ਅਬੋਹਰ ਕਤਲਕਾਂਡ ਦਾ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਹਸਪਤਾਲ ''ਚ ਭਰਤੀ

02/12/2016 10:45:42 AM

ਫਾਜ਼ਿਲਕਾ (ਨਾਗਪਾਲ) : ਅਬੋਹਰ ਦੇ ਭੀਮ ਟਾਂਕ ਕਤਲਕਾਂਡ ''ਚ ਨਾਮਜ਼ਦ ਮੁਲਜ਼ਮ ਸ਼ਰਾਬ ਦੇ ਨਾਮੀ ਵਪਾਰੀ ਅਤੇ ਅਕਾਲੀ ਦਲ ਆਗੂ ਸ਼ਿਵ ਲਾਲ ਡੋਡਾ ਨੂੰ ਵੀਰਵਾਰ ਨੂੰ ਸਿਵਲ ਹਸਪਤਾਲ ''ਚ ਦਾਖਲ ਕਰਵਾਇਆ ਗਿਆ। ਡੋਡਾ ਨੂੰ ਸਖਤ ਸੁਰੱਖਿਆ ''ਚ ਸਬ-ਜੇਲ ਫਾਜ਼ਿਲਕਾ ਦੇ ਕਰਮਚਾਰੀਆਂ ਵੱਲੋਂ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਉਸ ਨੂੰ ਛਾਤੀ, ਪਿੱਠ ਦਰਦ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਲਈ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਡੋਡਾ ਦੀ ਡਾਕਟਰਾਂ ਦੇ ਇਕ ਪੈਨਲ ਜਿਸ ''ਚ ਡਾ. ਪੁਨੀਤ ਚੁੱਚਰਾ (ਮੈਡੀਸਨ), ਡਾ. ਵਰਿੰਦਰ ਚੌਧਰੀ (ਆਰਥੋ) ਅਤੇ ਡਾ. ਵਿਕਾਸ (ਜਨਰਲ ਸਰਜਨ) ਸ਼ਾਮਲ ਹਨ ਵੱਲੋਂ ਜਾਂਚ ਕੀਤੀ ਗਈ। ਡਾਕਟਰਾਂ ਦਾ ਇਹ ਪੈਨਲ ਸਿਵਲ ਹਸਪਤਾਲ ਫਾਜ਼ਿਲਕਾ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਮੋਹਨ ਕਟਾਰੀਆ ਵੱਲੋਂ ਗਠਿਤ ਕੀਤਾ ਗਿਆ ਸੀ।  
ਡਾ. ਕਟਾਰੀਆ ਨੇ ਦੱਸਿਆ ਕਿ ਡੋਡਾ ਨੂੰ ਜਾਂਚ ਲਈ ਰੱਖਿਆ ਗਿਆ ਹੈ ਅਤੇ ਉਸ ਦੇ ਟੈਸਟ ਕੀਤੇ ਜਾ ਰਹੇ ਹਨ। ਡੋਡਾ ਜੋ ਕਿ ਪਹਿਲਾਂ ਹੀ ਜੁਡੀਸ਼ੀਅਲ ਹਿਰਾਸਤ ''ਚ ਹੈ, ਨੂੰ ਬੁੱਧਵਾਰ ਨੂੰ ਅਬੋਹਰ ਵਿਖੇ ਅਦਾਲਤ ''ਚ ਪੇਸ਼ ਕੀਤਾ ਗਿਆ ਸੀ, ਜਿਥੇ ਉਸ ਦੀ ਹਿਰਾਸਤ 24 ਫਰਵਰੀ ਤੱਕ ਵਧਾ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਭੀਮ ਟਾਂਕ ਦਾ ਡੋਡਾ ਦੇ ਫਾਰਮਹਾਊਸ ''ਚ 11 ਦਸੰਬਰ ਨੂੰ ਕਤਲ ਕਰ ਦਿੱਤਾ ਗਇਆ ਸੀ, ਜਦਕਿ ਗੁਰਜੰਟ ਸਿੰਘ ਜ਼ਖਮੀ ਹੋ ਗਿਆ ਸੀ। 


Babita Marhas

News Editor

Related News