ਲੋਹਕਾ ਖੁਰਦ 'ਚ ਪਰਿਵਾਰਾਂ ਦੀ ਪੁਰਾਣੀ ਰੰਜ਼ਿਸ਼ ਕਾਰਨ ਚੱਲੀ ਗੋਲੀ, 5 ਵਿਅਕਤੀ ਜ਼ਖਮੀ

04/26/2018 5:13:35 PM

ਮੱਲਾਂਵਾਲਾ/ਜ਼ੀਰਾ (ਜਸਪਾਲ, ਅਕਾਲੀਆਂਵਾਲਾ) – ਬੀਤੀ ਰਾਤ ਤਹਿਸੀਲ ਜ਼ੀਰਾ ਦੇ ਪਿੰਡ ਲੋਹਕਾ ਖੁਰਦ ਵਿਖੇ ਗੋਲੀ ਚੱਲਣ ਨਾਲ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਦੋ ਵਿਅਕਤੀ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਹਨ।  
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਜ਼ੀਰਾ 'ਚ ਇਲਾਜ ਕਰਵਾ ਰਹੇ ਤੇਜਬਿਕਰਮ ਸਿੰਘ ਨੇ ਕਿਹਾ ਕਿ ਉਹ ਜ਼ੀਰਾ ਤੋਂ ਆਪਣੀ ਕਾਰ 'ਚ ਪਿੰਡ ਜਾ ਰਿਹਾ ਸੀ। ਵਲਟੋਹੇ ਵਾਲੇ ਚੌਂਕ 'ਤੇ ਪਹੁੰਚਣ 'ਤੇ ਸੁਖਦੇਵ ਸਿੰਘ, ਬਲਕਾਰ ਸਿੰਘ, ਜੀਤ ਸਿੰਘ, ਕੁਲਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਜੇਤਿੰਦਰਪਾਲ ਸਿੰਘ, ਸੁਖਦੇਵ ਸਿੰਘ ਅਤੇ ਕੁੱਝ ਅਣਪਛਾਤੇ ਵਿਅਕਤੀ ਮੇਰਾ ਰਾਸਤਾ ਰੋਕ ਕੇ ਖੜ੍ਹੇ ਸਨ। ਉੱਥੇ ਰੁੱਕਣ 'ਤੇ ਉਨ੍ਹਾਂ ਨੇ ਮੇਰੇ 'ਤੇ ਗੋਲੀਆਂ ਚਲਾ ਦਿੱਤੀਆਂ। ਫੋਨ 'ਤੇ ਇਸ ਘਟਨਾ ਦੀ ਜਾਣਕਾਰੀ ਦੇਣ 'ਤੇ ਮੇਰੇ ਨਜ਼ਦੀਕੀ ਸਾਥੀ ਜਸਵੀਰ ਸਿੰਘ, ਰਣਵੀਰ ਸਿੰਘ, ਸਾਬ ਸਿੰਘ, ਅਰਸ਼ਦੀਪ ਸਿੰਘ ਨਿਵਾਸੀ ਲੋਹਕਾ ਖੁਰਦ ਮੌਕੇ 'ਤੇ ਪੁੱਜ ਗਏ ਪਰ ਉਨ੍ਹਾਂ 'ਤੇ ਵੀ ਹਮਲਾਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਜਸਵੀਰ ਸਿੰਘ ਤੇ ਰਣਵੀਰ ਸਿੰਘ ਗੰਭੀਰ ਰੂਪ 'ਚ ਜਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਜ਼ੀਰਾ ਹਸਪਤਾਲ ਤੋਂ ਬਾਅਦ ਮੈਡੀਕਲ ਹਸਪਤਾਲ ਫਰੀਦਕੋਟ ਭੇਜ ਦਿੱਤਾ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਪਰਿਵਾਰਾਂ ਦੀ ਪੁਰਾਣੀ ਸਿਆਸੀ ਰੰਜਿਸ਼ ਕਾਰਨ ਵਾਪਰੀ ਹੈ।  


Related News