ਤਾਲਾਬੰਦੀ ਦੌਰਾਨ ਸਮਾਜਕ ਦੂਰੀ ਦੀ ਪ੍ਰਵਾਹ ਕੀਤੇ ਬਿਨਾਂ ਦੁਕਾਨਦਾਰ ਖੋਲ੍ਹ ਰਹੇ ਨੇ ਦੁਕਾਨਾਂ
Wednesday, May 27, 2020 - 05:50 PM (IST)
ਰਾਜਾਸਾਂਸੀ (ਰਾਜਵਿੰਦਰ) : ਭਾਵੇਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਸਮਾਜ ਨੂੰ ਕੋਰੋਨਾ ਮੁਕਤ ਕਰਨ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਦਿਨ-ਰਾਤ ਡਿਊਟੀਆਂ ਨਿਭਾ ਰਹੇ ਹਨ। ਅਜਿਹੇ ਸਮੇਂ 'ਚ ਕੁਝ ਲੋਕ ਸਮਾਜ ਦੇ ਦੁਸ਼ਮਣ ਬਣੇ ਹੋਏ ਹਨ। ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਬਾਜ਼ਾਰ ਅਤੇ ਸਾਰੀ ਆਵਾਜਾਈ ਬੰਦ ਕੀਤੀ ਗਈ ਸੀ ਪਰ ਕੁਝ ਦਿਨ ਪਹਿਲਾਂ ਕੁਝ ਨਿਯਮਾਂ ਨੂੰ ਲਾਗੂ ਕਰਦਿਆਂ ਦੁਕਾਨਾਂ ਖੋਲ੍ਹਣ ਦੀ ਰਾਹਤ ਦਿੱਤੀ ਗਈ ਹੈ। ਕਸਬਾ ਰਾਜਾਸਾਂਸੀ ਦੇ ਕੁਝ ਦੁਕਾਨਦਾਰ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਦੁਕਾਨਾਂ ਖੋਲ੍ਹ ਰਹੇ ਹਨ। ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਅਣਦੇਖੀ ਕਰ ਰਹੇ ਦੁਕਾਨਦਾਰਾਂ ਦੀ ਪੋਲ ਖੋਲ੍ਹਣ ਲਈ ਮੀਡੀਆ ਦੀ ਟੀਮ ਉੱਥੇ ਪਹੁੰਚੀ ਤਾਂ ਸਾਰਿਆ ਨੇ ਦੁਕਾਨਾਂ ਬੰਦ ਕਰ ਲਈਆਂ।
ਇਹ ਵੀ ਪੜ੍ਹੋ ► ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ, ਸਮੁੱਚੀ ਕੈਬਨਿਟ ਤੋਂ ਮੰਗੀ ਮੁਆਫੀ
ਉੱਥੇ ਮੌਜੂਦ ਅਰੋੜਾ ਇਲੈਕਟ੍ਰੋਨਿਕ ਦਾ ਮਾਲਕ ਮੀਡੀਆ ਦਾ ਵਿਰੋਧ ਕਰਨ ਲੱਗ ਪਿਆ। ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਵਲੋਂ ਨਾ ਤਾਂ ਸਮਾਜਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਸੀ ਅਤੇ ਨਾ ਹੀ ਖੁਦ ਮਾਸਕ ਪਾਏ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਉਕਤ ਦੁਕਾਨਦਾਰ ਦਾ ਘਰ ਦੁਕਾਨ ਦੇ ਪਿੱਛੇ ਹੋਣ ਕਾਰਨ ਉਹ ਰਾਤ 9 ਵਜੇ ਤੱਕ ਅੱਧਾ ਸ਼ੱਟਰ ਬੰਦ ਕਰਕੇ ਸਮਾਨ ਵੇਚਦਾ ਹੈ। ਜਿਸ ਦੀ ਵੇਖਾ-ਵੇਖੀ ਦੂਸਰੇ ਦੁਕਾਨਦਾਰ ਵੀ ਦੁਕਾਨਾਂ ਖੋਲ੍ਹ ਲੈਂਦੇ ਹਨ। ਜਦ ਇਸ ਸਬੰਧੀ ਥਾਣਾ ਮੁਖੀ ਮਨਮੀਤਪਾਲ ਸਿੰਘ ਸੰਧੂ ਨੂੰ ਇਸ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਤਾਂ ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਕਰੀਬ ਤਿੰਨ-ਚਾਰ ਦਿਨ ਪਹਿਲਾਂ ਵੀ ਦੁਕਾਨ ਖੋਲ੍ਹ ਕੇ ਬੈਠਾ ਸੀ ਪਰ ਪੁਲਸ ਦੀ ਟੀਮ ਵੱਲੋਂ ਇਸ ਨੂੰ ਇੱਕ ਮੌਕਾ ਦੇ ਕੇ ਛੱਡ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆ ਗਿਆ ਹੈ। ਜਲਦ ਇਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਨੇ ਸਮੂਹ ਦੁਕਾਨਦਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਪ੍ਰਸ਼ਾਸਨ ਦਾ ਸਹਿਯੋਗ ਕਰਨ। ਜਿਹੜਾ ਦੁਕਾਨਦਾਰ ਵੀ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।