ਸਰਕਾਰਾਂ ਕੋਲੋਂ ਨਹੀਂ ਰੱਖਣੀ ਚਾਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਦੀ ਆਸ: ਭਾਈ ਮੰਡ
Tuesday, Jul 28, 2020 - 06:36 PM (IST)
ਭਵਾਨੀਗੜ੍ਹ (ਕਾਂਸਲ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ, ਸਿੱਖ ਵਿਰੋਧੀ ਏਜੰਸੀਆਂ ਵਲੋਂ ਸਿੱਖੀ ਨੂੰ ਢਾਹ ਲਗਾ ਕੇ, ਸਿੱਖਾਂ ਨੂੰ ਖਤਮ ਕਰਨ ਦੀਆਂ ਚੱਲੀਆਂ ਜਾ ਰਹੀਆਂ ਕੌਝੀਆਂ ਚਾਲਾਂ ਦਾ ਇਕ ਵੱਡਾ ਹਿੱਸਾ ਹਨ। ਜਿਨ੍ਹਾਂ ’ਚ ਇਹ ਲੋਕ ਕਦੇ ਵੀ ਕਾਮਯਾਬ ਨਹੀਂ ਹੋਣਗੇ। ਇਨ੍ਹਾਂ ਵਿਚਾਰ ਦਾ ਪ੍ਰਗਟਾਵਾਂ ਸਰਬੱਤ ਖ਼ਾਲਸਾ ਵਲੋਂ ਥਾਪੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਪਿੰਡ ਰਾਮਪੁਰਾ ਵਿਖੇ ਕੀਤਾ। ਜ਼ਿਕਰਯੋਗ ਹੈ ਕਿ ਕਰੀਬ ਇਕ ਮਹੀਨਾ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਇਕ 12 ਸਾਲ ਦੀ ਬੱਚੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦੇਣ ਦੀ ਮੰਦਭਾਗੀ ਘਟਨਾ ਵਾਪਰੀ ਸੀ। ਇਸ ਬੇਅਦਬੀ ਦੀ ਘਟਨਾ ਦੇ ਪਸਚਾਤਾਪ ’ਚ ਅੱਜ ਗੁਰੂ ਘਰ ਵਿਖੇ ਸ਼੍ਰੀ ਆਖੰਡ ਪਾਠ ਜੀ ਦੇ ਭੋਗ ਪਾਉਣ ਉਪਰੰਤ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਸੰਗਤਾਂ ਸੰਬੋਧਨ ਕਰਦਿਆਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਸਰਕਾਰਾਂ ਤੋਂ ਨਹੀਂ ਰੱਖਣੀ ਚਾਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੀ ਆਸ
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਰਕਾਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਵੀ ਦੀਆਂ ਘਟਨਾਵਾਂ ਨੂੰ ਰੋਕਣ ਦੀ ਆਸ ਨਹੀਂ ਰੱਖਣੀ ਚਾਹੀਦੀ, ਸਗੋਂ ਸਮੂਚੀ ਸਿੱਖ ਕੌਮ ਨੂੰ ਆਪਣੇ ਪੱਧਰ ’ਤੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁਕਣੇ ਪੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਲੋਕਾਂ ਸਾਹਮਣੇ ਇਸ ਘਟਨਾਂ ਦਾ ਸੱਚ ਲਿਆਉਣ ਲਈ ਨਿਰਪੱਖ਼ ਹੋ ਕੇ ਇਸ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਮੌਕੇ ’ਤੇ ਉਘੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਆਪਣੇ ਸੰਬੋਧਨ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਨਾ ਰੋਕਣ ’ਤੇ ਪਿਛਲੇ ਸਮੇਂ ਦੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੇ ਆਗੂਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਬੇਅਦਬੀ ਨੂੰ ਰੋਕਣ ਲਈ ਸੰਗਤਾਂ ਨੂੰ ਵਿਸ਼ੇਸ਼ ਉਪਰਾਲੇ ਕਰਨ ਅਤੇ ਗੁਰੂ ਘਰਾਂ ਦੀ ਹਰ ਸਮੇਂ ਰਾਖ਼ੀ ਕਰਨ ਦੇ ਨਾਲ-ਨਾਲ ਸਿੱਖ ਆਗੂਆਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ ਦੇ ਮੈਨੈਜਰ ਦਵਿੰਦਰ ਸਿੰਘ ਰਾਮਪੁਰਾ, ਗੁਰਦੁਆਰਾ ਸਾਹਿਬ ਨਾਭਾ ਦੇ ਮੈਨੇਜਰ ਨਰਿੰਦਰ ਜੀਤ ਸਿੰਘ ਰਾਮਪੁਰਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜ੍ਹੋ, ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਆਗੂ ਗੁਰਨੈਬ ਸਿੰਘ ਰਾਮੁਪਰਾ, ਜਗਮੇਲ ਸਿੰਘ ਛਾਜਲਾ ਮੁੱਖ ਸੇਵਾਦਾਰ ਆਲ ਇੰਡੀਆ ਗ੍ਰੰਥੀ ਰਾਗੀ ਸਭਾ, ਬੜੂ ਸਾਹਿਬ ਟਰੱਸਟ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ, ਗੁਰਦਿੱਤ ਸਿੰਘ ਆਲੋਅਰਖ਼, ਬਲਜੀਤ ਸਿੰਘ ਟੋਡਰਵਾਲ, ਮਨਜੀਤ ਸਿੰਘ ਰਾਮਪੁਰਾ, ਜਰਨੈਲ ਸਿੰਘ ਰਾਮੁਪਰਾ, ਅਵਤਾਰ ਸਿੰਘ ਬਲਿਆਲ, ਸੁਖਵਿੰਦਰ ਸਿੰਘ ਬਲਿਆਲ, ਬਲਜੀਤ ਸਿੰਘ ਮੱਖਣ ਟੋਡਰਵਾਲ, ਛੱਜੂ ਸਿੰਘ ਮਾਝੀ, ਗੁਰਦੀਪ ਸਿੰਘ ਕਾਲਾਝਾੜ, ਸਿੱਖ ਆਗੂ ਬਚਿੱਤਰ ਸਿੰਘ ਸੰਗਰੂਰ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਸੰਗਤਾਂ ਦੀ ਵੱਡੀ ਹਾਜਰੀ ਵਿਚ ਸਿੱਖ ਆਗੂਆਂ ਨੇ ਗੁਰੂ ਘਰਾਂ ਵਿਚ ਬੇਅਦਵੀ ਨੂੰ ਰੋਕਣ ਲਈ ਅਹਿਮ ਮਤੇ ਪਾਏ ਗਏ।