ਖਾਲਿਸਤਾਨੀਆਂ ਦੀ ਹਿੱਟ ਲਿਸਟ ''ਤੇ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ, ਦੂਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ
Wednesday, Sep 09, 2020 - 07:50 AM (IST)
ਖੰਨਾ (ਕਮਲ) : ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੂੰ ਸ਼ਿਵ ਸੈਨਾ ਹਿੰਦੋਸਤਾਨ ਗਰੁੱਪ ਦੇ ਵਟਸਐਪ ਨੰਬਰ ’ਤੇ 2 ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਬੀਤੀ ਕੱਲ ਸ਼ਾਮੀਂ ਖਾਲਿਸਤਾਨੀ ਅੱਤਵਾਦੀਆਂ ਦੇ ਸੰਗਠਨਾਂ ਵੱਲੋਂ ਵਿਦੇਸ਼ੀ ਵਟਸਐਪ ਨੰਬਰ ਤੋਂ ਪਵਨ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸੇ ਤਰ੍ਹਾਂ ਪਹਿਲਾਂ ਵੀ ਵਿਦੇਸ਼ੀ ਵਟਸਐਪ ਨੰਬਰ ਤੋਂ 17 ਅਗਸਤ ਨੂੰ ਧਮਕੀ ਮਿਲੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਗੁਪਤਾ ਦੀ ਫੋਟੋ ’ਤੇ ਕਰੋਸ ਦਾ ਨਿਸ਼ਾਨ ਬਣਾ ਕੇ ਇਕ ਪੋਸਟ ਵੀ ਪਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਮੀ ਜਨਰਲ ਸਕੱਤਰ ਕ੍ਰਿਸ਼ਨ ਸ਼ਰਮਾ ਅਤੇ ਪੰਜਾਬ ਦੇ ਬੁਲਾਰੇ ਚੰਦਰਕਾਂਤ ਨੇ ਦੱਸਿਆ ਕਿ ਕੁੱਝ ਹੀ ਦਿਨਾਂ ’ਚ ਪਵਨ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੂਜੀ ਵਾਰੀ ਵਿਦੇਸ਼ੀ ਵਟਸਐਪ ਨੰਬਰ ਤੋਂ ਮਿਲੀ ਹੈ। ਇਨ੍ਹਾਂ ਧਮਕੀਆਂ ਬਾਰੇ ਪੰਜਾਬ ਪੁਲਸ ਦੇ ਵੱਡੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਫੋਨ ਅਤੇ ਵਟਸਐਪ ਰਾਹੀਂ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।
ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੇ ਪਵਨ ਗੁਪਤਾ ਦੀ ਸੁਰੱਖਿਆ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਦਿਖਾਈ, ਜਦੋਂ ਕਿ ਉਹ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੀ ਹਿੱਟ ਲਿਸਟ ’ਤੇ ਹਨ, ਜਿਸ ਕਾਰਣ ਉਨ੍ਹਾਂ ਦੀ ਸੁਰੱਖਿਆ ’ਚ ਪੰਜਾਬ ਪੁਲਸ ਦੇ ਕਮਾਂਡੋ, ਐਸਕਾਰਟ ਜਿਪਸੀ ਅਤੇ ਬੁਲੇਟ ਪਰੂਫ ਕਾਰ ਤਾਇਨਾਤ ਸੀ ਪਰ ਬਿਨਾਂ ਕਿਸੇ ਕਾਰਣ ਤੋਂ ਉਨ੍ਹਾਂ ਦੀ ਸੁਰੱਖਿਆ ਹਟਾ ਕੇ ਅੱਤਵਾਦੀਆਂ ਲਈ ਆਸਾਨ ਨਿਸ਼ਾਨਾ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ ਬਾਦਲਾਂ ਦੇ ਗੜ੍ਹ 'ਚ ਲਹਿਰਾਇਆ 'ਖਾਲਿਸਤਾਨੀ ਝੰਡਾ', ਖੁਫ਼ੀਆ ਮਹਿਕਮਾ ਤੇ ਪੁਲਸ ਚੌਕਸ
ਰਾਸ਼ਟਰੀ ਪ੍ਰਧਾਨ ਦੀ ਸੁਰੱਖਿਆ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਕਤ ਆਗੂਆਂ ਨੇ ਇਹ ਸ਼ੱਕ ਜ਼ਾਹਿਰ ਕੀਤਾ ਕਿ ਕੁੱਝ ਅਧਿਕਾਰੀਆਂ ਵੱਲੋਂ ਸਾਜਿਸ਼ ਤਹਿਤ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੀ ਘਾਟ ਕਾਰਣ ਕੋਈ ਵੀ ਅੱਤਵਾਦੀ ਹਮਲੇ ਦੀ ਘਟਨਾ ਪਵਨ ਗੁਪਤਾ ਨਾਲ ਵਾਪਰ ਸਕਦੀ ਹੈ। ਸ਼ਿਵ ਸੈਨਾ ਹਿੰਦੋਸਤਾਨ ਦੀ ਇਹ ਜ਼ੋਰਦਾਰ ਮੰਗ ਹੈ ਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਮੁੜ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਜਾਣ।