ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਤੋਂ ਬਾਅਦ ਹੋਰ ਸੁਚੇਤ ਹੋਈ ਸ਼੍ਰੋਮਣੀ ਕਮੇਟੀ, ਚੁੱਕਿਆ ਜਾ ਸਕਦਾ ਹੈ ਇਹ ਕਦਮ
Monday, May 15, 2023 - 05:40 PM (IST)
ਅੰਮ੍ਰਿਤਸਰ (ਸਰਬਜੀਤ) : ਹੈਰੀਟੇਜ ਸਟਰੀਟ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਾਲੀ ਸਾਈਡ ਗਾਲਿਆਰਾ ਬਾਗ਼ ਵਿਚ ਹੋਏ ਧਮਾਕਿਆਂ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਹੋਰ ਵੀ ਵਧਾ ਦਿੱਤਾ ਗਿਆ ਹੈ। ਇਕ-ਇਕ ਦਿਨ ਬਾਅਦ ਹੋਈਆਂ ਇਨ੍ਹਾਂ ਤਿੰਨਾਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੁਚੇਤ ਹੋ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹਏ ਸੇਵਾਦਾਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਸਾਮਾਨ ਸਮੇਤ ਦਾਖ਼ਲ ਹੋਣ ਵਾਲੇ ਸ਼ਰਧਾਲੂਆਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਵਾਲੇ ਰਸਤਿਆਂ 'ਤੇ ਜਲਦ ਸਕੈਨਰ ਲਗਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਜਾਰੀ ਕੀਤੇ ਸੰਮਨ, ਜਾਣੋ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਸਰਾ ਗੇਟ, ਘੰਟਾ ਘਰ ਬਾਹੀ, ਸਕੱਤਰੇਤ ਬਾਹੀ, ਬਾਜ਼ਾਰ ਪਾਪੜਾ ਵਾਲਾ ਗੇਟ, ਆਟਾ ਮੰਡੀ ਗੇਟ ਅਤੇ ਬਾਬਾ ਅਟੱਲ ਰਾਏ ਸਾਹਿਬ ਬਾਹੀ 'ਤੇ ਤਾਇਨਾਤ ਸੇਵਾਦਾਰ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੇ ਯਾਤਰੀਆਂ 'ਤੇ ਪੂਰੀ ਨਜ਼ਰ ਰੱਖ ਰਹੇ ਹਨ। ਇੱਥੇ ਤੱਕ ਕਿ ਦੇਸ਼-ਵਿਦੇਸ਼ ਤੋਂ ਆਏ ਯਾਤਰੀਆਂ ਦੇ ਸਾਮਾਨ ਦੀ ਪੜਤਾਲ ਕੀਤੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਪਰਿਕਰਮਾ ਅਤੇ ਕੁਝ ਸਰਾਵਾਂ ਵਿਚ ਪੱਕੀ ਰਿਹਾਇਸ਼ ਰੱਖਣ ਵਾਲਿਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਸ਼ੱਕੀ ਵਿਅਕਤੀਆਂ ਦੇ ਦਾਖ਼ਲੇ ਨੂੰ ਵੀ ਰੋਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਤੋਂ ਖਫ਼ਾ ਪਿਓ-ਪੁੱਤ ਨੇ ਧੀ ਨੂੰ ਦਿੱਤੀ ਦਰਦਨਾਕ ਮੌਤ, ਪ੍ਰੇਮੀ ਦੇ ਹੋਏ ਕਤਲ ਮਗਰੋਂ ਖੁੱਲ੍ਹੇ ਵੱਡੇ ਭੇਤ
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜੈਪੂਰ ਤੋਂ ਆਏ ਨਿਤੀਨ, ਦਿੱਲੀ ਤੋਂ ਆਏ ਬਲਬੀਰ ਸਿੰਘ, ਜਲੰਧਰ ਤੋ ਆਈ ਅਵਨੀਤ ਕੌਰ ਸਮੇਤ ਸੰਗਤਾਂ ਨੇ ਪ੍ਰਬੰਧਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਮੋਬਾਇਲ ਦੀ ਵਰਤੋਂ ਬੰਦ ਕਰਵਾਈ ਜਾਵੇ। ਮੋਬਾਇਲ ਦੀ ਵਰਤੋਂ ਦੇ ਨਾਲ ਜਿੱਥੇ ਕੁਝ ਸ਼ਰਾਰਤੀ ਲੋਕ ਗੁਰੂ ਘਰ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਉੱਥੇ ਹੀ ਗ਼ਲਤ ਢੰਗ ਦੇ ਨਾਲ ਤਸਵੀਰਾਂ ਲੈ ਕੇ ਮਰਿਆਦਾ ਨੂੰ ਭੰਗ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।