ਲਾਪਤਾ ਸਰੂਪ ਲੱਭਣ ਲਈ ਸ਼੍ਰੋਮਣੀ ਕਮੇਟੀ ਨੇ ਘਰ-ਘਰ ਗਿਣਤੀ ਕਰਨ ਦੀ ਮੁਹਿੰਮ ਆਰੰਭੀ
Friday, Sep 11, 2020 - 06:04 PM (IST)
ਪਟਿਆਲਾ (ਪਰਮੀਤ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਪਤਾ ਸਰੂਪ ਮਾਮਲੇ ਵਿਚ ਘਰ-ਘਰ ਪਹੁੰਚ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗਿਣਤੀ ਕਰਨ ਦੀ ਮੁਹਿੰਮ ਆਰੰਭੀ ਹੈ।ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਪੰਜਾਬ 'ਚ ਹਰ ਉਸ ਗੁਰਦੁਆਰਾ ਸਾਹਿਬ ਜਾਂ ਉਸ ਥਾਂ 'ਤੇ ਜਾਣਗੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਸ਼ੋਭਿਤ ਹਨ। ਸ਼੍ਰੋਮਣੀ ਕਮੇਟੀ ਨੇ ਆਪਣੀ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਪ੍ਰਾਈਵੇਟ ਰਿਹਾਇਸ਼ਾਂ 'ਤੇ ਵੀ ਪਹੁੰਚ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗਿਣਤੀ ਕਰਨ ਤੇ ਉਨ੍ਹਾਂ ਦੇ ਪ੍ਰਕਾਸ਼ਨਾ ਦੀ ਥਾਂ ਪਤਾ ਲਾਉਣ ਵਾਸਤੇ ਕਿਹਾ ਹੈ।
ਇਹ ਵੀ ਪੜ੍ਹੋ: ਥਾਣੇ ਦੇ ਘਿਰਾਓ ਮਗਰੋਂ ਧਰਮਸੋਤ ਦੀ ਰਿਹਾਇਸ਼ ਬਾਹਰ 'ਆਪ' ਨੇ ਮੁੜ ਲਾਇਆ ਧਰਨਾ,ਕੀਤੀ ਇਹ ਮੰਗ
ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੀ ਬਦੌਲਤ ਗੁਰੂ ਗ੍ਰੰਥ ਸਾਹਿਬ ਦੇ ਹਰ ਸਰੂਪ ਦਾ ਪਤਾ ਲੱਗ ਜਾਵੇਗਾ ਤੇ ਮੁਹਿੰਮ ਦਾ ਮਕਸਦ ਲਾਪਤਾ ਸਰੂਪ ਲੱਭਣਾ ਹੈ। ਉਸਨੇ ਕਿਹਾ ਕਿ ਇਕ ਵਾਰ ਸਾਨੂੰ ਇਕ ਅਜਿਹਾ ਸਰੂਪ ਲੱਭ ਗਿਆ ਤਾਂ ਫਿਰ ਅਸੀਂ ਕੜੀ ਜੋੜ ਲਵਾਂਗੇ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸਰੂਪ ਤੇ ਇਕ ਲੜੀ ਨੰਬਰ ਹੁੰਦਾ ਹੈ।ਧਰਮ ਪ੍ਰਚਾਰ ਕਮੇਟੀ ਵਲੋਂ ਜਾਰੀ ਪੱਤਰ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਹਰੇਕ ਲੜੀ ਨੰਬਰ ਤੇ ਹਰ ਸਰੂਪ ਦਾ ਵੇਰਵਾ ਲਿਆਉਣ ਦੇ ਹੁਕਮ ਦਿੱਤੇ ਹਨ। ਇਸ ਵਾਸਤੇ ਦੋ ਪ੍ਰਫਾਰਮੇ ਵੀ ਜਾਰੀ ਕੀਤੇ ਗਏ ਹਨ, ਜਿਸ ਵਿਚ ਇਹ ਲਿਖਿਆ ਜਾਵੇਗਾ ਕਿ ਸਰੂਪ ਕਿਸੇ ਦੇ ਘਰ 'ਚ ਸੀ ਜਾਂ ਗੁਰਦੁਆਰਾ ਸਾਹਿਬ 'ਚ ਹੈ। ਇਹ ਪ੍ਰਕਿਰਿਆ ਇਕ ਹਫਤੇ ਦੇ ਅੰਦਰ-ਅੰਦਰ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ।ਗਿਆਨੀ ਪ੍ਰਣਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨੇ ਇੱਥੇ ਕਈ ਟੀਮਾਂ ਨੂੰ ਕਿਵੇਂ ਕੰਮ ਕਰਨਾ ਹੈ, ਉਸਦੀ ਸਿਖਲਾਈ ਦਿੱਤੀ ਹੈ। ਇਸੇ ਤਰੀਕੇ ਦੀ ਸਿਖਲਾਈ ਸਾਰੇ ਪੰਜਾਬ 'ਚ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ