ਸ਼ਿਵ ਸੈਨਾ ਦੇ ਦਫਤਰ ਬਾਹਰ ਸ਼ਰਾਰਤੀ ਅਨਸਰਾਂ ਨੇ ਚਿਪਕਾਇਆ ਧਮਕੀ ਭਰਿਆ ਪੱਤਰ
Thursday, Mar 12, 2020 - 01:19 PM (IST)
ਰੂਪਨਗਰ (ਕੈਲਾਸ਼) : ਸ਼ਿਵ ਸੈਨਿਕਾਂ 'ਤੇ ਹਮਲੇ ਕਰਨ ਵਾਲੇ ਜਾਂ ਉਨ੍ਹਾਂ ਨੂੰ ਧਮਕੀਆਂ ਦੇਣ ਵਾਲੇ ਪੰਜਾਬ 'ਚ ਮਾਹੌਲ ਨੂੰ ਖਰਾਬ ਕਰ ਰਹੇ ਹਨ ਪਰ ਸਾਰੇ ਸ਼ਿਵ ਸੈਨਿਕ ਇਕਜੁੱਟ ਹਨ ਅਤੇ ਉਹ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇਹ ਗੱਲ ਸ਼ਿਵ ਸੈਨਾ ਬਾਲ ਠਾਕਰੇ ਦੇ ਉਪ ਰਾਜ ਪ੍ਰਮੁੱਖ ਅਸ਼ਵਨੀ ਸ਼ਰਮਾ ਨੇ ਗੱਲਬਾਤ ਕਰਦਿਆਂ ਕਹੀ। ਜ਼ਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਖੰਨਾ 'ਚ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਬੁਲਾਰੇ ਮਹੰਤ ਕਸ਼ਮੀਰ ਸਿੰਘ 'ਤੇ ਕਾਤਲਾਨਾ ਹਮਲਾ ਹੋਇਆ ਸੀ ਇਹ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਬੀਤੀ ਰਾਤ ਸ਼ਿਵ ਸੈਨਾ ਬਾਲ ਠਾਕਰੇ ਰੂਪਨਗਰ ਦੇ ਦਫਤਰ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਧਮਕੀ ਭਰਿਆ ਪੱਤਰ ਚਿਪਕਾਇਆ ਗਿਆ। ਉਕਤ ਪੱਤਰ 'ਚ ਸ਼ਿਵ ਸੈਨਾ ਲਈ ਅਪਸ਼ਬਦ ਲਿਖੇ ਗਏ ਹਨ, ਜਿਸ ਕਾਰਨ ਸ਼ਿਵ ਸੈਨਿਕਾਂ 'ਚ ਰੋਸ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਦਫਤਰ ਰੂਪਨਗਰ-ਨੰਗਲ ਦੇ ਮੁੱਖ ਮਾਰਗ 'ਤੇ ਥਾਣਾ ਸਦਰ ਦੇ ਨੇੜੇ ਹੈ ਅਤੇ ਉਨ੍ਹਾਂ ਦਾ ਘਰ ਅਤੇ ਸ਼ਿਵ ਮੰਦਰ ਦਫਤਰ ਦੇ ਨਾਲ ਹੈ। ਉਨ੍ਹਾਂ ਜ਼ਿਲਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਅਤੇ ਉਸਦੇ ਪਰਿਵਾਰ ਦੇ ਇਲਾਵਾ ਹੋਰ ਸ਼ਿਵ ਸੈਨਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਸਬੰਧ 'ਚ ਉਨ੍ਹਾਂ ਇਕ ਲਿਖਤੀ ਸ਼ਿਕਾਇਤ ਐੱਸ. ਐੱਸ. ਪੀ. ਰੂਪਨਗਰ ਨੂੰ ਵੀ ਦਿੱਤੀ ਗਈ ਹੈ।
ਕੀ ਕਹਿੰਦੇ ਨੇ ਡੀ. ਐੱਸ. ਪੀ. (ਡੀ)
ਦੂਸਰੇ ਪਾਸੇ ਉਕਤ ਮਾਮਲੇ ਦੀ ਛਾਣਬੀਣ ਕਰਨ ਲਈ ਮੌਕੇ 'ਤੇ ਡੀ. ਐੱਸ. ਪੀ. (ਡੀ) ਵਰਿੰਦਰਜੀਤ, ਐੱਸ. ਐੱਚ. ਓ. ਸਿਟੀ ਰੂਪਨਗਰ ਵੀ ਹਾਜ਼ਰ ਸਨ, ਉਨ੍ਹਾਂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਸ਼ਵਨੀ ਸ਼ਰਮਾ, ਉਨ੍ਹਾਂ ਦੇ ਪਰਿਵਾਰ ਅਤੇ ਸ਼ਿਵ ਸੈਨਿਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣਗੇ ਅਤੇ ਮਾਹੌਲ ਨੂੰ ਖਰਾਬ ਨਹੀਂ ਹੋਣ ਦੇਣਗੇ।
ਇਹ ਸੀ ਮਾਮਲਾ
ਦੱਸਣਯੋਗ ਹੈ ਕਿ ਬੀਤੇ ਦਿਨੀਂ ਖੰਨਾ 'ਚ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ 'ਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ 'ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸਵੇਰ ਦੇ ਸਮੇਂ ਮੰਦਰ ਜਾ ਰਹੇ ਸਨ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਨ੍ਹਾਂ ਨੇ ਘਰ ਦੇ ਅੰਦਰ ਵੜ ਆਪਣੀ ਜਾਨ ਬਚਾ ਲਈ। ਮੌਕੇ 'ਤੇ ਪੁੱਜੇ ਡੀ.ਐੱਸ. ਪੀ. ਰਾਜਨ ਪਰਵਿੰਦਰ ਨੇ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਹਮਲਾਵਰਾਂ ਦੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਪੁੱਤਾਂ ਵਾਂਗ ਪਾਲੀ ਫਸਲ ਜ਼ਮੀਨ 'ਤੇ ਵਿਛੀ (ਵੀਡੀਓ)