜੀ ਭਾਈ ਹਿੰਦਾਲ ਦੀ ਬੇਨਤੀ ਮੰਨ ਕੇ ਜੰਡਿਆਲੇ ਪਿੰਡ ਆਏ ਅਤੇ ਉਥੋਂ ਅੱਗੇ ਖਾਰੇ ਪਿੰਡ ਚਲੇ ਗਏ। ਸਿੱਖਾਂ ਨੇ ਏਥੇ ਸਦੀਵੀ ਤੌਰ 'ਤੇ ਸਤਿਸੰਗਤ ਕਾਇਮ ਕਰਨ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਆਲੇ-ਦੁਆਲੇ ਦੀ ਜ਼ਮੀਨ ਖਰੀਦ ਕੇ ਉਥੇ ਇਕ ਨਗਰ ਵਸਾਇਆ ਜਿਹੜਾ ਕਿ ਤਰਨਤਾਰਨ ਦੇ ਨਾਂ ਵੱਜੋਂ ਪ੍ਰਸਿੱਧ ਹੋਇਆ।
ਗੁਰੂ ਜੀ ਨੇ ਸਰੋਵਰ ਬਣਾਉਣ ਲਈ ਉਥੇ ਇਕ ਤਾਲ ਪੁੱਟਵਾਇਆ ਅਤੇ ਉਸ ਨੂੰ ਪੱਕਾ ਕਰਨ ਵਾਸਤੇ ਆਵੇ ਪਕਾਏ। ਜਦੋਂ ਇੱਟਾਂ ਪੱਕ ਕੇ ਤਿਆਰ ਹੋ ਗਈਆਂ ਤਾਂ ਨੂਰਦੀਨ ਦੇ ਬੇਟੇ ਅਮੀਰ ਦੀਨ ਨੇ ਜੋਰੋ ਜੋਰੀ ਇੱਟਾਂ ਚੁੱਕ ਕੇ ਆਪਣੀ ਹਵੇਲੀ ਨੂੰ ਲਾ ਲਈਆਂ। ਸਿੱਖਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਤਾਂ ਬਚਨ ਹੋਯਾ ਤੁਸੀਂ ਦਿਲਗੀਰ ਨ ਹੋਵੋ, ਏਹੋ ਇੱਟਾਂ ਸਾਡੇ ਸਿੱਖ ਏਸੇ ਤਾਲ ਨੂੰ ਲਾ ਲੈਣਗੇ। ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ 'ਤੇ ਇਹ ਇੱਟਾਂ ਵਾਪਸ ਆ ਜਾਣਗੀਆਂ। ਸਰਦਾਰ ਬੁੱਧ ਸਿੰਘ ਫ਼ੈਜ਼ਲਪੁਰੀਏ ਨੇ ਗੁਰੂ ਜੀ ਦਾ ਬਚਨ ਸਤਿ ਕਰ ਦਿਖਾਇਆ। ਵਿਸ਼ਵਾਸ ਹੈ ਕਿ ਏਥੇ ਕੁਸ਼ਟੀ ਰਾਜ਼ੀ ਹੁੰਦੇ ਹਨ। ਗੁਰੂ ਜੀ ਦੁਆਰਾ ਵਸਾਇਆ ਇਹ ਨਗਰ ਬਹੁਤ ਆਬਾਦ ਹੈ ਅਤੇ ਸਸ਼ੋਭਿਤ ਸਰੋਵਰ ਪੰਜਾਬ ਦੇ ਸਮੂਹ ਸਰੋਵਰਾਂ ਵਿਚੋਂ ਸਭ ਤੋਂ ਵੱਡਾ ਹੈ।
3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦਾ ਇਕ ਪ੍ਰਮੁਖ ਕਾਰਜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ਬਦ ਨੂੰ ਗੁਰੂ ਦਾ ਰੂਪ ਮੰਨਿਆ ਜਾਂਦਾ ਰਿਹਾ ਹੈ - ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਇਸ ਭਾਵਨਾ ਅਨੁਸਾਰ ਸ਼ਬਦ ਜੜ੍ਹ ਹੈ ਜਿਸ ਤੋਂ ਸਿੱਖੀ ਦਾ ਬੂਟਾ ਪ੍ਰਫੁਲਿਤ ਹੁੰਦਾ ਹੈ।
ਧਰਮ ਗ੍ਰੰਥ ਕਿਸੇ ਵੀ ਧਰਮ ਦਾ ਮੂਲ ਹੁੰਦੇ ਹਨ, ਜਿਸ ਤੋਂ ਉਸ ਧਰਮ ਦੇ ਪੈਰੋਕਾਰ ਸਿੱਖਿਆ ਹਾਸਲ ਕਰਦੇ ਹਨ। ਧਰਮ ਦੀਆਂ ਸਿੱਖਿਆਵਾਂ ਨੂੰ ਸੁਚਾਰੂ ਰੂਪ ਵਿਚ ਸ਼ਰਧਾਲੂਆਂ ਤੱਕ ਲਿਜਾਣ ਅਤੇ ਲੰਮੇ ਸਮੇਂ ਤੱਕ ਕਾਇਮ ਰੱਖਣ ਲਈ ਉਨ੍ਹਾਂ ਦਾ ਕਲਮਬੰਦ ਹੋਣਾ ਲਾਜ਼ਮੀ ਹੈ। ਸੀਨਾ-ਬਸੀਨਾ ਚਲੀਆਂ ਧਾਰਮਿਕ ਸਿੱਖਿਆਵਾਂ ਵੀ ਅਖੀਰ ਲਿਖਤ ਰੂਪ ਵਿਚ ਹੀ ਕਾਇਮ ਰਹਿ ਸਕੀਆਂ ਹਨ ਨਹੀਂ ਤਾਂ ਮੌਜੂਦਾ ਸਮੇਂ ਤੱਕ ਉਨ੍ਹਾਂ ਦਾ ਕੀ ਰੂਪ ਹੁੰਦਾ, ਕੋਈ ਨਹੀਂ ਦੱਸ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਨੂੰ ਕਿਤੂ-ਮੁਕਤ ਕੀਤਾ ਹੈ। ਕੋਈ ਵੀ ਵਿਅਕਤੀ ਇਸ ਮਹਾਨ ਕਾਰਜ ਦੀ ਇਸ ਵਿਲੱਖਣਤਾ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਚ ਰਾਮਸਰ ਦੇ ਕੰਢੇ ਇਹ ਕਾਰਜ ਅਰੰਭ ਕੀਤਾ ਸੀ। ਉਨ੍ਹਾਂ ਨੇ ਗੁਰੂ-ਪਰੰਪਰਾ ਰਾਹੀਂ ਪ੍ਰਾਪਤ ਬਾਣੀ ਦੇ ਨਾਲ-ਨਾਲ ਗੁਰੂ ਸਾਹਿਬਾਨ ਦੀ ਉਸ ਬਾਣੀ ਨੂੰ ਵੀ ਵਾਚਿਆ ਸੀ, ਜਿਹੜੀ ਉਤਾਰਿਆਂ ਦੇ ਰੂਪ ਵਿਚ ਸਿੱਖਾਂ ਕੋਲ ਮੌਜੂਦ ਸੀ। ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਜੀ ਤੋਂ ਪ੍ਰਾਪਤ ਕੀਤੀਆਂ ਪੋਥੀਆਂ ਇਸ ਗੱਲ ਦਾ ਪ੍ਰਮਾਣ ਹਨ।
ਸੰਪੂਰਨ ਹੋਣ 'ਤੇ ਇਸ ਧਰਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਕੀਤਾ ਗਿਆ। ਆਦਿ ਗ੍ਰੰਥ ਦੇ ਰੂਪ ਵਿਚ ਸੰਪਾਦਨ ਹੋਣ ਨਾਲ ਜਿਥੇ ਸਿੱਖਾਂ ਨੂੰ ਸਦੀਵੀ ਤੌਰ 'ਤੇ ਜੀਵਨ ਉਦੇਸ਼ ਦੀ ਅਗਵਾਈ ਵਾਲਾ ਇਕ ਗ੍ਰੰਥ ਪ੍ਰਾਪਤ ਹੋਇਆ, ਉਥੇ 'ਸਿੱਖਾਂ ਨੂੰ ਗੁਰਮੁਖੀ ਪੜ੍ਹਨ ਦਾ ਬੜਾ ਸ਼ੋਕ ਹੋ ਗਿਆ'।
ਸੰਗਤ ਵਿਚ ਗੁਰਮਤਿ ਉਪਦੇਸ਼, ਜਾਤਪਾਤ ਦਾ ਖਾਤਮਾ, ਲਾਹੌਰ ਵਿਖੇ ਬਾਉਲੀ ਦੀ ਸਥਾਪਨਾ, ਬਾਦਸ਼ਾਹ ਅਕਬਰ ਦੇ ਨਾਇਬ ਵਜ਼ੀਰ ਖਾਨ ਦਾ ਜਲੋਧਰ ਦਾ ਰੋਗ ਹਟਾਉਣਾ ਆਦਿ ਪਰਉਪਕਾਰ ਕਾਰਜਾਂ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਆਮ ਲੋਕਾਂ ਵਿਚ ਪ੍ਰਸਿੱਧੀ ਪ੍ਰਾਪਤ ਕਰ ਗਏ ਸਨ। ਉਨ੍ਹਾਂ ਦੇ ਜੀਵਨ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਲੋਕ ਸਿੱਖ ਸੱਜਦੇ ਜਾ ਰਹੇ ਸਨ। ਸਮਕਾਲੀ ਇਤਿਹਾਸਕਾਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਏ ਸਿੱਖੀ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਸ਼ਾਇਦ ਹੀ ਕੋਈ ਨਗਰ ਅਜਿਹਾ ਹੋਵੇ ਜਿਥੇ ਸਿੱਖ ਨਾ ਹੋਣ।
ਬਾਦਸ਼ਾਹ ਅਕਬਰ ਕੋਲ ਵੀ ਇਕ ਵਾਰੀ ਗੁਰੂ ਜੀ ਦੀ ਸ਼ਿਕਾਇਤ ਹੋਈ ਸੀ ਕਿ ਇਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਵਿਚ ਇਸਲਾਮ ਦੇ ਖ਼ਿਲਾਫ਼ ਲਿਖਿਆ ਹੈ ਪਰ ਜਦੋਂ ਬਾਦਸ਼ਾਹ ਨੇ ਆਪ ਇਸ ਗ੍ਰੰਥ ਦੀ ਬਾਣੀ ਨੂੰ ਸੁਣਿਆ ਤਾਂ ਸਾਰੀਆਂ ਸ਼ਿਕਾਇਤਾਂ ਰੱਦ ਕਰ ਦਿੱਤੀਆਂ ਅਤੇ ਸੋਨੇ ਦੀਆਂ 51 ਮੋਹਰਾਂ ਭੇਟ ਕਰ ਕੇ ਇਸ ਗ੍ਰੰਥ ਸਾਹਿਬ ਪ੍ਰਤਿ ਸਤਿਕਾਰ ਪ੍ਰਗਟ ਕੀਤਾ।
ਬਾਦਸ਼ਾਹ ਅਕਬਰ ਦੇ ਦੇਹਾਂਤ ਤੋਂ ਪਿੱਛੋਂ ਉਸਦਾ ਪੁੱਤਰ ਜਹਾਂਗੀਰ ਦਿੱਲੀ ਦੇ ਤਖ਼ਤ ਤੇ ਬੈਠਾ। ਜਹਾਂਗੀਰ ਦਾ ਪੁੱਤਰ ਖੁਸਰੋ ਵੀ ਦਿੱਲੀ ਦੇ ਤਖ਼ਤ ’ਤੇ ਬੈਠਣਾ ਚਾਹੁੰਦਾ ਸੀ ਅਤੇ ਇਸ ਕਰਕੇ ਉਸ ਨੇ ਬਗਾਵਤ ਕਰ ਦਿੱਤੀ। ਖੁਸਰੋ ਨੂੰ ਫੜ ਕੇ ਮਾਰ ਦਿੱਤਾ ਗਿਆ। ਚੁਗਲਖੋਰਾਂ ਨੇ ਜਹਾਂਗੀਰ ਨੂੰ ਗੁਰੂ ਜੀ ਵਿਰੁੱਧ ਭੜਕਾਇਆ ਕਿ ਉਨ੍ਹਾਂ ਨੇ ਖੁਸਰੋ ਦੀ ਮਦਦ ਕੀਤੀ ਹੈ। ਜਹਾਂਗੀਰ ਪਹਿਲਾਂ ਤੋਂ ਹੀ ਕੱਟੜਪੰਥੀਆਂ ਦੇ ਪ੍ਰਭਾਵ ਅਧੀਨ ਗੁਰੂ-ਘਰ ਨੂੰ ਇਸਲਾਮ ਦੇ ਘੇਰੇ ਵਿਚ ਲਿਆਉਣ ਦਾ ਇੱਛੁਕ ਸੀ। ਲੇਖਕ ਜਹਾਂਗੀਰ ਦੀ ਲਿਖਤ 'ਤੁਜ਼ਕੇ ਜਹਾਂਗੀਰੀ' ਵਿਚ ਦਰਜ ਬਿਆਨ ਦੇ ਅਨੁਸਾਰ ਦੱਸਦਾ ਹੈ:
'ਗੋਇੰਦਵਾਲ, ਜੋ ਕਿ ਦਰਯਾਇ ਬਿਆਸ ਦੇ ਕੰਢੇ ’ਤੇ ਹੈ, ਵਿਚ ਅਰਜਨ ਨਾਮੀ ਇਕ ਹਿੰਦੂ ਪੀਰੀ ਤੇ ਸ਼ੇਖ਼ੀ ਦੇ ਭੇਸ ਵਿਚ ਰਹਿੰਦਾ ਸੀ। ਚੁਨਾਂਚਿ ਸਿੱਧੇ ਸਾਦੇ ਹਿੰਦੂਆਂ ਵਿਚੋਂ ਬਹੁਤ ਸਾਰਿਆਂ ਨੂੰ, ਬਲਕਿ ਮੂਰਖ ਤੇ ਬੇਅਕਲ ਮੁਸਲਮਾਨਾਂ ਨੂੰ ਭੀ ਆਪਣੀ ਬਣਾਈ ਰਹਿਤ ਬਹਿਤ ਦਾ ਧਾਰਨੀ ਬਣਾ ਕੇ ਆਪਣੀ ਪੀਰੀ ਤੇ ਗੁਰੂਪੁਣੇ ਦਾ ਢੋਲ ਬੜੈ ਜ਼ੋਰ ਸ਼ੋਰ ਨਾਲ ਵਜਾਇਆ ਹੋਇਆ ਸੀ, ਉਸ ਨੂੰ ਗੁਰੂ ਕਹਿੰਦੇ ਸਨ। ਸਭਨਾਂ ਪਾਸਿਆਂ ਤੋਂ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਸ ਵੱਲ ਆਉਂਦੇ ਤੇ ਉਸ ਪਰ ਪੂਰਾ ਭਰੋਸਾ ਪ੍ਰਗਟ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ। ਚਿਰ ਤੋਂ ਮੇਰੇ ਦਿਲ ਵਿਚ ਆਉਂਦੀ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਦੂਰ ਕਰ ਦਿੱਤਾ ਜਾਏ ਯਾ ਉਸ (ਗੁਰੂ ਅਰਜਨ ਸਾਹਿਬ) ਨੂੰ ਦੀਨ ਦੀ ਜਮਾਤ ਵਿਚ ਲੈ ਆਂਦਾ ਜਾਏ'।
ਇਸ ਝੂਠੇ ਇਲਜ਼ਾਮ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਬਾਦਸ਼ਾਹ ਦੀ ਨੀਅਤ ਜਾਣ ਗਏ ਸਨ ਅਤੇ ਇਸ ਕਰਕੇ ਲਾਹੌਰ ਜਾਣ ਤੋਂ ਪਹਿਲਾਂ ਹੀ ਉਹ ਗੁਰਗੱਦੀ ਆਪਣੇ ਸਪੁੱਤਰ ਹਰਿਗੋਬਿੰਦ ਜੀ ਨੂੰ ਸੌਂਪ ਗਏ ਸਨ। ਆਪਣੇ ਗੁਰਿਆਈ ਦੇ ਸਮੇਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਦੇ ਬਹੁਤ ਵੱਡੇ ਕਾਰਜ ਅਰੰਭੇ ਸਨ ਅਤੇ ਪੂਰਨ ਦ੍ਰਿੜਤਾ ਸਹਿਤ ਉਨ੍ਹਾਂ ਨੂੰ ਪੂਰਾ ਕਰ ਦਿਖਾਇਆ ਸੀ। ਗੁਰੂ ਸਾਹਿਬ ਜੀ ਦਾ ਜੀਵਨ ਸਿੱਖੀ ਦੇ ਵਿਕਾਸ ਵਿਚ ਇਕ ਅਹਿਮ ਮੋੜ ਸਾਬਿਤ ਹੋਇਆ ਹੈ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ