ਤਾਲਮੇਲ ਕਮੇਟੀ ’ਚ ਸ਼ਾਮਲ ਕਰਨ ’ਤੇ ਕਈ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੂੰ ਪੈ ਨਿਕਲੇ

Saturday, Dec 03, 2022 - 12:23 PM (IST)

ਜਲੰਧਰ (ਲਾਭ ਸਿੰਘ ਸਿੱਧੂ)– ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਬਣਾਈ ਗਈ ਤਾਲਮੇਲ ਕਮੇਟੀ ਦੇ ਆਗੂ ਹੀ ਉਨ੍ਹਾਂ ਨੂੰ ਪੈ ਨਿਕਲੇ ਅਤੇ ਬਰਾੜ ’ਤੇ ਜ਼ਬਰਦਸਤ ਹਮਲਾ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਬਰਾੜ ਨੇ ਸਾਨੂੰ ਪੁੱਛੇ ਬਿਨਾਂ ਹੀ ਸਾਡੇ ਨਾਂ ਤਾਲਮੇਲ ਕਮੇਟੀ ’ਚ ਘਸੋੜ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਲਵਿੰਦਰਪਾਲ ਸਿੰਘ ਪੱਖੋਕੇ, ਰਵੀਕਰਨ ਸਿੰਘ ਕਾਹਲੋਂ, ਸੁੱਚਾ ਸਿੰਘ ਛੋਟੇਪੁਰ ਅਤੇ ਗਗਨ ਬਰਨਾਲਾ ਨੇ ਕਿਹਾ ਕਿ ਜਗਮੀਤ ਬਰਾੜ ਜਿਸ ਪਾਰਟੀ ’ਚ ਵੀ ਗਏ, ਉਸ ’ਚ ਹੀ ਉਸ ਨੇ ਬਗਾਵਤ ਕੀਤੀ ਅਤੇ ਪਾਰਟੀ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਰਾੜ ਨੂੰ ਪਾਰਟੀ ’ਚ ਪੂਰਾ ਮਾਣ-ਸਤਿਕਾਰ ਦਿੱਤਾ ਪਰ ਉਨ੍ਹਾਂ ਨੂੰ ਹਜ਼ਮ ਨਹੀਂ ਹੋਇਆ, ਉਲਟਾ ਪਾਰਟੀ ਨੂੰ ਕਮਜ਼ੋਰ ਕਰਨ ਲੱਗ ਪਏ ਹਨ।

ਸੁਖਬੀਰ ਬਾਦਲ ਦੀ ਅਗਵਾਈ ’ਚ ਪੂਰਨ ਭਰੋਸਾ ਹੈ : ਰਵੀਕਰਨ ਕਾਹਲੋਂ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਸਪੱਸ਼ਟ ਕੀਤਾ ਹੈ ਕਿ ਬਰਾੜ ਵੱਲੋਂ ਆਪੇ ਬਣਾਈ ਕਮੇਟੀ ਵਿਚ ਉਨ੍ਹਾਂ ਦਾ ਨਾਂ ਕਿਵੇਂ ਤੇ ਕਿਉਂ ਪਾਇਆ ਗਿਆ, ਇਸ ਗੱਲ ’ਤੇ ਉਹ ਹੈਰਾਨ ਹਨ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸੀ ਹਨ ਤੇ ਰਹਿਣਗੇ ਵੀ। ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੂਰਨ ਭਰੋਸਾ ਹੈ। ਉਹ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਆਪਣੇ ਸਤਿਕਾਰਯੋਗ ਪਿਤਾ ਜੀ ਨਿਰਮਲ ਸਿੰਘ ਕਾਹਲੋਂ ਦੀ ਵਿਰਾਸਤ ਲਈ ਪੂਰੀ ਜ਼ਿੰਦਗੀ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਮੇਸ਼ਾ ਮੇਰੇ ’ਤੇ ਵੱਡੇ ਭਰਾ ਵਾਂਗੂ ਹੱਥ ਰੱਖਦੇ ਹਨ। ਮੈਂ ਵਫਾਦਾਰ ਸਿਪਾਹੀ ਹਾਂ ਅਤੇ ਵਫਾਦਾਰ ਸਿਪਾਹੀ ਰਹਾਂਗਾ।
ਉਨ੍ਹਾਂ ਨੇ ਬਰਾੜ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਮਾਣ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਅਤੇ ਪਾਰਟੀ ਲੀਡਰਸ਼ਿਪ ਦਾ ਡੱਟ ਕੇ ਅਤੇ ਵਫ਼ਾਦਾਰੀ ਨਾਲ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਬਰਾੜ ਨੂੰ ਕਹਿਣਾ ਚਾਹੁੰਦੇ ਹਨ ਕਿ ਇਹ ਸਮਾਂ ਨਹੀਂ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਵਿਖਾਈਏ ਕਿਉਂਕਿ ਜਿਸ ਪਾਰਟੀ ਨੇ ਇੰਨਾ ਮਾਣ ਦਿੱਤਾ, ਉਸ ਨਾਲ ਹਮੇਸ਼ਾ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾੜਾ-ਚੰਗਾ ਸਮਾਂ ਆਉਂਦਾ-ਜਾਂਦਾ ਰਹਿੰਦਾ ਹੈ ਅਤੇ ਬੰਦਾ ਉਹੀ ਹੁੰਦਾ ਹੈ ਜੋ ਔਖੇ ਸਮੇਂ ਵਿਚ ਨਾਲ ਖੜ੍ਹਾ ਹੋਵੇ

ਇਹ ਵੀ ਪੜ੍ਹੋ : ਆਈ. ਐੱਸ. ਆਈ. ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਬਣਾ ਰਿਹਾ ਆਪਣਾ ਟਾਰਗੇਟ: ਮਨਿੰਦਰਜੀਤ ਸਿੰਘ ਬਿੱਟਾ

ਤਾਲਮੇਲ ਕਮੇਟੀ ਨਾਲ ਕੋਈ ਲੈਣਾ-ਦੇਣਾ ਨਹੀਂ : ਛੋਟੇਪੁਰ

ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਵੀ ਸਪਸ਼ਟ ਕੀਤਾ ਕਿ ਬਰਾੜ ਵਲੋਂ ਬਣਾਈ ਤਾਲਮੇਲ ਕਮੇਟੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਹ ਇਸ ਵਿਚ ਸ਼ਾਮਲ ਹੋਏ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਹਨ ਅਤੇ ਰਹਿਣਗੇ। ਬਰਾੜ ਨੂੰ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ।

ਬਰਾੜ ਨੇ ਕਈ ਪਾਰਟੀਆਂ ਬਦਲੀਆਂ : ਪੱਖੋਕੇ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਹੈ ਕਿ ਬਰਾੜ ਵਲੋਂ ਬਣਾਈ ਤਾਲਮੇਲ ਕਮੇਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ, ਉਹ 45 ਸਾਲਾਂ ਤੋਂ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਰਹਿਣਗੇ। ਇਕ ਬਿਆਨ ਵਿਚ ਪੱਖੋਕੇ, ਜੋ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ ਹਨ, ਨੇ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਕਿ ਬਰਾੜ ਨੇ ਤਾਲਮੇਲ ਕਮੇਟੀ ਵਿਚ ਉਨ੍ਹਾਂ ਦਾ ਨਾਂ ਕਿਵੇਂ ਸ਼ਾਮਲ ਕਰ ਲਿਆ। ਉਨ੍ਹਾਂ ਕਿਹਾ ਕਿ ਉਹ ਨਾ ਕਦੇ ਬਰਾੜ ਨੂੰ ਮਿਲੇ ਹਨ, ਨਾ ਫੋਨ ’ਤੇ ਗੱਲਬਾਤ ਕੀਤੀ ਹੈ ਤੇ ਨਾ ਹੀ ਉਨ੍ਹਾਂ ਨੇ ਤਾਲਮੇਲ ਕਮੇਟੀ ਵਿਚ ਨਾਂ ਸ਼ਾਮਲ ਕਰਨ ਲਈ ਉਨ੍ਹਾਂ ਦੀ ਕੋਈ ਸਹਿਮਤੀ ਲਈ ਹੈ। ਉਨ੍ਹਾਂ ਕਿਹਾ ਕਿ ਬਰਾੜ ਨੇ ਆਪ ਭਾਵੇਂ ਕਈ ਪਾਰਟੀਆਂ ਬਦਲ ਲਈਆਂ ਪਰ ਅਸੀਂ 45 ਸਾਲਾਂ ਤੋਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਵਿਚ ਕੰਮ ਕੀਤਾ ਹੈ ਅਤੇ ਪਾਰਟੀ ਵਿਚ ਨਿੱਕੇ ਤੋਂ ਵੱਡੇ ਅਹੁਦਿਆਂ ਤਕ ਕੰਮ ਕੀਤਾ ਹੈ। ਸਾਡੇ ਪ੍ਰਧਾਨ ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਹਨ। ਉਨ੍ਹਾਂ ਬਰਾੜ ਨੂੰ ਆਖਿਆ ਕਿ ਉਨ੍ਹਾਂ ਕਿੰਨੀਆਂ ਹੀ ਪਾਰਟੀਆਂ ਬਦਲ ਲਈਆਂ ਹਨ ਤੇ ਕਿਸੇ ਇਕ ਦੇ ਵਫਾਦਾਰ ਬਣ ਕੇ ਤਾਂ ਕੰਮ ਕਰ ਲੈਣ। ਉਹ ਇਕ ਸਾਲ ਵੀ ਕਿਸੇ ਵੀ ਪਾਰਟੀ ਦੇ ਅੰਦਰ ਨਹੀਂ ਟਿਕ ਰਹੇ ।

ਇਹ ਵੀ ਪੜ੍ਹੋ :  12ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਸੁੰਨਸਾਨ ਥਾਂ 'ਤੇ ਲਿਜਾ ਕੇ ਕੀਤਾ ਜਬਰ-ਜ਼ਿਨਾਹ

ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹਾਂ : ਬਰਨਾਲਾ

ਸ਼੍ਰੋਮਣੀ ਅਕਾਲੀ ਦਲ ਸੀਨੀਅਰ ਨੇਤਾ ਗਗਨ ਬਰਨਾਲਾ ਨੇ ਸਪੱਸ਼ਟ ਕੀਤਾ ਕਿ ਬਰਾੜ ਨੇ ਕਮੇਟੀ ਬਣਾਉਣ ਸਮੇਂ ਨਾ ਤਾਂ ਮੇਰੇ ਨਾਲ ਤਾਲਮੇਲ ਕੀਤਾ ਅਤੇ ਨਾ ਹੀ ਸਲਾਹ ਮਸ਼ਵਰਾ ਕੀਤਾ ਤੇ ਫਿਰ ਵੀ ਮੇਰਾ ਨਾਂ ਕਮੇਟੀ ’ਚ ਸ਼ਾਮਲ ਕਰ ਦਿੱਤਾ। ਮੇਰਾ ਇਸ ਕਮੇਟੀ ਨਾਲ ਕੋਈ ਸਰੋਕਾਰ ਨਹੀਂ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਰਹਾਂਗਾ। ਮੇਰੇ ਪਰਿਵਾਰ ਨੇ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News