ਜਲੰਧਰ: ਸਪਾ ਸੈਂਟਰ ਦੇ ਮਾਲਕ ਤੋਂ ਰਿਸ਼ਵਤ ਲੈਣ ਵਾਲਾ SHO ਰਾਜੇਸ਼ ਅਰੋੜਾ ਸਸਪੈਂਡ, ਹੈਰਾਨ ਕਰਦੇ ਹੋਏ ਖ਼ੁਲਾਸੇ

12/09/2023 6:13:42 PM

ਜਲੰਧਰ (ਮਹੇਸ਼)- ਕਮਿਸ਼ਨਰੇਟ ਪੁਲਸ ਨੇ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ਨੂੰ ਬੀਤੇ ਦਿਨ ਉਸ ਦੇ ਆਪਣੇ ਹੀ ਥਾਣੇ ਦੀ ਪੁਲਸ ਨੇ ਸਪਾ ਸੈਂਟਰ ਦੇ ਮਾਲਕ ਤੋਂ 2 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਰਾਜੇਸ਼ ਤੋਂ ਰਿਸ਼ਵਤ ਦੇ ਪੈਸੇ ਵੀ ਬਰਾਮਦ ਕਰ ਲਏ ਗਏ ਹਨ। ਦੋਸ਼ੀ ਐੱਸ. ਐੱਚ. ਓ. ਦੇ ਮਾਮਲੇ ਦੀ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ।

ਜਾਂਚ ਉਪਰੰਤ ਹੀ ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਖਹਿਰਾ ਪੈਟਰੋਲ ਪੰਪ ਦੇ ਸਾਹਮਣੇ ਇਕ ਬੈਂਕ ਦੀ ਉੱਪਰ ਵਾਲੀ ਬਿਲਡਿੰਗ ’ਚ ਗ੍ਰੈਂਡ ਸਪਾ ਸੈਂਟਰ ਚਲਾਉਣ ਵਾਲੇ ਰਾਜੇਸ਼ ਕੁਮਾਰ ਨਿਵਾਸੀ ਪਿੰਡ ਦਿਆਲਪੁਰ ਜਲੰਧਰ ਦੇ ਬਿਆਨਾਂ ’ਤੇ ਰਾਜੇਸ਼ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ ਧਾਰਾ 342 ਅਤੇ ਕੁਰੱਪਸ਼ਨ ਐਕਟ ਤਹਿਤ 337 ਨੰ. ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਐੱਸ. ਐੱਚ. ਓ. ਰਾਮਾ ਮੰਡੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਪੁਲਸ ਕਮਿਸ਼ਨਰ ਵੱਲੋਂ ਉਸ ਨੂੰ ਸਸਪੈਂਡ ਕੀਤੇ ਜਾਣ ਦੀ ਪੁਸ਼ਟੀ ਡੀ. ਸੀ. ਪੀ. ਸਿਟੀ ਸੰਦੀਪ ਸ਼ਰਮਾ ਨੇ ਕੀਤੀ ਹੈ।  ਉਨ੍ਹਾਂ ਦੱਸਿਆ ਕਿ ਰਿਸ਼ਵਤ ਦੇ ਪੈਸਿਆਂ ਦੀ ਰਿਕਵਰੀ ਹੋਣ ਕਾਰਨ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੂੰ ਮਾਣਯੋਗ ਅਦਾਲਤ ਦੇ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ 'ਆਪ' ਨੇ ਖਿੱਚੀ ਤਿਆਰੀ, CM ਕੇਜਰੀਵਾਲ ਨਾਲ ਸਾਰੀਆਂ ਸੀਟਾਂ ’ਤੇ CM ਮਾਨ ਕਰਨਗੇ ਦੌਰੇ

ਡੀ. ਸੀ. ਪੀ. ਸਿਟੀ ਸ਼ਰਮਾ ਨੇ ਕਿਹਾ ਕਿ ਦੋਸ਼ੀ ਐੱਸ. ਐੱਚ. ਓ. ਦੇ ਮਾਮਲੇ ’ਚ ਉਨ੍ਹਾਂ ਦੀ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਦੇ ਨਾਲ 2 ਹੋਰ ਪੁਲਸ ਮੁਲਾਜ਼ਮਾਂ ਅਨਵਰ ਅਤੇ ਸੰਦੀਪ ਨੂੰ ਵੀ ਐੱਫ਼. ਆਈ. ਆਰ. ’ਚ ਨਾਮਜ਼ਦ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਤਾ ਲੱਗਾ ਹੈ ਕਿ ਐੱਸ. ਐੱਚ. ਓ. ਦੇ ਆਪਣੇ ਹੀ ਖ਼ਾਸਮਖ਼ਾਸ ਪੁਲਸ ਮੁਲਾਜ਼ਮ ਨੇ ਸਰਕਾਰੀ ਗਵਾਹ ਬਣ ਕੇ ਰਾਜੇਸ਼ ਅਰੋੜਾ ਬਾਰੇ ਪੂਰੀ ਜਾਣਕਰੀ ਪੁਲਸ ਅਧਿਕਾਰੀਆਂ ਨੂੰ ਮੁਹੱਈਆ ਕਰਵਾਈ ਤਾਂ ਕਿ ਉਹ ਇਸ ਮਾਮਲੇ ’ਚ ਆਪਣਾ ਬਚਾਅ ਕਰ ਸਕੇ।

ਹਲਕਾ ਵਿਧਾਇਕ ਦੇ ਨਾਲ ਵੀ ਨਹੀਂ ਸਨ ਚੰਗੇ ਸੰਬੰਧ
ਥਾਣਾ ਰਾਮਾ ਮੰਡੀ ਜਲੰਧਰ ਸੈਂਟਰਲ ਹਲਕੇ ’ਚ ਪੈਂਦੇ ਹਨ ਇਸ ਹਲਕੇ ਦੇ ਵਿਧਾਇਕ ਰਮਨ ਅਰੋੜਾ ਹਨ। ਜਾਣਕਾਰੀ ਮੁਤਾਬਕ ਜਦੋਂ ਰਾਜੇਸ਼ ਅਰੋੜਾ ਨੂੰ ਰਾਮਾ ਮੰਡੀ ਦਾ ਐੱਸ. ਐੱਚ. ਓ. ਲਾਇਆ ਗਿਆ ਸੀ, ਉਦੋਂ ਤੋਂ ਹੀ ਉਨ੍ਹਾਂ ਦੇ ਸੰਬੰਧ ਹਲਕੇ ਦੇ ਵਿਧਾਇਕ ਦੇ ਨਾਲ ਚੰਗੇ ਨਹੀਂ ਰਹੇ। ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਆਪਣੀ ਪੁਲਸੀਆ ਆਕੜ ’ਚ ਰਹਿਣ ਵਾਲੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਹਲਕਾ ਵਿਧਾਇਕ ਦੀ ਵੀ ਪ੍ਰਵਾਹ ਨਹੀਂ ਮੰਨਦੇ ਸਨ। ਰਮਨ ਅਰੋੜਾ ਵੀ ਚਾਹੁੰਦੇ ਸਨ ਕਿ ਅਜਿਹੇ ਐੱਸ. ਐੱਚ. ਓ. ਦਾ ਉਨ੍ਹਾਂ ਦੇ ਹਲਕੇ ਤੋਂ ਤਬਾਦਲਾ ਕਰ ਦੇਣਾ ਚਾਹੀਦਾ, ਜੋਕਿ ਉਨ੍ਹਾਂ ਦੇ ਕਹਿਣ ’ਤੇ ਆਮ ਜਨਤਾ ਦੀ ਗੱਲ ਹੀ ਨਹੀਂ ਸੁਣਦਾ। ਵਿਧਾਇਕ ਦੀ ਕਾਰਵਾਈ ਤੋਂ ਪਹਿਲਾਂ ਹੀ ਐੱਸ. ਐੱਚ. ਓ. ਅਰੋੜਾ ਰਿਸ਼ਵਤ ਲੈਣ ਦੇ ਦੋਸ਼ ’ਚ ਬੁਰੇ ਫਸ ਗਏ। ਤਬਾਦਲੇ ਦੀ ਜਗ੍ਹਾ ਉਨ੍ਹਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ ਦੇ ਨਾਂ 'ਤੇ ਹੁਣ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ, ਇੰਝ ਹੁੰਦੀ ਹੈ ਕੁੜੀਆਂ ਨਾਲ ਡੀਲ

ਜ਼ਿੱਦ ਨਾਲ ਲੱਗੇ ਸਨ ਆਪਣੇ ਹੀ ਇਲਾਕੇ ’ਚ ਐੱਸ. ਐੱਚ. ਓ.
ਇੰਸ. ਰਾਜੇਸ਼ ਅਰੋੜਾ ਦੀ ਜਨਮ ਭੂਮੀ ਦਕੋਹਾ ਹੈ ਅਤੇ ਦਕੋਹਾ ਇਲਾਕਾ ਥਾਣਾ ਰਾਮਾ ਮੰਡੀ ’ਚ ਪੈਂਦਾ ਹੈ। ਕੁਝ ਮਹੀਨੇ ਪਹਿਲਾਂ ਹੀ ਉਹ ਜਲੰਧਰ ’ਚ ਬਦਲ ਕੇ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਨੌਕਰੀ ਦੂਜੇ ਜ਼ਿਲ੍ਹਿਆਂ ਦੀ ਹੈ। ਪਹਿਲੇ ਉਨ੍ਹਾਂ ਨੂੰ ਥਾਣਾ ਡਿਵੀਜ਼ਨ ਨੰ. 5 ’ਚ ਲਾਇਆ ਗਿਆ ਸੀ ਉੱਥੇ ਹੀ ਉਹ ਕੁਝ ਦਿਨ ਹੀ ਰਹੇ ਅਤੇ ਫਿਰ ਉਨ੍ਹਾਂ ਨੇ ਜ਼ਿੱਦ ਕਰਕੇ ਆਪਣਾ ਤਬਾਦਲਾ ਥਾਣਾ ਰਾਮਾ ਮੰਡੀ (ਸੂਰਿਆ ਇਨਕਲੇਵ) ’ਚ ਕਰਵਾ ਲਿਆ। ਜੁਲਾਈ ਮਹੀਨੇ ’ਚ ਉਹ ਥਾਣਾ ਰਾਮਾ ਮੰਡੀ ’ਚ ਸੇਵਾਵਾਂ ਨਿਭਾਅ ਰਹੇ ਸਨ, ਜਦੋਂ ਉਹ ਨਵੇਂ-ਨਵੇਂ ਆਏ ਸਨ ਤਾਂ ਉਨ੍ਹਾਂ ਨੇ ਆਉਂਦੇ ਹੀ ਆਪਣੀ ਸਖ਼ਤੀ ਵਿਖਾਉਂਦੇ ਹੋਏ ਰਾਮਾ ਮੰਡੀ ਸਣੇ ਕਈ ਇਲਾਕਿਆਂ ’ਚ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ’ਤੇ ਸਖ਼ਤ ਸ਼ਿਕੰਜਾ ਕੱਸਦੇ ਹੋਏ ਇਕ ਸਿੰਘਮ ਐੱਸ. ਐੱਚ. ਓ. ਦੇ ਤੌਰ ’ਤੇ ਕਾਰਵਾਈ ਕੀਤੀ ਸੀ।

ਨਹੀਂ ਲਾਇਆ ਗਿਆ ਕੋਈ ਨਵਾਂ ਥਾਣਾ ਇੰਚਾਰਜ
ਰਾਜੇਸ਼ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਜੇਲ੍ਹ ਵੀ ਭੇਜ ਦਿੱਤਾ ਹੈ ਪਰ ਉਨ੍ਹਾਂ ਦੀ ਥਾਂ ਥਾਣਾ ਰਾਮਾ ਮੰਡੀ ’ਚ ਕੋਈ ਨਵਾਂ ਥਾਣਾ ਇੰਚਾਰਜ ਨਹੀਂ ਲਾਇਆ ਗਿਆ ਹੈ। ਇਸੇ ਤਰ੍ਹਾਂ ਇਸ ਥਾਣੇ ਅਧੀਨ ਦਕੋਹਾ ਪੁਲਸ ਚੌਂਕੀ ’ਚ ਪਿਛਲੇ 25 ਦਿਨ ਤੋਂ ਬਿਨਾਂ ਇੰਚਾਰਜ ਦੇ ਹੀ ਚੱਲ ਰਹੀ ਹੈ। ਸਾਬਕਾ ਚੌਂਕੀ ਇੰਚਾਰਜ ਮਦਨ ਸਿੰਘ ਦਾ 13 ਨਵੰਬਰ ਨੂੰ ਤਬਾਦਲਾ ਕਰ ਦਿੱਤਾ ਗਿਆ ਸੀ। ਗ੍ਰੈਂਡ ਸਪਾ ਸੈਂਟਰ ਵੀ ਇਸ ਚੌਂਕੀ ਅਧੀਨ ਆਉਂਦਾ ਹੈ।
ਚੌਂਕੀ ਇੰਚਾਰਜ ਕੋਈ ਨਾ ਹੋਣ ਕਾਰਨ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦਕੋਹਾ ਚੌਂਕੀ ’ਚ ਜਦੋਂ ਆਪਣਾ ਆਉਣਾ-ਜਾਣਾ ਵਧਾਇਆ ਉਦੋਂ ਹੀ ਉਸ ਦੇ ਸੰਬੰਧ ਸਪਾ ਸੈਂਟਰ ਦੇ ਮਾਲਕ ਨਾਲ ਬਣੇ ਦੱਸੇ ਜਾ ਰਹੇ ਹਨ। ਦਕੋਹਾ ਚੌਂਕੀ ਨੰਗਲ ਸ਼ਾਮਾ ਪਿੰਡ ’ਚ ਬਣੀ ਹੈ ਅਤੇ ਥਾਣਾ ਰਾਮਾ ਮੰਡੀ ਸੂਰਿਆ ਇਨਕਲੇਵ ’ਚ ਹੈ। ਰਾਮਾ ਮੰਡੀ ਥਾਣੇ ’ਚ ਟੈਂਪਰੇਰੀ ਤੌਰ ’ਤੇ ਐਡੀਸ਼ਨਲ ਐੱਸ. ਐੱਚ. ਓ. ਅਰੁਣ ਕੁਮਾਰ ਅਤੇ ਦਕੋਹਾ ਚੌਂਕੀ ’ਚ ਏ. ਐੱਸ. ਆਈ. ਬਲਵਿੰਦਰ ਕੁਮਾਰ ਇੰਚਾਰਜ ਦਾ ਕੰਮਕਾਜ ਆਰਜ਼ੀ ਤੌਰ ’ਤੇ ਵੇਖ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ : SHO ਰਾਜੇਸ਼ ਕੁਮਾਰ ਅਰੋੜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News