ਮਹਾ ਸ਼ਿਵਰਾਤਰੀ ਦੀਆਂ ਮੁਬਾਰਕਾਂ ਦੇਣਾ ਕਿਉਂ ਭੁੱਲੀ ਸਰਕਾਰ, ਮੁੱਖ ਮੰਤਰੀ ਕੋਲ ਮਸਲਾ ਉਠਾਵਾਂਗੀ : ਨਿਮਿਸ਼ਾ

Friday, Feb 21, 2020 - 03:58 PM (IST)

ਜਲੰਧਰ ( ਨਿਮਿਸ਼ਾ ਮਹਿਤਾ) - ਮਹਾ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ 'ਤੇ ਹਿੰਦੂ ਸਮਾਜ ਅਤੇ ਸਾਰੇ ਸ਼ਿਵ ਭਗਤਾਂ ਨੂੰ ਵਧਾਈ ਦਾ ਪੰਜਾਬ ਸਰਕਾਰ ਵਲੋਂ ਕਿਉਂ ਇਕ ਵੀ ਇਸ਼ਤਿਹਾਰ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਗੱਲ 'ਤੇ ਪੰਜਾਬ ਕਾਂਗਰਸ ਦੀ ਆਗੂ ਨਿਮਿਸ਼ਾ ਮਹਿਤਾ ਨੇ ਗਹਿਰਾ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੀ ਲੋਕ ਸੰਪਰਕ ਵਿਭਾਗ ਦੀ ਹਿੰਦੂਆਂ ਦੇ ਹਿਰਦੇ ਵਲੂੰਧਣ ਵਾਲੀ ਇਸ ਗਲਤੀ ਨੂੰ ਲੈ ਕੇ ਉਹ ਆਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਮਾਮਲਾ ਉਠਾਉਣਗੇ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹਿੰਦੂ ਸਮਾਜ ਨੇ ਕਾਂਗਰਸ ਸਰਕਾਰ ਬਣਾਉਣ 'ਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਸ਼ਹਿਰਾਂ 'ਚ ਹਿੰਦੂਆਂ ਦੀ ਬਹੁਤ ਸੰਖਿਆ ਹੈ। ਕਾਂਗਰਸ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ਹਿਰੀ ਸੀਟਾਂ 'ਤੇ ਧੜਲੇਦਾਰ ਕਬਜ਼ਾ ਕੀਤਾ ਹੈ, ਜੋ ਹਿੰਦੂ ਵੋਟਰਾਂ ਦੇ ਸਮਰਥਨ ਸਦਕਾ ਹੋਇਆ ਹੈ। ਇਨਾਂ ਹੀ ਨਹੀਂ ਪੰਜਾਬ ਦੀਆਂ ਸਾਰੀਆਂ ਕਾਰਪੋਰੇਸ਼ਨਾਂ ਅਤੇ ਕਮੇਟੀਆਂ ਦੀਆਂ ਸੀਟਾਂ ਵੀ ਹਿੰਦੂਆਂ ਨੇ ਕਾਂਗਰਸ ਦੀ ਝੋਲੀ ਪਾਈਆਂ ਅਤੇ ਲੋਕ ਸਭਾ ਚੋਣਾਂ ਦੌਰਾਨ ਮੁਲਖ ਭਰ 'ਚ ਮੋਦੀ ਦੀ ਹਿੰਦੂ ਸਰਕਾਰ ਦੀ ਹਨੇਰੀ ਦੇ ਬਾਵਜੂਦ ਪੰਜਾਬ ਦਾ ਹਿੰਦੂ ਡੱਟ ਕੇ ਕਾਂਗਰਸ ਨਾਲ ਖੜ੍ਹਿਆ।

ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਹਿੰਦੂ ਲਗਭਗ ਪੰਜਾਬ ਦੀ 38 ਫੀਸਦੀ ਆਬਾਦੀ ਹਨ ਪਰ ਫਿਰ ਵੀ ਸਰਕਾਰ ਵਲੋਂ ਮਹਾ ਸ਼ਿਵਰਾਤਰੀ ਦੇ ਪਵਿੱਤਰ ਦਿਨ 'ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਇਸ ਮੌਕੇ ਵਧਾਈ ਦੇਣ ਦੀ ਖੇਚਲ ਤੱਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਮਿਲ ਕੇ ਸ਼ਿਕਾਇਤ ਕਰਨਗੇ ਅਤੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਅਫਸਰਾਂ ਵਲੋਂ ਮੁੜ ਇਹੋ ਜਿਹੀ ਗੁਸਤਾਖੀ ਨਾ ਹੋਵੇ। ਇਸ ਨਾਲ ਹੀ ਕਾਂਗਰਸੀ ਆਗੂ ਨੇ ਕਿਹਾ ਕਿ ਹਿੰਦੂ ਸਮਾਜ ਲਈ ਪੰਜਾਬ ਦੀ ਕਿਸੇ ਵੀ ਸਰਕਾਰ ਪਾਸੋਂ ਚਾਹੇ ਉਹ ਅਕਾਲੀ ਭਾਜਪਾ ਹੋਵੇ ਜਾਂ ਕਾਂਗਰਸ ਅੱਜ ਤੱਕ ਕਦੇ ਹਿੰਦੂਆਂ ਦਾ ਕੋਈ ਵੀ ਤਿਉਹਾਰ ਸੂਬਾ ਪੱਧਰ 'ਤੇ ਨਹੀਂ ਮਨਾਇਆ ਗਿਆ, ਫਿਰ ਚਾਹੇ ਉਹ ਮਹਾ ਸ਼ਿਵਰਾਤਰੀ ਹੋਵੇ, ਰਾਮਨੌਵੀ ਹੋਵੇ, ਦੁਰਗਾ ਪੂਜਾ ਹੋਵੇ ਜਾਂ ਕ੍ਰਿਸ਼ਨ ਜਨਮ ਆਸ਼ਟਮੀ।

ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਵੀ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪਾਸ ਇਹ ਮੰਗ ਰੱਖਣਗੇ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਹਨ, ਜੋ ਬਤੌਰ ਮੁੱਖ ਮੰਤਰੀ ਦੁਰਗਿਆਣਾ ਮੰਦਰ 'ਚ ਕਾਰਸੇਵਾ ਦਾ ਕਾਰਜ ਕਰ ਚੁੱਕੇ ਹਨ ਅਤੇ ਸ਼ਿਵਰਾਤਰੀ ਦੇ ਤਿਉਹਾਰ 'ਤੇ ਇਸ਼ਤਿਹਾਰ ਜਾਰੀ ਨਾ ਕਰਨ ਪਿੱਛੇ ਅਫਸਰਾਂ ਪਾਸੋ ਕੀਤੀ ਗਲਤੀ ਨੂੰ ਕੌਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਅਤੇ ਉਸ ਦੀ ਭਾਵਨਾਵਾਂ ਨੂੰ ਕਾਂਗਰਸ ਰਾਜ 'ਚ ਅਣਗੌਲਿਆਂ ਨਹੀਂ ਹੋਣ ਦਿੱਤਾ ਜਾਵੇਗਾ।


rajwinder kaur

Content Editor

Related News