ਸ੍ਰੀ ਦਰਬਾਰ ਸਾਹਿਬ ਵਿਖੇ ਮੋਗਾ ਦੇ ਪਿੰਡ ਰਣੀਆ ਦੀ ਸੰਗਤ ਵਲੋਂ 78 ਕੁਇੰਟਲ ਕਣਕ ਭੇਟ
Sunday, May 03, 2020 - 04:11 PM (IST)
![ਸ੍ਰੀ ਦਰਬਾਰ ਸਾਹਿਬ ਵਿਖੇ ਮੋਗਾ ਦੇ ਪਿੰਡ ਰਣੀਆ ਦੀ ਸੰਗਤ ਵਲੋਂ 78 ਕੁਇੰਟਲ ਕਣਕ ਭੇਟ](https://static.jagbani.com/multimedia/2020_5image_16_08_595483696bk.jpg)
ਅੰਮ੍ਰਿਤਸਰ (ਦੀਪਕ ਸ਼ਰਮਾ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਮਾਇਆ ਅਤੇ ਰਸਦਾਂ ਭੇਟ ਕਰਨ ਵਾਲਿਆਂ ਦੀ ਨਿਰੰਤਰਤਾ ਬਣੀ ਹੋਈ ਹੈ। ਕੋਰੋਨਾ ਮਹਾਮਾਰੀ ਦੇ ਚੱੱਲਦਿਆਂ ਇਸ ਪਾਵਨ ਅਸਥਾਨ 'ਤੇ ਬੇਸ਼ੱਕ ਸੰਗਤ ਦੀ ਆਮਦ ਨਹੀਂ ਹੈ ਪਰੰਤੂ ਗੁਰੂ ਘਰ ਦੇ ਸ਼ਰਧਾਲੂ ਲੰਗਰਾਂ ਲਈ ਆਪਣੀ ਸਮਰੱਥਾ ਅਨੁਸਾਰ ਭੇਟਾਵਾਂ ਲੈ ਕੇ ਪੁੱਜ ਰਹੇ ਹਨ। ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਰਕੇ ਵੱਡੀ ਗਿਣਤੀ ਵਿਚ ਸੰਗਤਾਂ ਕਣਕ ਚੜ੍ਹਾ ਰਹੀਆਂ ਹਨ।
ਇਸ ਤੋਂ ਇਲਾਵਾ ਲੰਗਰਾਂ ਲਈ ਮਾਇਆ ਭੇਟ ਕਰਨ ਲਈ ਵੀ ਵੱਡੀ ਗਿਣਤੀ ਵਿਚ ਸੰਗਤਾਂ ਅੱਗੇ ਆਈਆਂ ਹਨ। ਬਹੁਤ ਸਾਰੇ ਸ਼ਰਧਾਲੂ ਆਨਲਾਈਨ ਮਾਇਆ ਵੀ ਭੇਜ ਰਹੇ ਹਨ। ਇਸੇ ਤਹਿਤ ਹੀ ਅੱਜ ਮੋਗਾ ਜ਼ਿਲੇ ਦੇ ਪਿੰਡ ਰਣੀਆ ਦੀ ਸੰਗਤ ਵੱਲੋਂ ਸਾਂਝੇ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ 78 ਕੁਇੰਟਲ ਕਣਕ ਭੇਟ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਹਰਿੰਦਰ ਸਿੰਘ ਰਣੀਆ ਅਤੇ ਬੀਬੀ ਨਰਿੰਦਰ ਕੌਰ ਦੇ ਯਤਨਾ ਨਾਲ ਸਮੁੱਚੇ ਪਿੰਡ ਵਾਸੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਘਰ ਲਈ ਸ਼ਰਧਾ ਪ੍ਰਗਟਾਈ ਗਈ। ਸ੍ਰੀ ਦਰਬਾਰ ਸਾਹਿਬ ਵਿਖੇ ਕਣਕ ਲੈ ਕੇ ਪੁੱਜੇ ਸ. ਹਰਿੰਦਰ ਸਿੰਘ ਰਣੀਆ ਨੇ ਕਿਹਾ ਕਿ ਗੁਰੂ ਘਰ ਦੇ ਲੰਗਰ ਹਰ ਸੰਕਟ ਸਮੇਂ ਮਨੁੱਖਤਾ ਲਈ ਵੱਡਾ ਸਹਾਰਾ ਹਨ। ਮੌਜੂਦਾ ਕੋਰੋਨਾ ਮਹਾਮਾਰੀ ਦੌਰਾਨ ਵੀ ਗੁਰਦੁਆਰਾ ਸਾਹਿਬਾਨ ਤੋਂ ਲੋੜਵੰਦਾਂ ਲਈ ਲੰਗਰ ਮੁਹੱਈਆ ਕਰਵਾਇਆ ਜਾਣਾ ਇਕ ਵੱਡੀ ਸੇਵਾ ਹੈ। ਇਸ ਕਾਰਜ ਵਿਚ ਹਿੱਸਾ ਪਾਉਣ ਲਈ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ। ਇਸ ਮੌਕੇ ਸ. ਹਰਿੰਦਰ ਸਿੰਘ ਰਣੀਆ ਨਾਲ ਪੁੱਜੇ ਸ. ਨਿਛੱਤਰ ਸਿੰਘ, ਸ. ਸਾਧੂ ਸਿੰਘ, ਸ. ਜਗਜੀਤ ਸਿੰਘ, ਸ. ਗੁਰਸੇਵਕ ਸਿੰਘ, ਸ. ਨਾਹਰ ਸਿੰਘ, ਸ. ਸਰਬਜੀਤ ਸਿੰਘ, ਸ. ਰਣਵੀਰ ਸਿੰਘ, ਸ. ਗੁਰਬਖ਼ਸ਼ ਸਿੰਘ, ਸ. ਅਜਾਇਬ ਸਿੰਘ ਨੰਬਰਦਾਰ, ਸ. ਮਨਜਿੰਦਰ ਸਿੰਘ, ਸ. ਜਗਸੀਰ ਸਿੰਘ, ਸ. ਗੁਰਦੀਪ ਸਿੰਘ, ਬੀਬੀ ਕਰਮਜੀਤ ਕੌਰ ਤੇ ਬੀਬੀ ਬਲਪ੍ਰੀਤ ਕੌਰ ਵੀ ਮੌਜੂਦ ਸਨ।