ਬਰਨਾਲਾ ਤੋਂ ਸਾਬਕਾ ਐੱਮ.ਪੀ. ਅਕਾਲੀ ਦਲ ਟਕਸਾਲੀ 'ਚ ਹੋਇਆ ਸ਼ਾਮਲ

Thursday, Jan 10, 2019 - 04:21 PM (IST)

ਬਰਨਾਲਾ ਤੋਂ ਸਾਬਕਾ ਐੱਮ.ਪੀ. ਅਕਾਲੀ ਦਲ ਟਕਸਾਲੀ 'ਚ ਹੋਇਆ ਸ਼ਾਮਲ

ਬਰਨਾਲਾ(ਪੁਨੀਤ,ਵਿਵੇਕ ਸਿੰਧਵਾਨੀ, ਰਵੀ)— ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਟਕਸਾਲੀ ਨੇਤਾਵਾਂ ਨੇ ਆਪਣੀ ਨਵੀਂ ਬਣਾਈ ਪਾਰਟੀ 'ਸ਼੍ਰੋਮਣੀ ਅਕਾਲੀ ਦਲ ਟਕਸਾਲੀ' ਵਿਚ ਅੱਜ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਬਰਨਾਲਾ ਦੇ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 'ਸ਼੍ਰੋਮਣੀ ਅਕਾਲੀ ਦਲ ਟਕਸਾਲੀ' ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਰਾਜਦੇਵ ਸਿੰਘ ਖਾਲਸਾ ਬਰਨਾਲਾ ਅਤੇ ਸੰਗਰੂਰ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਮਜ਼ਬੂਤ ਕਰਨਗੇ।

PunjabKesari

ਇਸ ਦੌਰਾਨ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਉਨ੍ਹਾਂ ਨੇ ਸਿੱਖਾਂ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਬ੍ਰਹਮਪੁਰਾ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦੁਆ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਬੇਅਦਬੀ 'ਤੇ ਰੋਸ ਮਾਰਚ ਕੱਢਣ ਵਾਲੇ ਸਿੱਖ ਨੌਜਵਾਨਾਂ 'ਤੇ ਬਾਦਲ ਪਰਿਵਾਰ ਨੇ ਗੋਲੀਆਂ ਵਰ੍ਹਾਈਆਂ। 8 ਸਾਲ ਸੁਖਬੀਰ ਨੇ ਜੰਮ ਕੇ ਪੰਜਾਬ ਨੂੰ ਲੁੱਟਿਆ। ਰੇਤਾ-ਬੱਜਰੀ ਅਤੇ ਹੋਰ ਕਾਰੋਬਾਰਾਂ 'ਤੇ ਇਸ ਨੇ ਕਬਜ਼ਾ ਜਮਾ ਲਿਆ। ਉਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਹੀ ਸਾਨੂੰ ਟਕਸਾਲੀ ਅਕਾਲੀ ਦਲ ਦਾ ਗਠਨ ਕਰਨਾ ਪਿਆ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਨਾ ਤਾਂ ਕਾਂਗਰਸ ਨਾਲ ਗੱਠਜੋੜ ਕਰੇਗਾ ਤੇ ਨਾ ਹੀ ਅਕਾਲੀ ਦਲ ਨਾਲ। ਹੋਰ ਪਾਰਟੀਆਂ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ। ਗਠਜੋੜ ਕਰਨ ਲਈ ਭਗਵੰਤ ਮਾਨ ਵੀ ਮੇਰੇ ਕੋਲ ਆਏ ਸਨ। ਉਨ੍ਹਾਂ ਕਿਹਾ ਕਿ ਮੈਨੂੰ ਅਰਵਿੰਦ ਕੇਜਰੀਵਾਲ ਨੇ ਭੇਜਿਆ ਹੈ। ਅਜੇ ਹੋਰ ਦਲਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਹੋਇਆ।


author

cherry

Content Editor

Related News