ਕੱਪੜੇ ਸੁੱਕਣੇ ਪਾ ਰਹੀਆਂ ਦੋ ਭੈਣਾਂ ਨਾਲ ਵਾਪਰੀ ਦਰਦਨਾਕ ਘਟਨਾ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ
Tuesday, Apr 13, 2021 - 12:45 AM (IST)
ਅੰਮ੍ਰਿਤਸਰ (ਅਨਜਾਣ) - 66ਕੇਵੀ ਬਿਜਲੀ ਦੀਆਂ ਤਾਰਾਂ ‘ਚੋਂ ਚੰਗਿਆੜੇ ਪੈਣ ਕਾਰਣ ਦੋ ਸਕੀਆਂ ਭੈਣਾਂ ਸਿਮਰਨ ਤੇ ਸਾਕਸ਼ੀ ਦੀ ਅੱਗ ਲੱਗ ਕੇ ਸੜ ਜਾਣ ਨਾਲ ਹਾਲਤ ਬਹੁਤ ਗੰਭੀਰ ਹੈ, ਜੋ ਇਸ ਵੇਲੇ ਅੰਮ੍ਰਿਤਸਰ ਦੇ ਅਜਨਾਲਾ ਰੋਡ 'ਤੇ ਸਥਿਤ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਲੜਕੀਆਂ ਦੀ ਮਾਤਾ ਅਮਨਜੀਤ, ਭੂਆ ਸੁਨੀਤਾ ਤੇ ਭਰਾ ਰਾਜਨ ਕੁਮਾਰ ਨੇ ਦੱਸਿਆ ਕਿ ਉਹ ਦੀਨਾ ਨਗਰ, ਰਾਂਝੇ ਦਾ ਕੋਠਾ, ਪਠਾਨਕੋਟ ਦੇ ਰਹਿਣ ਵਾਲੇ ਹਨ। ਬੀਤੇ ਦਿਨ ਉਨ੍ਹਾਂ ਦੀ ਲੜਕੀ ਸਿਮਰਨ ਤੇ ਸਾਕਸ਼ੀ ਕੋਠੇ 'ਤੇ ਕੱਪੜੇ ਸੁਕਨੇ ਪਾਉਣ ਗਈਆਂ ਸਨ ਤੇ ਅਚਾਨਕ 66ਕੇਵੀ ਬਿਜਲੀ ਦੀਆਂ ਤਾਰਾਂ ‘ਚੋਂ ਚੰਗਿਆੜੇ ਨਿਕਲੇ ਤੇ ਸਿਮਰਨ ਤੇ ਸਾਕਸ਼ੀ 'ਤੇ ਪੈ ਗਏ, ਜਿਸ ਨਾਲ ਦੋਵਾਂ ਭੈਣਾਂ ਨੂੰ ਅੱਗ ਲੱਗ ਗਈ ਤੇ ਉਹ ਬੁਰੀ ਤਰ੍ਹਾਂ ਝੁਲਸ ਗਈਆਂ।
ਇਹ ਵੀ ਪੜ੍ਹੋ - ਨਹੀਂ ਸੁਧਰ ਰਹੇ ਲੋਕ, ਨਾਈਟ ਕਰਫਿਊ ਦੀ ਹੋ ਰਹੀ ਹੈ ਉਲੰਘਣਾ
ਲੜਕੀਆਂ ਦੇ ਵਾਰਸਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਭ ਕੁਝ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਣ ਹੋਇਆ ਹੈ। ਬਿਜਲੀ ਵਿਭਾਗ ਸਾਡੀਆਂ ਲੜਕੀਆਂ ਦਾ ਇਲਾਜ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋਣ ਦਾ ਮੁਆਵਜ਼ਾ ਦੇਵੇ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਭੈਣਾਂ ‘ਚੋਂ ਸਾਕਸ਼ੀ ਦਾ ਆਯੂਸ਼ਮਾਨ ਕਾਰਡ ਹੈ ਪਰ ਹਸਪਤਾਲ ਨੇ ਉਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਉਹ ਬਹੁਤ ਗਰੀਬ ਹਨ ਤੇ ਉਹ ਦੋਵੇਂ ਬੱਚੀਆਂ ਦਾ ਇਲਾਜ ਕਰਵਾਉਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਤਰਸ ਦੇ ਅਧਾਰ ‘ਤੇ ਸਾਡੀ ਬਾਂਹ ਫੜੀ ਜਾਵੇ।
ਹਸਪਤਾਲ ਦੇ ਸਬੰਧਤ ਡਾਕਟਰ ਨਾਲ ਨਹੀਂ ਹੋਇਆ ਸੰਪਰਕ
ਇਸ ਸਬੰਧੀ ਜਦ ਲੜਕੀਆਂ ਦਾ ਇਲਾਜ ਕਰ ਰਹੇ ਹਸਪਤਾਲ ਦੇ ਡਾਕਟਰ ਤੋਂ ਇਹ ਜਾਨਣ ਲਈ ਫੋਨ ਲਗਾਇਆ ਗਿਆ ਕਿ ਕੀ ਇਹ ਹਸਪਤਾਲ ਆਯੂਸ਼ਮਾਨ ਦੀ ਸੂਚੀ ‘ਚ ਆਉਂਦਾ ਹੈ ਜਾਂ ਨਹੀਂ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
ਇਹ ਵੀ ਪੜ੍ਹੋ- ਨਿੱਜੀ ਸਕੂਲ ਦਾ ਕਾਰਾ, ਤਨਖਾਹ ਲਈ 13 ਮਹੀਨਿਆਂ ਤੋਂ ਅਧਿਆਪਕਾਂ ਨੂੰ ਲਗ ਰਿਹਾ ਲਾਰਾ
ਕੀ ਕਹਿੰਦੇ ਨੇ ਐੱਸ.ਡੀ.ਓ. ਬਿਜਲੀ ਬੋਰਡ
ਇਸ ਸਬੰਧੀ ਜਦ ਬਿਜਲੀ ਬੋਰਡ ਦੇ ਐੱਸ.ਡੀ.ਓ. ਸੋਮਰਾਜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਇਲਾਵਾ ਮੈਨੂੰ ਹੋਰ ਕਿਸੇ ਕੋਲੋਂ ਜਾਣਕਾਰੀ ਨਹੀਂ ਮਿਲੀ ਪਰ ਕਿਸੇ ਕੋਲੋਂ ਪਤਾ ਲੱਗਾ ਸੀ, ਪਰ ਉਨ੍ਹਾਂ ਕਿਹਾ ਕਿ ਇਹ 66ਕੇਵੀ ਤਾਰਾਂ ਨਾਲ ਹੋਇਆ ਹੈ, ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਤਾਰਾਂ ਵੀ ਤਾਂ ਬਿਜਲੀ ਬੋਰਡ ਨੇ ਲਗਾਈਆਂ ਹਨ ਤਾਂ ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਤਾਰਾਂ ਦੇ ਅਲੱਗ-ਅਲੱਗ ਡਿਪਾਰਟਮੈਂਟ ਹੁੰਦੇ ਨੇ ਤੇ ਇਹ ਗੁਰਦਾਸਪੁਰ ਦੇ ਅੰਡਰ ਆਉਂਦਾ ਹੈ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਆਪਣਾ ਕੀਮਤੀ ਕੁਮੈਂਟ ਕਰਕੇ ਜ਼ਰੂਰ ਦੱਸੋ।