ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹਮਖਿਆਲੀਆਂ ਨਾਲ ਏਕਤਾ ਲਈ ਹਰ ਸਮੇਂ ਤਿਆਰ : ਬ੍ਰਹਮਪੁਰਾ

07/23/2020 9:33:35 PM

ਮੋਹਾਲੀ, (ਪਰਦੀਪ)- ਅਸੀਂ ਸਮੁੱਚੇ ਪੰਥਕ ਧੜਿਆਂ ਵਿਚ ਏਕਤਾ ਦੇ ਹਾਮੀ ਹਾਂ ਪਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੋਂਦ ਹਮੇਸ਼ਾ ਬਰਕਰਾਰ ਰਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ। ਜਥੇਦਾਰ ਬ੍ਰਹਮਪੁਰਾ ਨੇ ਉਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ, ਜਿਨ੍ਹਾਂ ਵਿਚ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਰਲੇਵਾਂ ਬਾਦਲ ਜਾਂ ਢੀਂਡਸਾ ਦੇ ਡੈਮੋਕ੍ਰੇਟਿਕ ਦਲ ਵਿਚ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖਬਰਾਂ ਕਿਸੇ ਸ਼ਰਾਰਤੀ ਦਿਮਾਗ ਦੀ ਕਾਢ ਹਨ। ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਇਸੇ ਮਹੀਨੇ ਦੇ ਅਖੀਰ ਤਕ ਪਾਰਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਵਿਖੇ ਅਤੇ ਸਬ ਆਫਿਸ ਦਾ ਚੰਡੀਗੜ੍ਹ ਵਿਖੇ ਉਦਘਾਟਨ ਕੀਤਾ ਜਾਵੇਗਾ। ਪਾਰਟੀ ਦੀ ਮੈਂਬਰਸ਼ਿਪ ਭਰਤੀ ਕਰਨ ਲਈ ਇਕ ਲੱਖ ਭਰਤੀ ਪਰਚੀਆਂ ਵਰਕਰਾਂ ਤਕ ਪਹੁੰਚਾਈਆਂ ਜਾਣਗੀਆਂ। ਕੋਰ ਕਮੇਟੀ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਅਤੇ ਅਕਾਲੀ ਦਲ 1920 ਦੇ ਆਗੂਆਂ ਨੇ ਜਥੇਦਾਰ ਬ੍ਰਹਮਪੁਰਾ ਨਾਲ ਮੀਟਿੰਗ ਕਰ ਕੇ ਇਕੱਠਿਆਂ ਚੱਲਣ ਦਾ ਜੋ ਫੈਸਲਾ ਕੀਤਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀ ਫੜੋ-ਫੜੀ ਦੀ ਸਖਤ ਨਿੰਦਾ ਕਰਦਿਆਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਸਰਕਾਰੀ ਦਮਨਕਾਰੀ ਨੀਤੀਆਂ ਬੰਦ ਕਰਨ ਦੀ ਅਪੀਲ ਕੀਤੀ ਗਈ ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਤੀ ਸ਼ਾਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਿਵਾਸ ਸਥਾਨ ’ਤੇ ਹੋਈ ਹੰਗਾਮੀ ਮੀਟਿੰਗ ਵਿਚ ਕੋਰ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਾਹਿਬ ਸਿੰਘ ਬਡਾਲੀ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਭਾਗ ਲਿਆ ਜਦਕਿ ਤਿੰਨ ਕੋਰ ਕਮੇਟੀ ਮੈਂਬਰਾਂ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਮੱਖਣ ਸਿੰਘ ਨੰਗਲ ਅਤੇ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਨਾਲ ਫੋਨ ’ਤੇ ਗੱਲਬਾਤ ਕਰ ਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਵਿੱਖ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਏਕਤਾ ਦੀ ਕਿਸੇ ਸ਼ਰਤ ਤਹਿਤ ਭੰਗ ਨਹੀਂ ਕੀਤਾ ਜਾ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਸਮੇਤ ਕਿਸੇ ਵੀ ਪੰਥਕ ਅਤੇ ਅਕਾਲੀ ਗਰੁੱਪਾਂ ਸਮੇਤ ਹਮਖਿਆਲ ਪਾਰਟੀਆਂ ਨਾਲ ਤੀਸਰੇ ਫਰੰਟ ਵਜੋਂ ਗੱਲਬਾਤ ਕਰ ਕੇ ਏਕਤਾ ਵੱਲ ਵਧਿਆ ਜਾ ਸਕਦਾ ਹੈ ।


Bharat Thapa

Content Editor

Related News